ਸਿਪਾਹੀ ਜਰਨੈਲ ਹੋਣ ਥੀਂ ਪਹਿਲਾਂ ਹੀ ਹੁਕਮ ਕਰੇ ਵੀ ਤੇ ਮੰਨੇ ਕੌਣ ?
ਸਿਆਣਾ ਫਿਰ ਕਰੇ ਕਿਉਂ ?
ਸੱਚ ਹੈ ਪੱਕ, ਧੱਕ,
'ਸਿੱਖ-ਸੁਰਤਿ ਗੁਰੂ-ਸੁਰਤਿ ਹੋਂਵਦੀ,
ਵਾਹ ਵਾਹ ਗੁਰੂ ਗੋਬਿੰਦ ਸਿੰਘ, ਆਪੇ ਗੁਰੂ ਚੇਲਾ ਹੈ
ਪੁੱਤ ਇਕ ਦਿਨ ਜ਼ਰੂਰ ਪਿਉਂ ਬਣਨਾ,
ਪਰ ਚੇਲਾ-ਸੁਰਤਿ ਕੱਚੀ, ਹੌਲੇ ਹੌਲੇ ਪੱਕਦੀ,
ਸਾਹਿਬ ਆਖਦੇ—ਤੇਲ ਸਰਿਉਂ ਵਿਚ ਹੈ, ਪਰ ਕੱਚੀ ਪੀੜਨ ਵਿਚ ਤੇਲ ਨਹੀਂ,
ਸੋ ਗੁਰੂ-ਸੁਰਤਿ ਜਾਣਦੀ,
ਗੁਰੂ-ਸੁਰਤਿ ਕੀ ਹੈ, ਕਿਰਤਮ ਕੀ ਜਾਣੇ ਭੇਤ ਕਰਤਾਰ ਦਾ ?
ਕਵੀ ਸਾਰੇ ਜਹਾਨ ਦੇ
ਉਸੇ ਸੁਰਤਿ ਦੀਆਂ ਲਿਸ਼ਕਾਂ, ਝਲਕੇ, ਝਾਵਲੇ ਪਾ, ਉਸ ਨੂੰ ਗਾਉਂਦੇ,
ਗੀਤ ਸਭ ਸਿਫ਼ਤ ਹੈ, ਸ਼ਬਦ ਰੂਪ ਦਾ,
ਬਾਣੀ ਦੀ ਸੁਹਣੱਪ ਦੀ ਝਲਕ ਪਾ ਮਸਤ ਹੋਣ, ਖ਼ੁਸ਼ੀ ਚੀਖਾਂ ਦੇਂਵਦੇ !
ਕਿਰਤਮ-ਗਲੇ ਦੀ ਆਵਾਜ਼ ਸਾਰੀ ਅਨੰਦ ਚੀਖ ਹੈ ਪਾ ਕੇ ਦਰਸ਼ਨ ਉਸ ਸੈਭੰਗ
ਪਿਆਰ ਦਾ,
“'ਗੋਇਟ" ਜਰਮਨੀ ਦਾ ਗਾਉਂਦਾ, ਮਿੱਠਾ, ਉਹ ਕਵੀ ਗੁਰੂ ਸੁਰਤਿ ਦਾ,
ਫ਼ਰਾਂਸ ਦਾ 'ਬੋਰੋ" ਪੀਂਦਾ ਰਸ ਕੀਤਾ, ਉਪਨਿਖਦ ਕਾਵਯ ਦਾ,
"ਐਮਰਸਨ" ਤੇ "ਵਿਟਮੈਨ" ਇਸੇ ਕਾਵਯ ਰਸ 'ਤੇ ਮੋਹੇ ਪਏ,
ਇਨ੍ਹਾਂ ਕਵੀਆਂ ਵਿਚ ਹਨ ਸਿੱਖ-ਸੁਰਤਾਂ ਦੀਆਂ ਚਮਕਾਂ, ਦੂਰ ਕਦੀ ਕਦੀ
ਵੇਖਦੀਆਂ ਗੁਰੂ-ਸੁਰਤਿ ਦੇ ਲਿਸ਼ਕਾਰੇ ਕਰਾਰੇ ।
"ਨਿਤਸ਼ੇ" ਨੂੰ ਝਲਕਾ ਜ਼ਰਾ ਹੋਰ ਡਾਢਾ ਵਜਿਆ ਸੁਰਤਿ ਕਿਸੇ ਭਾਰੀ
ਬਲਕਾਰ ਦਾ,