ਉਹ ਉੱਪਰਲੇ ਲੋਕੀ ਤ੍ਰੈਕਾਲ ਦਰਸ਼ੀ ਜਾਨਣ, ਅਸੂਲਾਂ ਦਾ ਘੜਨਾ,
ਗੰਦਾ, ਬੰਦਾ, ਹੈਵਾਨ-ਵਹਿਸ਼ੀ ਮਨ ਦੀ
ਤ੍ਰਿੱਖੀ ਛੁਰੀ ਨਾਲ ਗੱਲਾਂ ਕਤਰ, ਕਤਰ, ਲੁਤਰ, ਲੁਤਰ ਸੁਟਦਾ
ਆਖੇ ਇਹ ਅਸੂਲ ਕਾਇਨਾਤ ਦੇ ।
ਮਨ ਦੀ ਅੰਨ੍ਹੀਂ ਹਨੇਰੀ ਵਿਚ ਬੈਠਾ ਦਰਜ਼ੀ,
ਘੜਦਾ ਮਨ ਦੀਆਂ ਚਤੁਰਾਈਆਂ ਮੁੜ, ਮੁੜ,
ਆਖੇ ਇਹ ਅਸੂਲ ਰੱਬ ਦੇ,
ਜੀਵਨ ਇਹ, ਨੇਮ ਇਹ ਅਟੱਲਵੇਂ,
ਈਸਾ, ਬੁੱਧ ਨੂੰ ਪਿਛੋਂ ਸੁੱਟੇ,
ਨਕਲਾਂ ਬਣਾਵੇ, ਅਸਲ ਨਕਲ ਦੇ ਸਾਹਮਣੇ ਫਿੱਕੀ ਫਿੱਕੀ ਦਸੋ, ਚੰਚਲ ਭਾਰਾ
ਮਨ ਦਾ ।
ਇਹੋ ਜਿਹੀਆਂ ਨਕਲ-ਗੱਲਾਂ ਇਥੇ ਨਾ ਚੱਲਣ,
ਇਹ ਜੀਵਨ-ਖੇਤਰ ਰੱਬ ਦੀ ਪੈਲੀ,
ਇਥੇ ਬੀਜ ਉਗੇ ਜਿਸ ਵਿਚ ਰੱਬ ਸੱਤਾ।
ਮਨ ਘੜਤ ਗੱਲਾਂ ਕੂੜੇ ਟੱਬੂ ਸਾਰੇ,
ਸਿੱਕਾ ਦਿਲ ਦੀ ਬਸਤੀ ਚਲੇ, ਸੱਚੀ ਸਰਕਾਰ ਦਾ ।
੮
ਸੈਣਾਂ ਰੱਬ ਦੇ ਪਿਆਰ ਵਿਚ,
ਪੀ ਪੀ ਅੰਮ੍ਰਿਤ ਦੀਦਾਰ ਦੀਆਂ ਪਿਆਲੀਆਂ,
ਜਾਗਣਾ ਉਥੋਂ ਅਹੰਕਾਰ ਹੈ,
ਹੋਸ਼ ਪਰਤਣੀ ਪਾਪ ਹੈ
ਬੇਹੋਸ਼ ਜਿਹਾ ਲੇਟਣਾ ਸਦੀਆਂ, ਚਿੱਟੀ ਚਾਦਰ ਤਾਣ ਕੇ,
ਇਥੇ ਉਹ ਬਲ ਹੈ, ਜਿਸ ਦੀ ਖ਼ਾਕ ਵਿਚ ਰੁਲਦੇ ਫਿਰਦੇ ਲੱਖਾਂ ਤਖ਼ਤ ਤੇ ਤਾਜ,