ਪੱਥਰਾਂ ਨੂੰ ਜਾਨ ਰੁਮਕਦੀ ਮੁਰਦਾ ਪੱਥਰਾਂ ਵਿੱਚ ਤਲਵਾਰ ਦੀ ਨੋਕ ਖਭੋਂਦਾ,
ਇਨਸਾਨ ਦੇ ਦਿਲ ਵਿੱਚ ਰੱਬ ਅੰਦਰੋਂ ਆਵਾਜ਼ ਦਿੰਦਾ ।
ਕੁਝ ਡਰ ਨਹੀਂ ਧਰਤੀ ਸਦੀਆਂ ਦੀ ਸੁੱਤੀ ਨੂੰ ਜਗਾਂਦਾ,
ਨੀਲੇ ਘੋੜੇ ਦੀ ਸੁੰਮ ਦੀ ਟਾਪ ਨਾਲ,
ਸੁੰਮ ਦੀ ਆਵਾਜ਼ ਹੁੰਦੀ ਅਸਮਾਨ 'ਤੇ ।
ਧਰਤੀ ਉੱਡਦੀ ਮਹਾਨ ਹੋ, ਉੱਚੀ ਹੁੰਦੀ ਅਰਸ਼ਾਂ ਥੀਂ ਮਹਾਨ ਉਹ !
ਹਨ੍ਹੇਰੇ ਘੁਪ ਘੇਰ ਨੂੰ ਦਿਲ ਬਲਦੇ ਦੀ ਮਸ਼ਾਲ ਨਾਲ ਚੀਰਦਾ,
ਲੱਖਾਂ ਚੀਖ ਉੱਠਦੇ ਆਖਣ ਸਤਿ ਸ੍ਰੀ ਅਕਾਲ ਉਹ !
ਇਕ ਖ਼ਿਆਲ ਦੀ ਮਟਕ ਨਾਲ ਸਾਰਾ
ਅੱਗਾ ਧੁਰ ਨਾਲ ਜੋੜਦਾ ਸੰਸਾਰ ਦਾ,
ਤੇ ਆਪਣੇ ਦਿਲ ਵਿੱਚ ਵਿਛੜੇ ਮਿਲਾਂਦਾ
ਰੱਬੀ ਜ਼ਾਤ ਨੂੰ ।
ਸਭ ਵਾਰ ਦਿੰਦਾ, ਬੋਲਦਾ ਨਹੀਂ,
ਇਕ ਮਾੜੇ-ਮਾੜੇ ਹੱਥ ਪੈਰ ਨਾਲ ਕੰਮ ਕਰਨ ਵਾਲੇ ਮਜੂਰ,
ਪਾਤਸ਼ਾਹ ਦੇਂਦਾ ਹਰ ਇਕ ਨੂੰ ਪਾਤਸ਼ਾਹੀਆਂ ਖੁਲ੍ਹ ਦੀਆਂ
ਕਰਤਾਰ ਜਿਹੜਾ ਸਭ ਨੂੰ ਕਰਤਾਰ ਕਰਦਾ,
ਗਾਂਦਾ ਨਿਰੰਕਾਰ ਪਰ ਮੋਹਿਤ ਉਹ ਅਕਾਰ 'ਤੇ,
ਆਦਮੀ ਦੇ ਮਨੁੱਖ ਨੂੰ ਪਿਆਰਦਾ, ਸੰਵਾਰਦਾ,
ਪਗੜੀ ਜਿਗ੍ਹਾ ਲਾਂਦਾ, ਕਮਰ ਕਟਾਰ ਉਹ,
ਤੇ ਠੋਕ ਪੀਠ ਆਖਦਾ :
'ਜਾਓ ਲੜੋ-ਬੱਚੇ ਮੇਰਿਓ !'