ਹਰ ਇਕ ਦੇਸ਼ ਵਿੱਚ ਆਪਣੇ ਆਪਣੇ ਤਰਜ਼ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਹੁੰਦੀਆਂ ਹਨ ਸਭ ਇਸ ਤਰਾਂ ਦੀਆਂ ਚੀਜ਼ਾਂ ਜੜਾਂ ਵਾਲੀਆਂ ਹੁੰਦੀਆਂ ਹਨ ਤੇ ਅਸੀ ਉਨਾਂ ਦਾ ਉੱਪਰ ਦਾ ਫੈਲਾਓ ਵੇਖ ਕੇ ਮੰਦਾ ਚੰਗਾ ਨਹੀਂ ਕਹਿ ਸੱਕਦੇ।ਜਿਹੜੀਆਂ ਅਸੀ ਸਦੀਆਂ ਤਕ ਚੰਗਿਆਈਆਂ ਮੰਨਦੇ ਆਏ ਹਾਂ, ਮੁਮਕਿਨ ਹੋ ਸੱਕਦਾ ਹੈ, ਕਿ ਉਹਦੀਆਂ ਡੂੰਘੀਆਂ ਜੜ੍ਹਾਂ ਬੁਰਿਆਈਆਂ ਵਾਲੀਆਂ ਹੋਣ ਤੇ ਜਿਨ੍ਹਾਂ ਨੂੰ ਅਸੀ ਸਤਹ ਤੇ ਬੁਰਾ ਕਹਿੰਦੇ ਹਾਂ, ਉਹ ਅੰਦਰੋਂ ਜੜਾਂ ਵਿੱਚ ਚੰਗਿਆਈਆਂ ਹੋਣ। ਜੀਵਨ ਇਕ ਅਸਗਾਹ ਖੇਡ ਹੈ। ਪਤਾ ਨਹੀਂ ਕੌਣ ਕਿਸ ਤਰਾਂ ਆਪਣੇ ਅਸਲੇ ਨੂੰ ਅੱਪੜਦਾ ਹੈ? ਗੁਲਾਮ ਰੱਖਣ ਦਾ ਰਵਾਜ ਜੜਾਂ ਵਿੱਚ ਕਿੰਨਾ ਅਦੈਵੀ ਸੀ, ਪਰ ਸਤਹ ਉੱਪਰ ਗੁਲਾਮਾਂ ਦੇ ਓਹ ਓਹ ਗੁਣ ਵੇਖੇ, ਕਿ ਆਦਮੀ ਕਹਿੰਦਾ ਹੈ, ਗੁਲਾਮੀ ਰਹਿੰਦੀ ਹੈ ਤਾਂ ਅਛਾ ਸੀ। ਮਰਜੀਨਾ ਅਲੀ ਬਾਬਾ ਦੀ ਗੁਲਾਮ ਕਿਸ ਤਰਾਂ ਮਾਲਕ ਦੀ ਵਫਾਦਾਰੀ ਦੇ ਗੁਣ ਨੂੰ ਸਾਰੇ ਮਨੁੱਖ ਇਤਿਹਾਸ ਵਿੱਚ ਮੂਰਤੀ ਮਾਨ ਕਰਦੀ ਹੈ। ਜਦ ਆਦਮੀ ਕੁਛ ਨਾ ਕਰ ਸਕੇ, ਮਨ ਦੀ ਤਾਕਤ ਲਾਣ ਦੀ ਥਾਂ ਨਾ ਹੋਵੇ, ਪਿਆਰਿਆਂ ਨੂੰ ਪਾਲਣਾ ਹੈ, ਨਿਰਾ ਮੌਕਾ ਟੁੱਕੜ ਦੇਣਾ ਹੈ, ਓਹ ਵੀ ਨਹੀ ਮਿਲਦਾ, ਤਦ ਮੈਂ ਆਪ ਕਈ ਵੇਰੀ ਤੀਬ੍ਰ ਇੱਛਾ ਕੀਤੀ ਹੈ, ਕਿ ਕਾਸ਼ ਗੁਲਾਮੀ ਹੁੰਦੀ ਤੇ ਮੈਂ ਆਪਣੇ ਆਪ ਨੂੰ ਵੇਚ ਕੇ ਪਿਆਰਿਆਂ ਦੀ ਸੇਵਾ ਕਰ ਸੱਕਦਾ, ਸ਼ਰੀਰ ਦੇ ਮਾਸ ਦਾ ਮੁੱਲ ਤਾਂ ਪੈਂਦਾ ਜੇ ਮਨ ਦੇ ਗੁਣਾਂ ਦਾ ਗਾਹਕ ਕੋਈ ਨਾ ਨਿਕਲਿਆ ॥
ਪੁਰਾਣੇ ਜ਼ਮਾਨਿਆਂ ਵਿੱਚ ਜਾਪਾਨ ਦੀਆਂ ਨਾਇਕਾਂ ਨੱਚਣ ਵਾਲੀਆਂ ਬਾਲੀਆਂ ਅਜ ਕਲ ਦੀ ਗੈਸ਼ਾ ਵਾਂਗ ਨਹੀਂ ਸਨ, ਉਨ੍ਹਾਂ ਦੇ ਦਿਲ ਪੱਥਰ ਨਹੀਂ ਸਨ, ਓਹ ਬੜੀਆਂ ਸੋਹਣੀਆਂ ਹੁੰਦੀਆਂ ਸਨ ਤੇ ਉਨਾਂ ਦੇ ਹੱਥ ਵਿੱਚ ਸੋਨੇ ਦੇ ਪਿਆਲੇ ਹੁੰਦੇ ਸਨ ਤੇ ਉਨ੍ਹਾਂ ਦਾ ਪਹਿਰਾਵਾ ਰੇਸ਼ਮ ਗੋਟੇ ਕਨਾਰੀ ਵਾਲਾ ਸੀ ਤੇ ਬਾਦਸ਼ਾਹ ਤੇ ਸ਼ਾਹਜ਼ਾਦਿਆਂ ਦੇ ਮਹਿਲਾਂ ਵਿੱਚ ਓਹ ਤਲਵਾਰ ਨੰਗੀ ਦਾ ਨਾਚ ਕਰਦੀਆਂ ਸਨ, ਤੇ ਉਨ੍ਹਾਂ ਦੀ ਆਵਾਜ਼ ਖਾਸ ਸਾਧਨਾਂ ਨਾਲ ਸ਼ਰਾਬ ਦੀ ਸੁਰਾਹੀ ਦੇ ਕੁਲ ਕੁਲ ਵਾਂਗ ਮਿੱਠੀ ਤੇ ਬਾਰੀਕ ਤੇ ਭਰਵੀਂ ਕੀਤੀ ਜਾਂਦੀ ਸੀ। ਕਹਿੰਦੇ ਹਨ, ਸਿਆਲੇ ਦੀ ਠੰਢ ਵਿੱਚ ਧੁਰ ਛੱਤ ਨਿੱਕੀਆਂ ਨਿੱਕੀਆਂ ੧੨, ੧੩ ਸਾਲਾਂ ਦੀ ਕੁੜੀਆਂ ਨੂੰ ਸਵੇਰ ਸਾਰ ਗਾਣਾ ਸਿਖਾਇਆ ਜਾਂਦਾ ਸੀ, ਗਾ ਗਾ ਕੇ ਉਨਾਂ ਦੇ ਹੱਥਾਂ ਪੈਰਾਂ ਵਿੱਚੋਂ ਸਰਦੀ ਨਾਲ ਲਹੁ ਫੁੱਟ ਪੈਂਦਾ ਸੀ ਤੇ ਗਲਾ ਬੰਦ ਹੋ ਜਾਂਦਾ ਸੀ, ਤੇ ਇਉਂ ਕਈ ਚਿਰ ਗਲਾ ਬੰਦ ਰਹਿ ਰਹਿ ਕੇ ਬਹਿ ਬਹਿ ਕੇ ਤਾਕਤ ਪਕੜਦਾ ਸੀ, ਤੇ ਇਹੋ ਜਿਹੀ ਇਕ ਨਾਇਕਾ ਦੀ, ਜੀਵਨ ਕਥਾ ਜਾਪਾਨ ਦੇ ਸਾਹਿਤ ਵਿੱਚ ਆਉਂਦੀ ਹੈ॥ ਹਾਲੇ ਰੇਲਾਂ ਤਾਰਾਂ ਨਹੀਂ ਸਨ, ਤੇ ਜਾਪਾਨ ਦੇ ਨਵੇਂ ਤੇ ਜਵਾਨ ਚਿਤ੍ਰਕਾਰਾਂ ਦੀ, ਰਸਿਕ ਕਿਰਤ, ਆਰਟ ਦੇ ਸਾਧਨ ਤੇ ਅਭਯਾਸ ਦਾ ਇਕ ਅੰਗ ਹੁੰਦਾ ਸੀ, ਕਿ ਓਹ ਪੈਦਲ ਸਾਰੇ ਦੇਸ਼ ਦਾ ਰਟਨ ਕਰਨ। ਪਰਬਤ ਵੇਖਣ, ਦਰਿਯਾ ਵੇਖਣ, ਮੰਦਰਾਂ ਦੀ ਯਾਤ੍ਰਾ ਕਰਨ ਤੇ ਆਪਣੀ ਸੁਰਤਿ ਨੂੰ ਇਉਂ ਸੋਹਣੀਆਂ ਛਬੀਆਂ ਨਾਲ ਭਰਨ।
ਇਉਂ ਬੜਾ ਚਿਰ ਹੋਯਾ ਹੈ, ਕਿ ਇਕ ਜਵਾਨ ਆਰਟਿਸਟ ਕਊਟੋ ਸ਼ਹਿਰ ਥੀਂ ਯਿਦੋ ਯਾ ਟੋਕਯੋ ਵਲ ਯਾਤ੍ਰਾ ਨੂੰ ਚੱਲਿਆ, ਤੇ ਜਾਪਾਨ ਦੀ ਧਰਤੀ ਨਿੱਕੇ ਨਿੱਕੇ ਪਹਾੜਾਂ ਦੀਆਂ ਚੋਟੀਆਂ ਨਾਲ ਭਰੀ ਪਈ ਹੈ ਤੇ ਚੋਟੀਆਂ ਦੇ ਪਾਸਿਆਂ ਤੇ ਬਾਂਸ ਚੀਲਾਂ ਦੇ ਬ੍ਰਿੱਛ ਝੁਰਮਟ ਪਾ ਰਹੇ ਹਨ, ਤੇ ਝੋਨੇ ਦੇ ਲਹਿਰਾਂਦੇ ਖੇਤ ਇਕ ਉੱਪਰ ਦੂਜਾ, ਉੱਚੇ ਨੀਵੇਂ ਥੜਿਆਂ ਵਾਂਗ ਲਹਿਰਾ ਰਹੇ ਹਨ ਤੇ ਵਿੱਚ ਵੱਡੀਆਂ ਵੱਡੀਆਂ ਪੀਲੀਆਂ ਟੋਕਰੀਆਂ ਜਿਹੀਆਂ ਸਿਰ ਤੇ ਰਖੀਆਂ ਜਾਪਾਨ ਦੇ ਕ੍ਰਿਸਾਨ ਜਮੀਨ ਦੇ ਗੰਦ ਮੰਦ ਚਿੱਕੜ ਵਿੱਚ ਖੜੇ ਫਸਲਾਂ ਨੂੰ ਖਸਮਾ ਰਹੇ ਹਨ। ਪਰਬਤਾਂ ਦੇ ਸਿਰ ਉੱਪਰ ਯਾ ਕੁੱਖਾਂ ਵਿੱਚ ਘਾਹ ਦੇ ਛੱਤਾਂ ਵਾਲੇ ਕ੍ਰਿਸਾਨਾਂ ਦੇ ਘਰ ਤੇ ਗਰਾਂ ਵੱਸ ਰਹੇ ਹਨ।