ਤਿਵੇਂ ਮਨੁੱਖ ਵੀ ਕੁਦਰਤ ਵਾਂਗ ਕਰਤਾਰੀ ਤੇ ਉਪਜਾਊ ਹੋਣ ਬਿਨਾ ਰਹਿ ਨਹੀਂ ਸੱਕਦਾ। ਆਰਟ ਕਈ ਤਰਾਂ ਦੀ ਰਸਿਕ ਕਿਰਤ ਹੈ, ਜਿਵੇਂ ਪਰਬਤਾਂ ਥੀਂ ਰਵਾਨਾ ਹੋਇਆ ਦਰਿਯਾ ਬਾਗਾਂ ਵਿੱਚ ਫੁੱਲ ਤੇ ਫਲ ਉਪਜਾਊ ਹੈ ਤਿਵੇਂ ਇਹ ਦਿਵਯ ਇਨਸਾਨੀਅਤ ਦਾ ਦਰਿਯਾ ਜਦ ਕੌਮਾਂ ਦੇ ਦਿਲਾਂ ਵਿੱਚੋਂ ਉਨਾਂ ਦੀ ਤੀਬਰ ਸੰਗਿਮ ਦੇ ਦੀਵਾਰਾਂ ਤੇ ਦਰਵਾਜਿਆਂ ਦੇ ਕੁਫਲ ਤੋੜ ਕੇ ਬਾਹਰ ਨਿਕਲਦਾ ਹੈ, ਤਦ ਰਸਿਕ ਕਿਰਤ ਦੀਆਂ ਅਨੇਕ ਤੇ ਸਮੂਹੀ ਕਰਾਮਾਤਾਂ ਵਿੱਚ ਬਦਲਦਾ ਹੈ ਪਰ ਕੇਵਲ ਉਸ ਹਾਲਤ ਵਿੱਚ ਜਦ ਭਗਤੀ ਧਯਾਨੀ ਹੋਵੇ, ਸਮਾਧੀ ਸ਼ਖਸੀ ਹੋਵੇ, ਪਿਆਰ ਕਿਸੀ ਆਦਰਸ਼ ਮਨੁੱਖ ਦਾ ਹੋਵੇ ।ਜਿਸ ਤਰਾਂ ਬੁੱਧ ਮਤ ਵਿੱਚ ਬੁੱਧ ਜੀ ਦਾ, ਜਿਸ ਤਰਾਂ ਈਸਾਈ ਮਤ ਵਿਚ ਈਸਾ ਜੀ ਦਾ, ਤੇ ਸਿੱਖ ਮਤ ਵਿਚ ਗੁਰੂ ਸਾਹਿਬਾਨ ਦਾ, ਬਿਨਾ ਇਸ ਉੱਚੀ ਦਿਵਯ, ਗੁਰਮੁਖ ਦੀ ਪੂਜਾ ਦੇ ਧਨ ਦੇ ਸਿਮਰਣ ਦੇ ਨਾਮ ਦੇ ਆਰਟ ਨਹੀਂ ਉਪਜਦਾ। ਨਿਰਗੁਣ ਬ੍ਰਹਮ ਦਾ ਧਯਾਨ ਜਿਸ ਤਰਾਂ ਦੇ ਪੁਰਾਣੇ ਬ੍ਰਾਹਮਣਾਂ ਨੇ ਚਲਾਇਆ ਸ਼ੂਨਯ ਦਾ ਧਯਾਨ ਹੈ ਉੱਥੇ ਨਾਮਰੂਪ ਮਿਥਯਾ ਹੋਇਆ, ਓਥੇ ਦੇਵੀ ਦੇਵਤਾ ਸੋਹਣਾ ਕੋਝਾ ਹੋਇਆ ਹੀ ਕੋਈ ਨਾ, ਓਥੇ ਆਰਟ ਨਹੀਂ ਉਪਜਦਾ, ਨਾ ਕਿਰਤ ਉਪਜਦੀ ਹੈ, ਓਥੇ ਆਲਸ, ਮੌਤ ਤੇ ਅਪੇਖਯਾ ਆਦਿ ਸ਼ਖਸੀ ਔਗੁਣ ਤੇ ਕੌਮੀ ਮੌਤ ਆਉਂਦੀ ਹੈ। ਬ੍ਰਾਹਮਣਾਂ ਦੇ ਨਿਰਗੁਣ ਬ੍ਰਹਮ ਦੇ ਫਿਲਾਸਫੀ ਦੇ ਚਿੰਤਨ ਕਰਕੇ ਹੀ ਬੁੱਧ ਦੇਵ ਦਾ ਧਯਾਨ ਇਸ ਮੁਲਕ ਵਿੱਚ ਨਾ ਠਹਿਰ ਸਕਿਆ, ਉਹ ਇਸ ਚੌਗਿਰਦੇ ਵਿੱਚ ਜੀ ਨੀ ਨਹੀਂ ਸੱਕਿਆ। ਈਸਾ ਤੇ ਉਹਦੇ ਹਵਾਰੀਆਂ ਨੇ ਪੈਲਿਸਟੀਨ ਵਿੱਚ ਜਾ ਪਨੀਰੀ ਗੱਡੀ ਤੇ ਯੂਰਪ ਵਿੱਚ ਥੋਹੜੇ ਚਿਰ ਲਈ ਉਹੋ ਬੁਧ ਦੇਵ ਦੀ ਸ਼ਖਸੀ ਭਗਤੀ ਵਾਲਾ ਰਸ ਸਿੰਜਰਿਆ ਤੇ ਇਟਲੀ ਦਾ ਆਰਟ ਉਪਜਿਆ ਤੇ ਮੁੜ ਪੰਜਾਬ ਦੀ ਧਰਤੀ ਵਿੱਚ ਗੁਰੂ ਸਾਹਿਬਾਨ ਨੇ ਉਹੋ ਨਾਮ ਸਿਮਰਣ ਤੇ ਸ਼ਖਸੀ ਧਯਾਨ ਅਨੰਤ ਪਿਛੋਕੜ ਨੂੰ ਸਾਹਮਣੇ ਉਗਾ ਕਰਕੇ ਆਦਿ ਕੀਤਾ ਇਸ ਅਨੰਤ ਦੀ ਪਿਛੋਕੜ ਨਾਲ ਸ਼ਖਸੀ ਧਯਾਨ ਅਨੰਤ ਨੂੰ ਸੰਭਾਲ ਸੱਕਦਾ ਹੈ ਪਰ ਬ੍ਰਾਹਮਣਾਂ ਦੇ ਬ੍ਰਹਮ ਆਦਿ ਦੇ ਪੁਰਾਣੇ ਫਲਿਸਫੇ ਨੇ ਗੁਰੂ ਸਾਹਿਬਾਨ ਦੇ ਬਾਗ ਨੂੰ ਉੱਗਣ ਹੀ ਨਾ ਦਿੱਤਾ, ਕੁਛ ਦੇਸ ਦੇ ਰਾਜਿਆਂ ਨੇ ਸਿੱਖੀ ਨੂੰ ਮਾਰਿਆ ਤੇ ਅੰਦਰੋਂ ਬ੍ਰਾਹਮਣਾਂ ਦੇ ਸ਼ਾਸਤ੍ਰਾਂ ਨੇ ਜ਼ਹਿਰ ਦਿੱਤਾ।
ਹੁਣ ਆਸ਼ਾ ਹੈ ਜੇ ਗੁਰੂ ਸਾਹਿਬਾਨ ਦੇ ਨਾਮ-ਲੇਵਾ ਜਾਪਾਨ (ਨਵੇਂ ਜਾਪਾਨ ਦੇ ਨਹੀਂ, ਓਥੇ ਵੀ ਹੁਣ ਉਹ ਗੱਲ ਪੱਛਮੀ ਮੁਲਕਗੀਰੀ ਤੇ ਡਾਲਰ ਪੂਜਾ ਦੇ ਖੋਹਰੇਪਨ ਨੇ ਸ਼ਾਯਦ ਗੁੰਮ ਕਰ ਦੇਣੀ ਹੈ) ਤੇ ਇਟਲੀ ਦੇ ਪੁਰਾਣੇ ਜੀਵਨ ਤੇ ਆਰਟ ਨੂੰ ਅਨੁਭਵ ਕਰਕੇ ਉਸ ਥਾਂ ਮਗਰ ਸ਼ਾਯਦ ਗੁਰੂ ਸਾਹਿਬਾਨ ਦਾ ਸੱਜਰਾ ਤੇ ਨਵੇਂ ਜ਼ਮਾਨੇ ਦਾ ਕੁਦਰਤ ਦਾ ਆਰਟ ਤੇ ਮਜ਼੍ਹਬ ਸਮਝ ਸੱਕਣ ਤੇ ਹੋ ਸੱਕਦਾ ਹੈ, ਕਿ ਉਨ੍ਹਾਂ ਗੰਭੀਰ ਜੀਵਨ ਦੇ ਰਾਜ਼ਾਂ ਨੂੰ ਲੱਭ ਕੇ ਗੁਰੂ ਸਾਹਿਬਾਨ ਦੇ ਆਦਰਸ਼ ਦੁਨੀਆਂ ਨੂੰ ਦੱਸ ਸੱਕਣ, ਪਰ ਬੜੀ ਹੀ ਸਮੂਹਾਂ ਦੀਆਂ ਕੌਮਾਂ ਦੀ ਤਿਆਰੀ ਤੇ ਪਿਆਰ ਤੇ ਭਗਤੀ ਦੀ ਲੋੜ ਹੈ, ਅਕੱਲਾ ਦੁਕੱਲਾ ਜੇ ਸਮਝਿਆ ਵੀ ਤਦ ਗੁਰੂ ਸਾਹਿਬਾਨ ਦੇ ਆਦਰਸ਼ ਇਕ ਵਿੱਚ ਨਹੀਂ ਸਮੂਹਾਂ ਵਿੱਚ ਖਿੜ ਸੱਕਦੇ ਹਨ । ਸ਼ਾਯਦ ਨਿਰੋਲ ਬੁੱਧ ਦੇ ਨਿਰਵਾਨ ਬ੍ਰਿਛ ਵਾਂਗ ਗੁਰਸਿੱਖੀ ਦਾ ਬ੍ਰਿੱਛ ਵੀ ਕਿਸੇ ਨਵੇਂ ਸਮੁੰਦ੍ਰ ਥੀਂ ਜੰਮੇ, ਮੁਲਕ ਵਿੱਚ ਕੋਈ ਟਾਹਣ ਫੁੱਲ ਲਿਆ ਕੇ ਮੁੜ ਦੁਨੀਆਂ ਨੂੰ ਨਿਹਾਲ ਕਰ ਸੱਕੇ॥
ਏਸ਼ੀਆ ਦੇ ਆਰਟ ਅਥਵਾ ਰਸਿਕ ਕਿਰਤ ਦੇ ਵਿਕਾਸ਼ ਲਈ ਜ਼ਰੂਰੀ ਹੈ, ਕਿ ਧਯਾਨ ਦੇ ਸਿਦਕ ਵਿੱਚ ਇਹ ਪੱਕਾ ਪ੍ਰਤੀਤ ਹੋਵੇ ਕਿ ਦੇਵੀ ਦੇਵਤਿਆਂ ਦੀ ਦੁਨੀਆਂ ਹੈ, ਬੁੱਧ ਦੇਵ ਜੀ ਦਾ ਸਵਰਗ ਜਿੱਥੇ ਬੁੱਧ ਆਦਿ ਜੁਗਾਦਿ ਰਹਿੰਦੇ ਹਨ, ਅਥਵਾ ਗੁਰੂ ਸਾਹਿਬਾਨ ਦਾ ਪਰਲੋਕ ਜਿੱਥੇ-