ਅਕਪਟਤਾ, ਮਜ਼੍ਹਬ ਜਦ ਲੱਭ ਪਵੇ, ਤਦ ਸਹਿਜ ਸੁਭਾ ਪ੍ਰਾਪਤ ਹੁੰਦੀ ਹੈ, ਜਿਵੇਂ ਇਕ ਯਾਤਰੂ ਆਪਣੇ ਰਾਹ ਟੁਰੀ ਜਾਂਦਾ ਹੈ। ਤਿਵੇਂ ਹੀ ਮਜ਼੍ਹਬ ਜਦ ਮਿਲਦਾ ਹੈ ਸਾਨੂੰ ਰਾਹ ਪਾ ਟੋਰੀ ਜਾਂਦਾ ਹੈ, ਅਸੀਂ ਅੱਗੇ ਹੀ ਅੱਗੇ ਪੈਰ ਰੱਖਣ ਤੇ ਮਜਬੂਰ ਹੋ ਜਾਂਦੇ ਹਾਂ। ਇਕ ਵੇਰੀ ਇਕ ਨੀਲੀ ਘੰਟੀ ਵਾਲੇ ਫੁੱਲਾਂ ਦੀ ਬੇਲ ਉਗ ਪਈ ਤੇ ਲੱਗੀ ਅਰਦਾਸ ਕਰਨ "ਹਾਏ ਰੱਬਾ ! ਮੈਂ ਨਾ ਉੱਗਾਂ, ਮੈਂ ਨਾ ਉੱਗਾਂ" । ਓਹ ਭਾਵੇਂ ਆਖਦੀ ਰਹੀ, ਮੈਂ ਨਾ ਉੱਗਾਂ, ਪਰ ਦਿਨ ਬਦਿਨ ਉਹ ਵਧਦੀ ਰਹੀ । ਮਜ਼੍ਹਬ ਤਾਂ ਕੁਛ ਐਸੀ ਚਾਲ ਹੈ, ਜੇ ਅਸੀ ਚਾਹੀਏ ਵੀ ਕਿ ਨਾ ਚਲੀਏ ਉਹ ਚਾਲ ਰੁਕ ਨਹੀਂ ਸੱਕਦੀ, ਸਾਡੀ ਤਰੱਕੀ ਬੰਦ ਨਹੀਂ ਹੋ ਸੱਕਦੀ ॥
ਸਿਦਕ ਨਾਲ ਆਪ-ਮੁਹਾਰਾ ਆ ਜਾਂਦਾ ਹੈ, ਜਦ ਇਕ ਅਭੋਲ ਕੰਨਯਾ ਨੂੰ ਅਸੀ ਮਿਲਦੇ ਹਾਂ ਤੇ ਇਕ ਨੈਨ ਮਟਕੇ ਨਾਲ ਸਾਡੇ ਅਜ਼ਲ ਦੇ ਪਿਆਰ ਪੈ ਜਾਂਦੇ ਹਨ। ਇਕ ਨਿਗਾਹ ਵਿੱਚ ਸਾਨੂੰ ਓਸ ਪਿਆਰ ਵਿੱਚ , ਸਿਦਕ ਆਪ-ਮੁਹਾਰਾ ਆ ਜਾਂਦਾ ਹੈ। ਇਸੇ ਤਰਾਂ ਜਦ ਖੂਹ ਤੇ ਭਰਦੀਆਂ ਪੈਲਸਟੀਨ ਦੀਆਂ ਯੁਵਤੀਆਂ ਈਸਾ ਨੂੰ ਵੇਖਦੀਆਂ ਹਨ ਤੇ ਓਹਦੇ ਵਚਨ ਸੁਣਦੀਆਂ ਹਨ, ਉਨ੍ਹਾਂ ਨੂੰ ਆਪ-ਮੁਹਾਰਾ ਸਿਦਕ, ਯਕੀਨ, ਈਮਾਨ ਓਸ ਮਹਾਂਪੁਰਖ ਪਰ ਆ ਜਾਂਦਾ ਹੈ। ਕੋਈ ਅਕਲ ਦੇ ਸਮਝੌਤੇ ਨਾਲ ਨਹੀਂ, ਰੂਹ ਰੂਹ ਨੂੰ ਸਰੀਰਾਂ ਵਿੱਚੋਂ ਛਾਲਾਂ ਮਾਰ ਮਿਲਦੇ ਹਨ ।ਇਹੋ ਜਿਹੇ ਮੇਲੇ, ਸਿਦਕ ਹਨ। ਬਿਨਾ ਇਹੋ ਜਿਹੇ ਗੁਰਮੁਖਾਂ ਦੇ ਮੇਲਿਆਂ ਅਕਲ ਮਰਦੀ ਨਹੀਂ, ਫੁਰਨੇ ਮਿਟਦੇ ਨਹੀਂ, ਸ਼ੱਕ ਦੂਰ ਨਹੀਂ ਹੁੰਦੇ, ਭਰਮ ਨਹੀਂ ਜਾਂਦੇ। ਰਾਤ ਬਿਨਾ ਸੂਰਜ ਦੇ ਉਦਯ ਹੋਣ ਦੇ ਕਥਨੀਆਂ ਤੇ ਸੋਚਾਂ ਨਾਲ ਤਾਂ ਨਹੀਂ ਲੋਪ ਹੁੰਦੀ ਤੇ ਜਦ ਸੂਰਜ ਉਦਯ ਹੋ ਆਂਦਾ ਹੈ ਤਦ ਰਾਤ ਰਹਿੰਦੀ ਹੀ ਨਹੀਂ । ਮਹਾਂਪੁਰਖਾਂ ਦੇ ਦੀਦਾਰ ਦਰਸ਼ਨ ਵਿੱਚ ਇਕ ਜੀਵਨ ਰੌ ਹੈ, ਜਿਹੜੀ ਸਾਡੇ ਅੰਦਰ ਆਪ-ਮੁਹਾਰੀ ਵਗਣ ਲੱਗ ਜਾਂਦੀ ਹੈ। ਸਾਡੇ ਨੈਨਾਂ ਵਿੱਚ ਅਣਡਿੱਠੇ ਸੱਜਣਾਂ ਤੇ ਰੂਹਾਂ ਦੇ ਦੇਸ਼ਾਂ ਦੀਆਂ ਲਿਸ਼ਕਾਂ ਦੇ ਉਡਾਰੂ ਜਿਹੇ ਝਾਵਲੇ ਮਿਲਵੇਂ ਮਿਲਵੇਂ ਪੈਂਦੇ ਹਨ, ਪ੍ਰਤੀਤ ਆਪ-ਮੁਹਾਰੀ ਆਉਂਦੀ ਹੈ। ਜਿਹਨੂੰ ਅਕਲਾਂ ਵਾਲੇ ਮੌਤ ਸਮਝਦੇ ਹਨ, ਉਹ ਸਿਦਕ ਵਾਲੇ ਹੋਰ ਤਰਾਂ ਵੇਖਦੇ ਹਨ । ਸਾਹਮਣੇ ਜੂ ਉਨ੍ਹਾਂ ਨੂੰ ਲੈਣ ਲਈ ਪ੍ਰਲੋਕ ਦੇ ਦੇਵਤੇ ਆਉਂਦੇ ਹਨ, ਇਹ ਜੀਵਨ ਤਾਂ ਓਨ੍ਹਾਂ ਨੂੰ ਉਸ ਵੇਲੇ ਯਾਤ੍ਰਾ ਦਿੱਸਦੀ ਹੈ ॥
ਸਿਮਰਣ ਅਥਵਾ ਯਾਦ ਇਲਾਹੀ ਜੀਵਨ ਰੂਹਾਨੀ ਹੈ । ਜਦੋਂ ਪਿਆਰਾ ਸਾਹਮਣੇ, ਤਦ ਪਿਆਰ ਦੇ ਦਰਸ਼ਨ ਦਾ ਨਸ਼ਾ ਰੋਮ ਰੋਮ ਵਿੱਚ ਵੱਜਦਾ ਹੈ, ਹੱਡੀ ਹੱਡੀ ਵਿੱਚ ਕੂਕ ਹੁੰਦੀ ਹੈ । ਸ਼ਰੀਰਾਂ ਥੀਂ ਉੱਠ ਰੂਹਾਂ ਦੇ ਮੇਲੇ ਹਨ ਤੇ ਸ਼ਰੀਰਾਂ ਦੇ ਵੀ ਮੇਲੇ ਹਨ । ਰੂਹ ਮਿਲੇ ਪਾਛੇ ਸ਼ਰੀਰਾਂ ਦੀ ਛੋਹ ਵੀ ਗਾੜਾ ਏਕਤਾ ਦਾ ਮੇਲਾ ਹੈ ਤੇ ਜੇ ਰੂਹ ਨਾ ਹੀ ਮਿਲੇ ਤਦ ਸ਼ਰੀਰਾਂ ਦੇ ਮੇਲੇ ਕੋਈ ਮੇਲੇ ਨਹੀਂ, ਮਨ ਮਿਲੇ ਦੇ ਮੇਲੇ ਹੁੰਦੇ ਹਨ । ਤਨ ਮਿਲੇ ਦੀਆਂ ਸਦਾ ਬਿਰਹਾਂ ਦੇ ਦਰਦ ਤੇ ਮਾਯੂਸੀਆਂ ਹੀ ਹਨ, ਤੇ ਜਦ ਪਿਆਰਾ ਓਹਲੇ ਹੋਵੇ ਤਦ ਓਹਦੀ ਯਾਦ ਹੱਡੀਆਂ ਵਿੱਚ ਗੂੰਜੇ, ਇਹ ਯਾਦ ਸਿਮਰਣ ਪਿਆਰ ਦਾ ਦੂਜਾ ਰਸਰੂਪ ਰੂਪ ਹੈ॥
ਸੁਰਤਿ ਨੂੰ ਅੰਦਰੋਂ ਹੀ ਕੜਾਕਾ ਵੱਜਿਆ, ਕੁਛ ਹੋਯਾ । ਹਾਲਤ ਓਹੋ ਹੀ ਹੋ ਗਈ ਜਿਹੜੀ ਪਿਆਰੇ ਦੀ ਹਜ਼ੂਰੀ ਵਿੱਚ ਹੁੰਦੀ ਸੀ, ਜਿਹੜੇ ਪ੍ਰਤੱਖ ਮਿਲਿਆਂ ਦੇ ਰਸ ਸਨ । ਓਹੋ ਪ੍ਰਭਾਵ, ਓਹੋ ਦਿਵਯ ਠੰਢ, ਉਹ ਰੂਹਾਨੀ ਚਾਨਣ, ਸਰੀਰ ਤਾਂ ਕਦੀ ਨਹੀਂ ਅੱਗੇ ਵੀ ਮਿਲੇ ਸਨ, ਸੋ ਅਜ ਵੀ ਸ਼ਰੀਰ ਤਾਂ ਓਥੇ ਦਾ ਓਥੇ ਹੀ ਪਿਆ ਰਿਹਾ, ਇਹ ਕੌਣ ਆ ਗਿਆ ਕਿ ਸੁਰਤ ਨੇ ਕੜਾਕਾ ਖਾਧਾ। ਓਹੋ ਰਸ ਹੋ ਗਿਆ, ਬਸ ਯਾਦ ਵਿੱਚ ਕੁਛ ਗੁੰਮਿਆ ਨਹੀਂ, ਪਿਆਰਾ ਯਾਦ ਵਿੱਚ ਨਾਮ ਹੋ ਗਿਆ ਤੇ ਨਾਮ ਕਿਹੜਾ, ਉਹ ਜਿਹੜਾ ਰੱਬ ਰੂਪ ਆਦਮੀ ਬਣ ਆਇਆ, ਜਿਹੜਾ ਇਕ ਵੇਰੀ ਮਿਲਿਆ ਤੇ ਫਿਰ ਕਦੀ ਨਾ ਵਿਛੜਿਆ ।
ਜਿਸ ਕਦੀ ਨਾ ਛੱਡਿਆ ਮੇਰੇ ਰੂਹ ਦਾ ਰੂਹ, ਸਵਾਸ ਦਾ ਸਵਾਸ, ਮੇਰੀ ਜਿੰਦ ਦੀ ਜਿੰਦ, ਮੇਰੇ ਕੂੜ ਦਾ ਸੱਚ, ਮੇਰੇ ਸੱਚ ਦਾ ਸੱਚ, ਅਕਪਟਤਾ, ਸਿਦਕ, ਧਿਆਨ, ਸਿਮਰਣ ਤੇ ਨਾਮ ਇਹ ਹਨ ਸਭ ਥੀਂ ਉੱਚੇ ਤੇ ਤੀਬਰ ਪਿਆਰ ਦੇ ਵਿਕਾਸ਼ ਤੇ ਪ੍ਰਕਾਸ਼, ਜਿਹਨੂੰ ਮਜ਼੍ਹਬ ਕਹਿਣਾ ਲੋੜੀਏ ॥