ਜੇਹੜੀ ਇੰਦ੍ਰੀਆਂ ਦਵਾਰਾ ਰਸ ਦੇ ਸਕਦੀ ਹੈ। ਕਵਿਤਾ ਸੁੱਧ ਅੰਦਰ ਦਾ ਕੋਈ ਜੀਵਨ ਰੰਗ ਹੈ, ਜਿਸ ਨੂੰ ਸਾਖੀ ਆਤਮਾ ਆਪਣੇ ਆਪ ਵਿੱਚ ਅਨੁਭਵ ਕਰਦਾ ਹੈ। ਹਾਂ, ਜਦ ਇੰਦ੍ਰੀਆਂ ਦਵਾਰਾ ਓਸ ਸੋਹਣੀ ਚੀਜ਼ ਨੂੰ, ਰਾਗ ਗੋਂਦ ਨੂੰ, ਚਿੱਤ ਨੂੰ, ਘਾੜ ਨੂੰ, ਗਾਣ ਵਾਲੀ ਕਿਸੀ ਸਨਅਤ ਨੂੰ ਜਦ ਮੁੜ ਅੰਦਰ ਰਸ ਰੂਪ ਕਰ ਲੈ ਜਾਈਏ ਉਹ ਕਵਿਤਾ ਹੋ ਜਾਂਦੀ ਹੈ। ਕਵਿਤਾ ਤਾਂ ਕੈਫੀਅਤ ਦਾ ਨਾਂ ਹੈ, ਇਕ ਖਾਸ ਉੱਚੇ ਦਰਜੇ ਬਿਨ ਟੋਟ ਕਿਸੀ ਕੈਫ ਤੇ ਸਰੂਰ ਦਾ ਨਾਂ ਹੈ, ਕਵਿਤਾ ਜੀਵਨ ਦੀ ਇਕ ਅੰਦਰਲੀ ਰਸ ਭਰੀ ਅਵਸਥਾ ਦਾ ਨਾਂ ਹੈ। ਸੋਹਣੀਆਂ ਚੀਜ਼ਾਂ, ਰਾਗਾਂ, ਰੰਗਾਂ, ਬੁੱਤਾਂ, ਚਿੱਤਾਂ ਨੂੰ ਤੱਕ ਕੇ ਜਦ ਅੱਖਾਂ ਆਪ ਮੁਹਾਰੀਆਂ "ਵਾਹ, ਵਾਹ" ਕਰਦੀਆਂ ਮੀਟ ਜਾਂਦੀਆਂ ਹਨ ਤੇ ਸਵਾਦ ਜਿਸਮ ਤੇ ਤੁਚਾ (ਖਲੜੀ) ਸਾਰੀ ਵਿੱਚ ਇਕ ਕਾਮ ਭਰੀ ਖਿੱਚ ਵਾਂਗ ਫੈਲ ਜਾਂਦਾ ਹੈ, ਘੁਲ ਜਾਂਦਾ ਹੈ ਤੇ ਦਿਲ ਸ਼ਹੁ ਦਰਿਯਾ ਹੋ ਵਗਦਾ ਹੈ, ਸਤੋਗੁਣ ਸ਼ਾਂਤੀ ਦਾ ਮੀਂਹ ਅੰਦਰ ਬਾਹਰ ਪੈਂਦਾ ਹੈ ਤੇ ਅਨੰਤ ਰਸ ਦੀ ਚੰਚਲ ਬਿਹਬਲਤਾ ਵਿੱਚ ਇਕ ਬੱਝ ਰਸ-ਸਮਾਧੀ ਦਾ ਰੰਗ ਹੁੰਦਾ ਹੈ, ਉਹ ਕਵਿਤਾ ਹੈ! ਸੁਹਣੱਪ ਦੀ ਖਿੱਚ ਖਾਕੇ ਰੋਮ ਰੋਮ ਦੇ ਖਿਚੀਂਣ ਦੀ ਬੇਚੈਨੀ ਦਾ ਜਿੰਦਾ ਰਸ ਹੈ । ਜੀ, ਸੁਰਤ, ਮਨ ਆਦਿ ਓਸ ਖਿੱਚ ਵਿੱਚ ਸਦਾ ਅਫੁਰ, ਅਡੋਲ, ਜਲ ਵਿੱਚ ਮੀਨ ਵਾਂਗ ਰਸ ਭਿੱਜੇ, ਰਸ ਗੁੱਝੇ, ਰਸ ਡੁੱਬੇ, ਰਸ ਰੂਪ ਹੁੰਦੇ ਹਨ, ਪਰਮ ਨਿੱਸਲਤਾ ਤੇ ਸਮਾਧੀ ਬੀ ਅਵਸਥਾ ਹੈ, ਜੇਹੜੀ ਆਪਣੀ ਅੰਦਰਲੀ ਰਸਕ ਸੁਤੰਤ੍ਰਤਾ ਤੇ ਆਤਮ ਰਸ ਲੀਨਤਾ ਵਿੱਚ ਬੇਪ੍ਰਵਾਹ ਹੋ ਠਹਿਰ ਚੁੱਕੀ ਹੈ, ਟਿਕ ਗਈ ਹੈ । ਇਸ ਟਿਕਾ ਦਾ ਨਾਂ ਕਵਿਤਾ ਹੈ ਅਰ ਕਵਿਤਾ ਨਿਰੀ ਅੱਖਰਾਂ ਵਿੱਚ ਰਾਗ ਗੋਂਦ ਦਾ ਨਾਮ ਨਹੀਂ, ਇਹ ਤਾਂ ਇਕ ਜੀਵਨ-ਆਵੇਸ਼ ਹੈ, ਜਿਹੜਾ ਪੱਥਰਾਂ ਵਿੱਚ, ਚਿੱਤਾਂ ਵਿੱਚ, ਆਪਣੇ ਹੱਥ ਦੀਆਂ ਕਿਰਤਾਂ ਵਿੱਚ, ਆਪਣੀ ਪਿਆਰ-ਸੇਵਾ ਵਿੱਚ, ਆਪਣੇ ਹਰ ਖਿਆਲ, ਕੰਮ ਕਾਜ ਵਿੱਚ, ਜਿੱਥੇ ਕਿਧਰੇ ਰਾਗ-ਗੋਂਦ ਗੁੰਦ ਦੇਂਦਾ ਹੈ। ਕੋਈ ਸਮਾਂ ਹੁੰਦਾ ਹੈ, ਰਸ ਦੀ ਫੁਹਾਰ ਨੈਣਾਂ ਥੀਂ ਵਹਿੰਦੀ ਹੁੰਦੀ ਹੈ। ਹੋਠ ਖੁਲ੍ਹੇ ਹੁੰਦੇ ਹਨ ਤੇ ਉਨਾਂ ਥੀਂ ਭਰੇ ਰਸ ਮਨੁੱਖ ਦਾ ਰੰਗ ਤੇ ਲਾਲੀਆਂ ਬਾਹਰ ਹੋ ਰਹੀਆਂ ਹੁੰਦੀਆਂ ਹਨ । ਉਸ ਵਕਤ ਉਹ ਕਵਿਤਾ ਦੇ ਆਵੇਸ਼ ਵਿੱਚ ਹੈ ਓਹਦੀ ਨਾੜ ਨਾੜ ਉੱਠਦੀ ਹੈ, ਓਹਦੀ ਛੋਹ ਰਾਗ ਗੋਂਦ ਹੁੰਦੀ ਹੈ, ਓਹਦੀ ਤੱਕ ਵਿੱਚ ਅਸਰ ਹੁੰਦਾ ਹੈ । ਜੀਵਨ ਦੀ ਕੋਈ ਅਵਸਥਾ ਜਿਸ ਵਿੱਚ ਇਹ ਰੱਬੀ ਦੈਵੀ ਛੋਹ ਹੈ, ਉਹ ਕਵਿਤਾ ਦੀ ਅਵਸਥਾ ਹੈ। ਓਸ ਥੀ ਹਿਠਾਹਾਂ ਭਾਵੇਂ ਕਿੰਨਾ ਢੋਲ ਢਮੱਕਾ ਹੋਵੇ, ਕੁਛ ਹੋਵੇ ਕਵਿਤਾ ਨਹੀਂ ਹੋ ਸਕਦੀ, ਭਾਵੇਂ ਕੋਈ ਸਿਰ ਥੀਂ ਪੈਰ ਤੱਕ ਉਲਟਾ ਪਿਆ ਹੋਵੇ॥
ਸੋ ਕਵੀ-ਚਿੱਤ ਸਦਾ ਆਪਮੁਹਾਰੀ ਨਿੱਸਲਤਾ ਵਿੱਚ ਹੁੰਦਾ ਹੈ, "ਭੋਲੇ ਭਾਵ ਮਿਲੇ ਰਘੁਰਾਇਆ", ਉਹਦੇ ਜੀਵਨ ਦੀ ਜਿਗਰੀ ਲੋੜ ਇਹ ਹੈ ਤੇ ਇਹ ਸੂਝ ਉਹਨੂੰ ਰੱਬ ਨੇ ਆਪਮੁਹਾਰੀ ਦਿੱਤੀ ਹੁੰਦੀ ਹੈ ।
ਸਰਲਤਾ ਯਾ ਅੰਦਰ ਦੇ ਗੂੜ੍ਹੇ ਰੰਗ ਦੀ ਸਚਾਈ ਜਿਹਨੂੰ ਕਹਿੰਦੇ ਹਨ, ਉਹ ਅਭੋਲ ਜਿਹੀ ਅਵਸਥਾ ਵਿੱਚ ਉਹਦੀ ਤਬੀਅਤ ਦਾ ਰੰਗ ਹੁੰਦਾ ਹੈ, ਸਾਰਾ ਦਿੱਸਦਾ ਜਗਤ ਉਹਦੇ ਦਿਲ ਸ਼ੀਸ਼ੇ ਤੇ ਪੈ ਪੈ ਬਾਹਰਲੇ ਦੀ ਅਨਾਤਮਤਾ ਤਿਆਗ ਕੇ ਅੰਤ੍ਰੀਵ ਦੀ ਆਤਮਤਾ ਬਣਦਾ ਹੈ ਤੇ ਕਿਸੀ ਪਦਾਰਥ ਦਾ ਬਾਹਰੋਂ ਉੱਠ ਕੇ ਸਾਡੇ ਅੰਦਰ ਵੜਨ ਤੇ ਵੜਕੇ ਅਪਦਾਰਥ ਹੋ ਸਾਡੇ ਚਿੱਤ ਦੇ ਲੋੜੀਂਦੇ ਰਸ ਵਿੱਚ ਸਮਾ ਜਾਣ ਦਾ ਨਾਂ ਰਸ ਹੈ। ਇਕ ਸਮਾਂ ਕਵੀ ਤੇ ਛਾਂਦਾ ਹੈ ਜਦ ਕੁਲ ਚੀਜਾਂ ਰੱਬ-ਰੂਪ ਵਿੱਚ ਲੀਨ ਹੋ ਰੱਬ ਵਿੱਚ ਸਮਾ, ਰੱਬ ਰੂਪ ਹੋ ਜਾਂਦੀਆਂ ਹਨ।