ਇਹ ਜਰਨੈਲ ਵੀ,
ਪਰ ਧਾਗੇ ਖ਼ਿਆਲਾਂ ਦੇ ਗੁੰਝਲ ਖਾਉਂਦੇ,
ਕੁਝ ਉਸ ਨੂੰ ਨਿਰਾ ਫ਼ਲਸਫ਼ਾ ਸੱਟ ਮਾਰਦਾ,
ਕੁਝ ਮਨੁੱਖ-ਇਤਿਹਾਸ ਦੀ ਗਵਾਹੀ ਕੁੜੀ ਸੱਚੀ ਲਗਦੀ,
ਇਤਿਹਾਸ ਕੂੜ ਸਦਾ ਸਾਰਾ, ਸਭ ਗੱਲ ਬਾਹਰ, ਬਾਹਰ ਦੀ,
ਗੁਰ ਸਿੱਖੀ ਵਿਚ ਜਿਹੜੀ ਅੰਦਰ ਦੀ ਗੱਲ ਉਹ ਸਾਫ਼ ਨਾਂਹ ਉਹਦੇ ਸਾਹਮਣੇ,
ਹੁਕਮ ਖੇਡ ਦੇ ਰੰਗ ਉਹਦੀ ਅੱਖ ਦੇ ਉਹਲੇ,
ਸਿਪਾਹੀ ਤੇ ਜਰਨੈਲ ਨੂੰ ਬਰਬਰ ਜਿਹਾ ਦੇਖਦਾ,
"ਈਗੋ", "ਅਹੰਮ" ਨੂੰ ਸੁਰਤਿ ਪਛਾਣਦਾ,
ਚੱਕਰ ਖਾਂਦਾ, ਕਦੀ ਹੰਕਾਰ ਨੂੰ ਸਿਧਾ ਕਰ ਉਸ ਨੂੰ ਸੁਰਤਿ ਆਖਦਾ;
ਕਦੀ ਸੁਰਤਿ ਨੂੰ ਆਖੋ ਨਸ਼ੀਲੀ ਉਹ ਕਿਉਂ ਹੈ,
ਜਾਗਦੀ, ਗਰਜਦੀ ਸ਼ੇਰ ਵਾਂਗੂ ਕਿਉਂ ਨਹੀਂ ?
ਨਾਲੇ ਆਖੇ ਮੁਸਲਮਾਣੀ ਕੇਵਲ ਪਿਆਰ ਹੈ,
ਨਾਲੇ ਆਖ ਸੁਰਤਿ ਖਾਹਿਸ਼ਾਂ ਦੀ ਰੋਟੀ ਖਾ ਪਲਦੀ,
ਵਧਾਉ ਖ਼ਾਹਿਸਾਂ, ਵਧ ਅਗੇ, ਮੈਂ ਮੈਂ ਆਖਦੇ ।
ਹੰਕਾਰ ਸੁਰਤਿ ਦੇ ਭੇਤ ਦਾ ਪਤਾ ਨਾਂਹ,
ਗੱਲ ਖੋਹਲ; ਖੋਹਲ ਠੱਪਦਾ, ਮੁਕਦੀ ਨਾਂਹ, ਵੜਦੀ ਮੁੜ ਉਥੇ,
ਜਿਥੋਂ ਉਹ ਕਢਣ ਦੀ ਕਰਦਾ,
ਠੀਕ ਇਹ ਵੀ ਕੁਝ ਕੁਝ ਹੈ,
ਗੱਲਾਂ ਇਹ ਸਭ ਕੁਝ ਕੁਝ ਹਨ ਵੀ ਮਿਲਵੀਆਂ,
ਮਿਲਵੀਆਂ, ਅਕਲ ਇਨ੍ਹਾਂ ਨੂੰ ਪੂਰਾ ਖੋਹਲ ਨਾ ਸਕਦੀ, ਸਿਦਕ ਖੁਹਲਦਾ, ਸੁਰਤਿ ਆਪੇ
ਪਛਾਣਦੀ, ਕਹਿਣ ਦੀ ਲੋੜ ਨਾਂਹ,
ਕਹਿਣ ਕੁਹਾਣ ਦੀ ਥਾਂ ਨਾਂਹ,
ਵੇਲੇ, ਵੇਲੇ ਦੀ ਖੇਡ ਕੋਈ,
ਹਾਂ ਵੀ, ਨਾਂਹ ਵੀ, ਗੱਲ ਵਿਚੋਂ ਅਸਲਾਂ ਹੋਰ ਹੈ ! ਹੋਰ ਵੀ !