ਨਿਕਲ ਵੇ ਜਿੰਦੇ,
ਹੁਣ ਕਰ ਹੰਭਲਾ,
ਛੱਡ-ਛੱਡ, ਸੁੱਟ ਹੱਥਾਂ ਵਿੱਚੋਂ ਹਿਠਾਹਾਂ ਨੂੰ
ਛੱਡ ਅਮੀਰ ਹੋ ਕੇ ਇਨ੍ਹਾਂ ਮੋਏ ਨਿਵਾਣਾਂ ਦੇ ਅੰਨ੍ਹੇ ਹਨ੍ਹੇਰਿਆਂ ਨੂੰ,
ਛੱਡ ਦਿਲ ਤੰਗੀਆਂ ਖ਼ੁਦਗਰਜ਼ੀਆਂ ਆਸ਼ਾਂ
ਤ੍ਰਿਸ਼ਨਾਂ ਦੀਆਂ ਬਦਬੂਆਂ ਬਦਬਖ਼ਤੀਆਂ,
ਉਹ ਜਿੰਦੇ
ਪਰਬਤਾਂ ਦੀਆਂ ਚੋਟੀਆਂ, ਬੁਲਾਉਂਦੀਆਂ,
ਉਹ ਉੱਚੀਆਂ ਬਰਫ਼ ਦੀਆਂ ਚੋਟੀਆਂ
ਖੜੀਆਂ ਵਾਂਗ ਦੇਵੀਆਂ ਰੂਹ ਨੂੰ ਬੁਲਾਉਂਦੀਆਂ,
ਉਹ ਸਾਹਮਣੇ ਉੱਚੀਆਂ ਚਮਕਦੀਆਂ ਉਚਾਈਆਂ ਲੰਮੇਰੀਆਂ
ਛੱਡ ਇਨ੍ਹਾਂ ਨਿਵਾਣਾਂ ਦੇ ਹੁਸੜਾਂ, ਜਿਨ੍ਹਾਂ ਏਕਾਂਤ ਦੀਆਂ ਗੁਫ਼ੀਂ ਹਨ੍ਹੇਰੀ
ਕੋਠੜੀਆਂ ਇਥੇ ਜਾਲਾਂ ਫਸਿਆਂ ਪੰਛੀਆਂ ਦੀਆਂ ਘਬਰਾਹਟਾਂ ਆਵਾਜਾਰੀਆਂ,
ਬਸ ਆਪ ਸਹੇੜੀਆਂ ਕਮੀਨੀਆਂ ਨਿੱਕੀਆਂ ਕੂੜੀਆਂ ਗੱਲਾਂ ਦੇ ਵੱਡੇ-
ਵੱਡੇ ਪਵਾੜੇ ਹੋਰ ਕੁਝ ਨਾ, ਇਥੇ ਦੇ ਦਾਰੂ ਦਸ ਬੀਮਾਰੀਆਂ ਥੀਂ ਵੀ ਵੱਧ
ਬੀਮਾਰੀਆਂ, ਇਥੇ ਹਨ੍ਹੇਰਿਆਂ ਦੇ ਗ਼ਜ਼ਬ ਦਸ ਉਨ੍ਹਾਂ ਹਨ੍ਹੇਰਿਆਂ ਥੀਂ ਵੀ
ਵੱਧ ਹਨ੍ਹੇਰੇ,
ਛੱਡ ਜਵਾਨਾਂ, ਕਬਰਾਂ ਜਿਹੀਆਂ ਬਣਾ ਕੀ ਮੋਇਆਂ ਵਾਂਗ ਰਹਿਣਾ ਤੇ ਤ੍ਰਿਪਤ
ਜਿਹਾ ਹੋਣਾ ਇਕ ਬੇਇਲਮੇ ਮੁਰਦੇ ਜਿਹੇ ਖ਼ੁਦ ਵਿੱਚ ਇਹ ਖ਼ੁਦੀ
ਦਾ ਮਾਰਨਾ ਖ਼ੁਦੀ ਖ਼ੁਦ ਥੀਂ ਵੱਧ ਇਕ ਰੰਗ ਰੂਹ ਦਾ,