ਚੁਗਿਰਦੀ ਚਲਦਾ ਇਹਦੇ ਪ੍ਰਭਾਵ ਇਕ ਠੰਢ ਦਾ
ਇਹ ਰਾਣੀ ਟੁਰਦੀ ਸੁਖ ਦਾ ਮੀਂਹ ਪਾਂਵਦੀ,
ਇਹਦੀ ਬਾਹਾਂ ਦੇ ਉਲਾਰ ਥੀ ਰਸ-ਬੂੰਦਾਂ ਢਹਿੰਦੀਆਂ,
ਇਹਦੀ ਹੰਸ-ਚਾਲ, ਲੱਖਾਂ ਨੂੰ ਮਾਰ, ਮਾਰ ਚੱਲਦੀ !
ਬੁੱਧ-ਵੇਲੇ ਦੀ ਉਨਰ ਦੀ ਅੱਖ ਇਹ,
ਨਿਰਵਾਨ ਸੁਖ ਪਾਏ ਮਨੁੱਖ ਦੀ ਅੱਖ,
ਇਹ ਮੈਂ' ਦਾ 'ਅਮੈਂ' ਜਿਹਾ ਸੱਚਾ ਸਰੂਪ ਹੈ ।
ਇੱਥੇ 'ਮੈਂ" 'ਮੈਂ' ਨ ਸੱਭਦੀ,
ਇੱਥੇ 'ਮੈਂ'' 'ਮੈਂ" ਨੂੰ ਨਾ ਪਾਲਦੀ,
ਮੈਂ ਬੱਸ ਇਕ ਮੌਜ ਅਕਹਿ ਅਨੰਦ ਦੀ, ਨਿੱਕੀ ਨਿੱਕੀ ਰਵੀ, ਰੁਮਕੇ ਸਮੁੰਦਰਾਂ 'ਤੇ,
ਸਮੁੰਦਰਾਂ ਦੇ ਸਮੁੰਦਰ ਬੱਝੇ ਖੜੇ ਅਧਮੀਟੀ ਅੱਖ ਵਿਚ !
ਅਨੰਤ ਜੋ, ਅਨੰਤ 'ਹੈ' ਅਨੰਤ ਰਸ ਇਥੇ ਸਖੋਪਤ ਰਸ ਮਾਣਦਾ,
ਬਲਵਾਨ ਰੱਬ ਸਾਰਾ ਬੇਅੰਤ, ਬੇਨਿਆਜ਼ ਪਿਆਰਾ, ਇਸ ਅਧਖਿੜੇ ਫੁੱਲ ਦੀ
ਗੋਂਦ ਵਿਚ ਸਾਰਾ ਸਮਾਉਂਦਾ !
੪
ਹੰਕਾਰ ਨੂੰ ਜਗਾਣਾ,
ਹੈ ਕਮਜ਼ੋਰ ਕਰਨਾ ਬਲਵਾਨ ਨੂੰ,
ਹੰਕਾਰ ਨੂੰ ਆਖਣਾ ਸ਼ੇਰ ਤੂੰ,
ਇਹ ਟੇਕ ਕੱਖ ਦੀ ।
ਸ਼ੇਰ ਵਾਂਗ ਉਠਾਣਾ ਇਸ ਨੂੰ,
ਨਿੱਕੇ ਮ੍ਰਿਗਾਂ ਨੂੰ ਮਾਰਨਾ,
ਮਾਰ, ਮਾਰ, ਕੀ ਸੁਰਤਿ ਪਲਦੀ ?