ਸਰਮ ਖੰਡ ਕੀ ਬਾਣੀ ਰੂਪੁ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥
ਤਾਕੀਆ ਗਲਾ ਕਥੀਆ ਨਾ ਜਾਹਿ ॥
ਜੇ ਕੋ ਕਹੈ ਪਿਛੈ ਪਛੁਤਾਇ॥
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧ॥
ਕਰਮ ਖੰਡ ਕੀ ਬਾਣੀ ਜੋਰੁ ॥
ਤਿਥੈ ਹੋਰੁ ਨ ਕੋਈ ਹੋਰੁ॥
ਤਿਥੈ ਜੋਧ ਮਹਾ ਬਲ ਸੂਰ ॥
ਤਿਨ ਮਹਿ ਰਾਮੁ ਰਹਿਆ ਭਰਪੂਰੁ॥
ਤਿਥੈ ਸੀਤੋ ਸੀਤਾ ਮਹਿਮਾ ਮਾਹਿ॥
ਤਾ ਕੇ ਰੂਪ ਨ ਕਥਨੇ ਜਾਹਿ॥
ਮੁੜ ਉਹ ਸੋਹਣੇ ਧਯਾਨ ਸਿੱਧ ਹੋ ਸਾਡੇ ਦਿਲਾਂ ਦੇ ਅਕਾਸ਼ ਵਿਚ ਆਣ ਸਾਨੂੰ ਆਪਣੀ ਸੋਹਣੀਆਂ ਸੂਰਤਾਂ ਨਾਲ ਠੰਢ ਪਾਣ। "ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ" ਤੇ ਉਨ੍ਹਾਂ ਦੇ ਰੂਪ, ਰਾਗ, ਰੰਗ ਸਾਡੀ ਸੁਰਤਿ ਨੂੰ ਭਰਣ, ਸਾਡੀ ਸੁਰਤਿ ਉਹ ਰੂਪ ਦੇ ਸਮੁੰਦਰਾਂ ਨੂੰ ਆਪਣੇ ਅੰਦਰ ਸਮਾਵੇ, ਸਦੀਆਂ ਤਕ ਇਹ ਵਾਕਫੀਅਤ ਪੂਰਣ ਹੋਵੇ, ਤੇ ਫੁਟ ਫੁਟ ਕੇ ਪਦਮ ਦੇ ਫੁੱਲਾਂ ਵਾਂਗ ਫਿਰ ਉਹ ਖੁਸ਼ੀ, ਰਸ ਤੇ ਧਯਾਨ ਮੂਰਤਾਂ ਸਾਡੇ ਅੰਦਰੋਂ ਬਾਹਰ ਆ ਕੇ ਸਾਡੇ ਰਹਿਣ ਵਾਲੇ ਸਥਾਨਾਂ ਮੁਲਕਾਂ ਨੂੰ ਅਨੇਕ ਰੂਪਾਂ ਦੇ ਸਿੰਗਾਰ ਨਾਲ ਸਿੰਗਾਰਣ।
ਇਨ੍ਹਾਂ ਦਰਸ਼ਨਾਂ, ਸਮਾਧੀਆਂ, ਰਸਾਂ ਨਾਲ ਸਾਡੀ ਹੱਡੀ ਮਾਸ ਮੱਝ ਧਯਾਨ ਵਿੱਚ ਵੱਸੇ, ਰੂਪ ਨਾਮ ਰਸ ਗੰਧ, ਸਪਰਸ਼ ਦੇ ਓੜਕ ਦਿਵਯ ਸੁਖਾਂ ਨਾਲ ਦਿਵਯ ਹੋ ਵੰਝੇ, ਦਿਲ ਦੀ ਵਸਤੀ ਵੱਸੇ। ਪਰੀਆਂ, ਦੇਵੀ ਦੇਵਤਿਆਂ ਦੀ ਚਹਿਲ ਬਹਿਲ ਹੋਵੇ, ਇਉਂ ਅੰਦਰ ਸਮਾਧੀ ਦਾ ਜੀਵਨ, ਚੁੱਪ ਰਸਿਕ ਕਿਰਤ ਦੀ ਖੇਡ ਸਦੀਆਂ ਤਕ ਸਾਨੂੰ ਲੁਕਾਈਆਂ ਡੋਡੀਆਂ ਵਾਂਗ ਜੋਬਨ ਦਾ ਰੰਗ ਦੇਕੇ ਇਕ ਬਸੰਤ ਦੇ ਦਿਨ ਸਾਨੂੰ ਖਿੜੇ ਕੰਵਲਾਂ ਵਾਂਗ, ਗੁਲਾਬਾਂ ਵਾਂਗ ਬਾਹਰ ਕੱਢੇ। ਇਹ ਪਤਾ ਨਹੀਂ ਕਿ ਉਹ ਬਾਹਰ ਨਿਕਲਣਾ ਹੈ ਕਿ ਹੋਰ ਅੰਤਰੀਵ ਵਿੱਚ ਜਾ ਕੇ ਰੱਬ ਨਾਲ ਇਕ ਹੋਣਾ ਹੈ। ਗੁਲਾਬ ਦਾ ਖਿੜਿਆ ਫੁੱਲ ਤਾਂ ਮੰਜ਼ਲ ਮਕਸੂਦ ਤੇ ਪਹੁੰਚ ਗਿਆ, ਪਰ ਬਣਾਂ ਨੂੰ, ਬਾਗਾਂ ਨੂੰ, ਪਰਬਤਾਂ ਨੂੰ, ਦਰਿਯਾਵਾਂ ਨੂੰ, ਧਰਤਿ ਨੂੰ, ਅਕਾਸ਼ ਨੂੰ, ਇਨ੍ਹਾਂ ਸਮੂਹਾਂ ਨੂੰ ਤਾਂ ਆਦਮੀਆਂ ਧਯਾਨ ਸਥਿਤ ਰਸਿਕਾਂ ਨੇ ਪਹੁੰਚਾਣਾ ਹੈ ਤੇ ਤੀਸਰੀ ਗੱਲ ਇਹ ਹੈ, ਕਿ ਸ਼ਰੀਰ ਤੇ ਸਰੀਰਕ ਜੀਵਨ ਨੂੰ ਸੁੱਚਾ, ਸੱਚਾ, ਸੁਥਰਾ, ਸੋਹਣਾ ਬਨਾਣ ਲਈ ਅੰਦਰ ਇਕ ਬੇਚੈਨੀ ਹੋਵੇ ਕਿ ਸ਼ਹਿਰ ਸਾਡੇ ਹਰੀ ਮੰਦਰ ਹੋਣ, ਬਣ ਸਾਡੇ ਨੰਦਨ ਬਾਗ ਹੋਣ, ਪਰਬਤ ਸਾਡੇ ਭਰਾ ਹੋਣ ਤੇ ਰਾਹ ਸਾਡੇ ਪਿਆਰੇ ਦੇ ਦੇਸ਼ ਅਥਵਾ ਨਿਰਵਾਨ ਸੁਖ ਨੂੰ ਲੈ ਜਾਨ ਵਾਲ ਹੋਣ॥
"ਇਹ ਜਗੁ ਸਚੇ ਕੀ ਹੈ ਕੋਠੜੀ
ਸਚੇ ਕਾ ਵਿਚਿ ਵਾਸੁ"॥