ਅੰਬ ਦੇ ਬੂਟੇ ਨੂੰ ਕੀ ਖ਼ੁਸ਼ੀਆਂ ਆਈਆਂ
ਮੰਜਰੀ ਉਪਰ ਸ਼ਹਿਦ ਦੀਆਂ ਮੱਖੀਆਂ ਦਾ ਝੁਰਮਟ
ਬੂਟੇ ਨੂੰ ਫਲ ਲੱਗੇ,
ਖ਼ੁਸ਼ੀ ਨਾਲ ਟਹਿਣੀਆਂ ਮੱਥਾ ਟੇਕਦੀਆਂ
ਅੰਬ ਦੇ ਬੂਟੇ ਨੂੰ ਪਤਾ ਹੈ
ਹਾਏ ਮੈਂ ਕਿੰਨੀ ਅਯਾਣ ਹਾਂ-
ਪਿਆਰ ਦੀ ਇਕਸੁਰਤਾ ਦੀ ਅਨੰਤ ਬੇਸਬਰੀ ਤੜਫਦੀ,
ਬਾਹਾਂ ਮੈਂ ਉਲਾਰੀਆਂ ਇਧਰ
ਹਾਏ ਜੱਫ਼ੀ ਉਹ ਆਣ ਪਾਏ ਸੁਹੱਪਣ ਸਾਰੀ ਜਗਤ ਦੀ
ਓਧਰ ਕੰਬਦੀਆਂ ਜਵਾਨੀ ਚੜ੍ਹੀ ਫੁੱਲ ਬਾਹਾਂ ਬਸੰਤ ਦੀਆਂ,
ਪਰ ਬਾਹਾਂ ਨਿਰੀਆਂ ਕੰਬਦੀਆਂ,
ਸਮੁੰਦਰਾਂ ਦੇ ਓਸ ਕਿਨਾਰੇ,
ਇਸ ਕਿਨਾਰੇ ਹੁੰਦੇ ਬਸ ਇਸ਼ਾਰੇ ਇਕ ਅਮਿਟਵੀਂ ਚਾਹ ਦੇ
ਗਗਨਾਂ ਦੇ ਗਗਨ ਵਿਚਕਾਰ ਖੜੇ
ਨੈਣ ਮੇਰੇ ਤਿਰਕੁਟੀ ਵਿੱਚ ਜੁੜੇ, ਗਗਨ ਸਾਰੇ ਟਪ ਗਏ,
ਅੰਗ-ਸੰਗ ਰੂਹ ਹੋਇਆ,
ਰੋਮ-ਰੋਮ ਖ਼ੁਸ਼ੀਆਂ
ਇਹ ਆਵੇਸ਼ ਆਇਆ ਮੱਥਾ ਫਰਕਿਆ
ਸਾਰਾ ਤਾਣ ਕਿਸੇ ਖਿੱਚਿਆ
ਨਿਤਾਣ ਕੀਤਾ ਅਨੰਤ ਖ਼ੁਸ਼ੀ ਦੀ ਮੌਤ ਵਿੱਚ
ਜਾਨ ਬੇਜਾਨ ਹੋਈ,
ਇਸ ਮੌਤ ਵਿੱਚ ਹਾਂ ਕੋਈ ਮਿਲਿਆ
ਨੱਢੀ ਉੱਤੇ ਹੱਥ ਆਇਆ ਅਕਾਲ ਦਾ ।