२
ਸੁਰਤਿ ਇਸ ਖਿੱਚੇ ਖਿੱਚੇ ਸਵਾਦ ਵਿਚ,
ਸ੍ਵੈ-ਸਿੰਘਾਸਨ ਬੈਠੀ, ਲਹਿਰ ਦੀ,
ਅੱਧ-ਮੀਟੇ ਨੈਣ ਇਹ
ਖਿਚੀ, ਖਿਚੀਂਦੀ ਤਰਬ ਦੀ ਤਾਨ ਜਿਹੀ,
ਇਹ ਤਾਰ ਰਬਾਬ ਦੀ,
ਮੁੜ ਮੁੜ ਸਾਂਈਂ ਕੱਸਦਾ,
ਮੁੜ ਮੁੜ ਕਸੀਂਦੀ, ਕੰਬਦੀ,
ਹਵਾਵਾਂ ਦੇ ਸਵਾਸ ਛੇੜਨ,
ਦਿਨ ਰਾਤ ਗਾਂਦੀ ਅੱਠ ਪਹਿਰੀ ਰਸ ਦਾ ਰਾਗ ਇਹ,
ਇਹ ਨਸ਼ੀਲੀ, ਰੰਗੀਲੀ, ਕੁੱਲੀ, ਭੁੱਲੀ ਸ੍ਰਪਨ-ਫੁੱਲ ਕੱਜੀ ਕੱਜੀ ਸੁਰਤਿ ਇਹ,
ਬੱਝੀ ਬੱਝੀ, ਖਿੜੀ ਖਿੜੀ, ਹਰੀ, ਹਰੀ, ਰਸੀਲੀ, ਸੁਰਤਿ ਇਹ,
ਸਿੱਖ ਦੀ ਅਣਗਉਲੀ ਜਿਹੀ, ਹੌਲੀ ਜਿਹੀ, ਰੋਲੀ ਜਿਹੀ ਮੈਂ ਹੁੰਦੀ ।
३
ਇਹ 'ਸਾਧ-ਮੈਂ' ਪਿਆਰੀ,
ਚਰ, ਅਚਰ ਵੇਖ ਖੁਸ਼ਦੇ ।
ਮ੍ਰਿਗਾਂ ਦੇ ਸਿੰਙ ਇਹਦੀ ਨੰਗੀ-ਪਿੱਠ ਖੁਰਕਦੇ,
ਚਿੜੀਆਂ ਇਹਦੇ ਨੈਣਾਂ ਬੀ ਰਸ-ਬੂੰਦਾਂ ਟਪਕਦੀਆਂ, ਪੀ, ਪੀ,
ਰੱਜਦੀਆਂ, ਮੂੰਹ ਉੱਪਰ ਚੱਕਦੀਆਂ ਤੱਕਦੀਆਂ ਘੁੱਟ, ਘੁੱਟ ਭਰਦੀਆਂ,
ਸਵਾਦ ਦੇ, ਲਿਓ ਭਰਥਰੀ ਜੀ ਵੀ ਆਖਦੇ :
ਇਸ ਨੂੰ ਅੱਧਮੀਟੀ ਅੱਖ ਵਾਲੀ ਸੁਹਣੀ ਰਾਣੀ ਨੂੰ,
ਸਭ ਥਾਂ, ਸਭ ਚਾਅ, ਸਭ ਰਸ ਸਤਿਕਾਰਦੇ