ਪੁਰਖ ਸੂਕਤ ਦਾ ਅਗੰਮ ਗੀਤ ਹਾਏ ! ਕਿੰਜ ਗੂੰਜਦਾ,
ਮਨੁੱਖ ਦਾ ਭਰਿਆ ਦਿਲ ਸਿਫ਼ਤ ਸਲਾਹ ਕਰਤਾਰ ਵਿਚ ਫਟਦਾ,
ਹਾਂ, ਰੱਬ ਆਪ ਬੋਲਦਾ,
ਬ੍ਰਹਮ-ਗਿਆਨ ਨੂੰ ਪ੍ਰਣਾਮ ਹੈ !
ਪਰ ਗੁਰੂ-ਅਵਤਾਰ ਸੁਰਤਿ
ਦੀ ਅੰਦਰ ਥੀਂ ਵੀ ਅੰਦਰ,
ਕਿਸੇ ਅਥਾਹ, ਅਸਗਾਹ,
ਜੀਵਨ ਦੀ ਹਾਲਤ ਦਾ ਸਾਰਾ
ਸਿਫ਼ਤ ਗੀਤ ਹੈ,
ਗੁਰੂ ਪਿਆਰੇ ਨੂੰ ਵੇਦ ਰਿਚਾ ਗਾਉਂਦੀ,
ਇਹ ਹਾਲਤ, ਕੋਈ ਅਕਹਿ ਸਿਫ਼ਤ-ਗੀਤ ਦੀ ਲਖਯਤਾ ਥੀਂ ਵੀ ਸਦਾ ਪਰੈ
ਦੂਰ, ਤੇ ਹੋਰ ਦੂਰ ਵੱਸਦੀ,
ਗੁਰੂ-ਸੁਰਤਿ ਦੀ ਸਿਫ਼ਤ,
ਸਾਰੇ ਉਪਨਿਖਦ ਗਾਉਂਦੇ,
ਹੇਕਾਂ ਬਹੂੰ ਸਾਰੀਆਂ ਹੋਰ ਵਿਚ,
ਪਰ ਨਿਰੋਲ ਸੋਨੇ ਦੀ ਧਾਰੀ ਵਗੀ ਹੈ !
ਪੁਰਖ-ਕਰਤਾਰ ਨਾਮ ਸੋਹਣਾ,
ਬ੍ਰਹਮ-ਵਿੱਦਿਆ ਗੁਰੂ ਛਾਤੀ ਦੱਬੀ ਜਵਾਹਰਾਤ ਦੱਸੀ ਹੈ ।
ਇਥੋਂ ਆਣ ਕਲਮ ਟੁੱਟਦੀ
ਲੂਣ ਦੀ ਪੁਤਲੀ ਜਾਣੇ ਭਾਵੇਂ ਗੁੰਮ ਕੇ ਸਾਰੀ,
ਪਰ ਆਖੇ ਕੀ ਸਾਗਰ ਦੀ ਥਾਹ ਕਿੰਨੀ ਹੈ,
ਮੁੜੇ ਕੌਣ ਦੱਸਣ ਲੂਣ ਸਾਰਾ ਘੁਲਦਾ,
ਹੰਕਾਰ ਕੀ ਦਸੇ ਸੁਰਤਿ ਕੀ ?
ਸੁਰਤਿ ਕੀ ਦੱਸੇ, ਹੁਕਮ ਕੀ ?