ਉਸ ਨੂੰ ਗੁਰੂ ਚੰਗਾ ਲੱਗਦਾ,
ਜਿਸ ਨੂੰ ਗੁਰੂ ਆਪ ਪਹਿਲੇ ਪਿਆਰਦਾ,
ਇਉਂ ਤਾਂ ਅਜ ਗੁਰੂ ਗ੍ਰੰਥ ਘਰ, ਘਰ ਬਰਾਜਦਾ,
ਪਰ ਵਿਰਲਾ ਕੋਈ ਜਾਣਦਾ, ਗੁਰੂ-ਸੁਰਤਿ ਕਿਥੇ ਬੋਲਦੀ,
ਗੁਰੂ ਗ੍ਰੰਥ ਕਿੰਜ ਘੁੰਡ ਚੁੱਕਦਾ, ਪੀਰਾਂ ਦੇ, ਫ਼ਕੀਰਾਂ ਦੇ, ਪੈਗੰਬਰਾਂ ਦੇ,
ਰਿਸ਼ੀਆਂ ਦੇ,
ਅਵਤਾਰਾਂ ਦੇ; ਤੇ ਕਿੰਜ ਖੋਹਲਦਾ ਆਤਮ-ਸੁਰਤਿ ਭੇਤ ਨੂੰ,
ਪਰ ਗੁਰੂ ਗ੍ਰੰਥ ਦੇ ਸੁਹਣੇ ਹੱਥ ਪੈਰ ਨੂੰ ਦਿੱਸਦੇ ?
ਉਹ ਰੰਗੀਲਾ ਗੁਰੂ ਮੁੜ ਮੁੜ ਦੱਸਦਾ, ਹਾਏ ! ਕੌਣ ਤੱਕਦਾ ?
ਸਾਡੇ ਕੰਨ ਵਿਚ ਅੱਜ ਖ਼ਬਰੇ ਕਾਗਤ ਖੜਕਦੇ,
ਦੇਸ ਸਾਰੇ ਹੱਥ ਅਖ਼ਬਾਰ ਹੈ, ਦੇਸ ਸਾਰਾ ਮਨ ਫਸਿਆ,
ਮੁੜ ਹਨੇਰੇ ਰੋੜ੍ਹਿਆ,
ਬਾਬਾ ਮਿਹਰ ਕਰੇ !
ਘਰ, ਘਰ, ਗੁਰੂ ਵੱਸਦਾ ਪੰਜਾਬ ਵਿਚ,
ਘਰ, ਘਰ ਬਰਕਤ ਵੱਸਦੀ,
ਪਰ ਨੈਣ ਸਾਡੇ ਮੁੜ ਮਨ-ਬੰਦ ਨੈਣ ਹੋਏ,
ਗੁਰੂ ਦੀ ਮਿਹਰ ! ਨੈਣ ਮੋੜਦੇ !
ਇਥੇ ਅਜ ਜ਼ਾਹਰਾ ਜ਼ਹੂਰ ਸਾਡਾ ਗੁਰੂ ਗ੍ਰੰਥ ਹੈ
ਗੁਰੂ ਇਹ ਆਪ ਜਰਨੈਲ ਹੈ,
ਲੱਖਾਂ ਫ਼ੌਜਾਂ ਤਾਂਬੇ ਇਸ ਗੁਰੂ ਸੂਰਮੇ,
ਵੱਖਰਾ ਸਿੱਖ ਹੋ ਸਕਦਾ ਨਹੀਂ ਵੱਖਰਾ ਅੰਧਕਾਰ ਹੰਕਾਰ ਹੈ !
ਸਿੱਖ ਇਤਿਹਾਸ ਸਾਰਾ,
ਬਾਣੀ ਦਾ ਟੀਕਾ
ਸੁਰਤਿ ਦੇ ਭੇਤ ਦਾ,
ਸੁਹਣਾ ਦਸ ਅਵਤਾਰ ਹੈ !
ਛਬੀ ਸਾਰੀ ਮਿਲਵੀਂ, ਮਿਲਵੀਂ,
ਵੱਖ ਵੇਖਣਾ ਪਾਪ ਹੈ,