Back ArrowLogo
Info
Profile
ਇਕ ਮਿਕਨਾਤੀਸੀ ਤੇ ਬਿਜਲੀ ਜਿਹੀ ਚੁਮਟ ਹੈ ਤੇ ਬਸ ਕਵੀ-ਚਿੱਤ ਦੇ ਆਵੇਸ਼ਕ ਫਾੜਨ ਤੇ ਖਿਲਾਰਨ ਦੀ ਢਿੱਲ ਹੈ ਕਿ ਬਿਨਾ ਕਿਸੇ ਦੇਰੀ ਦੇ ਝਟਾ ਪੱਟ ਥਾਈਂ ਪਰ ਥਾਈਂ ਜਾ ਆਕਰਖਿਤ ਹੁੰਦੀਆਂ ਹਨ।ਇਹਦਾ ਉਦਾਹਰਣ ਦੇਣਾ ਇਥੇ ਚੰਗਾ ਹੋਵੇਗਾ। ਕਵੀ ਆਪਣੇ ਇੰਦ੍ਰਿਆਂ ਤੇ ਸਰੀਰ ਨੂੰ ਵਗਦੇ ਜਲ ਵਾਂਗ ਨਿੱਸਲ ਸੁਟੀ ਰੱਖਦਾ ਹੈ। ਬਸ ਕਵੀ-ਚਿੱਤ ਇਕ ਹੈ, ਜਿਹੜਾ ਸਦਾ ਕੰਮ ਕਰਦਾ ਬੀ ਅਕ੍ਰੈ ਹੈ। ਓਹ ਧਰਤ ਵਾਂਗ, ਜਲ ਵਾਂਗ, ਆਕਾਸ਼ ਵਾਂਗ ਅਡੋਲ, ਨਿਰਮਲ, ਨਿਰਸੰਕਲਪ, ਠੰਢੇ ਸਾਗਰ ਵਾਂਗ-ਜਿਸ ਤੇ ਲਹਿਰਾਂ ਸਭ ਸੁੱਤੀਆਂ ਪਈਆਂ ਹਨ-ਰਹਿੰਦਾ ਹੈ, ਤੇ ਇਸੀ ਕਰਕੇ ਉਸਦੇ ਨਿੱਸਲ ਸੁੱਤੇ, ਪਰ ਬੜੀ ਤੇਜ਼ ਚਾਲ ਵਾਲੇ ਚਿੱਤ ਤੇ ਕੁਦਰਤ ਤੇ ਦਿਲ ਦੇ ਅੰਦਰ ਦੇ ਅਕਸ ਪੈਂਦੇ ਹਨ। ਕੁਦਰਤ ਥੀਂ ਉੱਚੀ ਦੁਨੀਆਂ, ਉੱਚੀ ਰੂਹਾਨੀ ਦੁਨੀਆਂ ਦੇ ਝਾਵਲੇ ਪੈਂਦੇ ਹਨ, ਸੋ ਇਸ ਕਵੀ-ਚਿਤ ਦੀ ਨਿੱਸਲਤਾ ਤੇ ਅਕ੍ਰੈਤਾ ਇਕ ਆਪ-ਮੁਹਾਰੀ ਸਹਜ ਸੁਭਾ ਜੀਵਨ ਅਵਸਥਾ ਹੈ, ਜਿਹੜੀ ਉਹਨੂੰ ਕਿਸੀ ਸਾਧਨ ਨਾਲ ਨਹੀਂ, ਆਪ-ਮੁਹਾਰੀ ਪ੍ਰਾਪਤ ਹੈ ਤੇ ਇਸ ਪ੍ਰਾਪਤੀ ਕਰਕੇ ਉਹ ਕਵੀ-ਚਿਤ ਹੈ। ਇਹ ਬੜੀ ਵਿਰਲੀ ਤੇ ਅਮੋਲਕ ਜੀਵਨ ਅਵਸਥਾ ਹੈ, ਜਿਹੜੀ ਕਿਸੀ ਕਿਸੀ ਨੂੰ ਪ੍ਰਾਪਤ ਹੁੰਦੀ ਹੈ ਤੇ ਇਸ ਕਰਕੇ ਕਵੀ ਵਿਰਲਾ ਵਿਰਲਾ ਕੋਈ ਕੋਈ ਕਦੀ ਕਦੀ ਹੁੰਦਾ ਹੈ ॥

ਹੁਣ ਇਨ੍ਹਾਂ ਅਕਸਾਂ ਤੇ ਬਾਵਲਿਆਂ ਦੇ ਦੋ ਵੱਖਰੇ ਵੱਖਰੇ ਅਸਰ ਹੁੰਦੇ ਹਨ । ਇਕ ਤਾਂ ਚਿੱਤ੍ਰਾਂ ਦੇ ਨਵੇਂ ਸੱਜਰੇ ਖ਼ਾਕੇ ਸੁਝ ਸੁਝ ਆਪ ਮੁਹਾਰੇ ਅੰਦਰ ਖਿਚੀਂਦੇ ਹਨ ਤੇ ਆਪ ਮੁਹਾਰੇ ਅੰਦਰ ਪਏ ਲਟਕਦੇ ਹਨ।

ਇਹ ਘਾੜਾ ਖਿਆਲ ਫੁਰਨੇ ਦੇ ਖ਼ਾਕੇ ਹਨ, ਅਨੇਕਾਂ (ਸੰਕਲਪ-ਚਿਤ੍ਰ) ਅੰਦਰ ਲਟਕਦੇ ਹਨ, ਇਹ ਅਸਰ ਤਾਂ ਇਨ੍ਹਾਂ ਆਵੇਸ਼ਾਂ ਦੇ ਆਗਮਨ ਦਾ ਕਵੀ ਅਸਰ ਹੁੰਦਾ ਹੈ, ਇਕ ਟਿਕ ਆਵੇਸ਼ ਦੇ ਅਨੇਕ ਰੂਪ ਬਣ ਕੇ ਅੰਦਰ ਲਟਕ ਜਾਂਦੇ ਹਨ। ਮੁਕੰਮਲ ਕੋਈ ਨਹੀਂ ਹੁੰਦਾ, ਕੋਈ ਖ਼ਾਕਾ ਪੂਰਾ, ਕੋਈ ਅੱਧਾ, ਕੋਈ ਇਕ ਲਕੀਰ ਹੀ ਜਿਹੀ, ਕੋਈ ਇਕ ਰੰਗ ਜਿਹਾ ਕੰਬਦਾ ਅੰਦਰ ਆ ਪੈਂਦਾ ਹੈ ਤੇ ਇਕ ਨਵੀਂ ਪਰ, ਤਿਹਾਂ ਵਿੱਚ ਅਣਉਗੜੀ ਦੁਨੀਆਂ ਬਣਨ ਦਾ ਪ੍ਰਭਾਵ ਪੈ ਜਾਂਦਾ ਹੈ ਤੇ ਦੂਜਾ ਅਸਰ ਸਮੇਂ ਤੇ ਘੜੀ, ਪਲ ਦੇ ਰੰਗ ਤੇ ਮਸਤੀ ਤੇ ਬੇਹੋਸ਼ੀ ਅਨੁਸਾਰ ਇਕ ਬਿਜਲੀ ਵਾਂਗ ਕਰਤਾਰੀ ਅੱਗ ਕੂੰਦ ਪੈਂਦੀ ਹੈ। ਉਹ ਲਿਸ਼ਕਾਂ ਅੰਦਰ ਵੜ ਅੱਧੀ ਉਗੜੀ ਚਿੱਤ੍ਰ ਕਵੀ-ਚਿੱਤ ਦੀ ਚਿੱਤ੍ਰ ਦੁਨੀਆਂ ਨੂੰ ਲੋੜੀਦਾ ਰੰਗ, ਰੂਪ ਅਥਵਾ ਰੰਗ ਰੂਪ ਦੇ ਅਣੂ ਤੇ ਪ੍ਰਮਾਣੂ ਦਿੰਦੀ ਹੈ। ਕਵੀ ਸਹਿਜ ਸੁਭਾ ਬਿਨਾਂ ਪ੍ਰਯੋਜਨ ਇਕ ਥਾਂ ਤੇ ਖੜਾ ਕਿਸੀ ਹੋਰ ਕੰਮ ਖੜਾ ਹੈ, ਕੁਛ ਸੌਦਾ ਲੈ ਰਿਹਾ ਹੈ ਤੇ ਉਥੇ ਅਚਾਨਚਕ ਇਕ ਬੜੀ ਰੂਪਵਤੀ ਕੋਈ ਕੰਨਯਾ ਕਿਸੇ ਹੋਰ ਕੰਮ ਆਈ ਹੈ। ਕਵੀ ਦੀ ਅੱਖ ਨੇ ਬੱਸ ਇਕ ਬਿਜਲੀ ਦੀ ਲਿਸ਼ਕ ਜਿਹੇ ਆਵੇਸ਼ੀ ਚਾਨਣੇ ਵਿੱਚ ਉਸ ਕੁੜੀ ਦੇ ਰੂਪ ਵਲ ਤੱਕਿਆ ਤੇ ਉਹਦੇ ਭਰਵੱਟੇ ਦੀ ਕਾਲਖ ਦਿਲ ਨੂੰ ਚੰਗੀ ਲੱਗੀ, ਯਾ ਕੰਨ ਦਾ ਝੁਮਕਾ ਹਿਲਦਾ ਦਿਲ ਨੂੰ ਛੋਹ ਗਿਆ, ਅੱਖ ਦੇ ਪਲਕਾਂ ਵਿੱਚ ਦੀ ਕੋਈ ਲਿਸ਼ਕ ਪਵਿਤ੍ਰਤਾ ਦੈਵਸੱਤਾ ਦੀ ਸੀ, ਇਕ ਇੰਨੇ ਬੜੇ ਅਸਗਾਹ ਰੂਪ ਵਿੱਚੋਂ ਸਾਡੇ ਕਵੀ ਨੂੰ ਪਤਾ ਨਹੀਂ ਕੀ ਚੰਗਾ ਲੱਗਿਆ? ਸਮਾ ਲੰਘ ਗਿਆ ਆਪ ਨੂੰ ਕੁਛ ਪਤਾ ਨਹੀਂ, ਨਜ਼ਾਰਾ ਕਵੀ ਜੀ ਨੂੰ ਭੁੱਲ ਗਿਆ, ਪਰ ਦਸ ਸਾਲ ਬਾਦ ਆਪ ਦੇ ਅੰਦਰੋਂ ਇਕ ਬਣਿਆ ਪੂਰਾ ਚਿੱਤ੍ਰ ਨਿਕਲਿਆ, ਜਿਸ ਵਿੱਚ ਉਹ ਉਸ ਦਿਨ ਦੇਖੀ ਚੰਗੇ ਲੱਗੇ ਅੰਗ ਯਾ ਰੰਗ ਯਾ ਰੂਪ ਦੀ ਝਲਕ, ਪਲਕ, ਮਟਕ, ਅਦਾ ਜੋ ਕੁਛ ਸੀ ਉਹੋ ਇੰਨ-ਬਿੰਨ ਆਪਦੀ ਤਸਵੀਰ ਵਿੱਚ ਆਈ ਪਈ ਹੈ, ਆਪਨੇ ਨਹੀਂ ਕੁਛ ਕੀਤਾ। ਇਹ ਆਪ ਦੇ ਕਵੀ-ਚਿੱਤ ਦੀ ਸਹਿਜ ਸੁਭਾ ਰਸਿਕ ਕਿਰਤ ਹੈ । ਇਉਂ ਸਹਿਜ ਸਭਾ ਆਪ-ਮੁਹਾਰੀ ਕਵੀ-ਚਿੱਤ ਦੀਆਂ ਘਾੜਾਂ ਹੁੰਦੀਆਂ ਹਨ । ਨਿੱਕਾ ਨਿੱਕਾ ਜਗਤ ਵਿੱਚੋਂ ਕੋਈ ਕੋਈ ਰੂਪ ਰੰਗ ਚੰਗਾ ਲੱਗਣਾ, ਬੱਸ ਇਹ ਅਠਪਹਿਰੀ ਠਕ ਠਕ ਹੈ, ਜੇਹੜੀ ਬੁੱਤ ਘੜਦੀ ਹੈ। ਕਵਿਤਾ ਅਰਥਾਤ ਕਵੀ-ਚਿੱਤ ਦੀ ਰਸਿਕ ਕਿਰਤ, ਓਹ ਨਹੀਂ ਜੇਹੜੀ ਬਣ ਬਾਹਰ ਆਂਦੀ ਹੈ, ਜਿਸ ਵੇਲੇ ਬਣ ਕੇ ਚਿੱਤ੍ਰ ਅਥਵਾ ਬੁੱਤ ਬਾਹਰ ਆਯਾ, ਉਹ ਕਵਿਤਾ ਨਹੀਂ ਰਹਿੰਦੀ, ਉਹ ਤਾਂ ਜਗਤ ਵਿੱਚ ਹੋਰ ਲੱਖਾਂ ਜੁੱਸੇ ਵਾਲੀਆਂ ਸ਼ਰੀਰੀ ਸੁਹਣੱਪਾਂ ਵਾਂਗ ਇਕ ਸਥੂਲ ਸੁਹਣੱਪ ਹੈ,

19 / 100
Previous
Next