ਜ਼ਾਲਮ ਜਰਵਾਨੇ ਭੋਗ ਲਮਪਟ ਬਾਦਸ਼ਾਹਾਂ, ਵਜੀਰਾਂ, ਰਾਣੀਆਂ ਆਦਿਕ ਸਮੇਤ ਸਲੇਟ ਸਾਫ ਕੀਤੀ। ਹੁਣ ਪਾਰਲੀਮਿੰਟਾਂ ਤੇ ਕੌਂਸਲਾਂ ਤੇ ਰੀਪਬਲਕਾਂ ਬਣੀਆਂ, ਇਸ ਵਿੱਚ ਮਖਲੂਕ ਦੀ ਵੋਟ ਨਾਲ ਇੰਤਜ਼ਾਮ ਕਰਨ ਲਈ ਪ੍ਰਤੀਨਿਧੀ ਚੁਣੇ ਗਏ, ਪਰ ਹਰ ਇਕ ਆਦਮੀ ਅਸ਼ੋਕ ਵਰਗਾ ਲਾਇਕ ਹੋਵੇ, ਹੋਰ ਨਹੀਂ ਤੇ ਆਪਣੀ ਵੋਟ ਦੇਣ ਵਿੱਚ ਬਸ ਇਕ ਵੋਟ ਦੀ ਹੀ ਹਦ ਤਕ ਅਸ਼ੋਕ ਵਰਗਾ ਹੋਵੇ ਤਦ ਉਹ ਠੀਕ ਚੋਣ ਕਰ ਸੱਕੇ ! ਆਮ ਹੁੰਦਾ ਕੀ ਹੈ ਕਿ ਉਸਨੂੰ, ਹਰ ਇਕ ਰਾਜ ਦਾ ਕੰਮ ਕਰਨ ਦੀ ਚਾਹ ਵਾਲਾ ਆਦਮੀ, ਵੋਟ ਦੇਣ ਵਾਲੇ ਨੂੰ, ਕਾਬੂ ਕਰਨ ਦੀ ਤੇ ਆਪਣੇ ਪਾਸੇ ਖਿੱਚਣ ਦੀ ਕਰਦਾ ਹੈ । ਕਦੀ ਤੇ ਰਾਜਸੀ ਗੁਣਾਂ ਕਰਕੇ ਵੋਟ ਦੇਣ ਵਾਲਾ ਗੱਲ ਨੂੰ ਚੰਗੀ ਤਰਾਂ ਸਮਝ ਕੇ ਵੋਟ ਦਿੰਦਾ ਹੈ ਤੇ ਕਦੀ ਉਹ ਕਿਸੀ ਲਾਲਚ ਵਿੱਚ ਆਕੇ ਅਸ਼ੋਕ ਦੀ ਕੋਈ ਕਸਰ ਅਸ਼ਾਰੀਆ ਬਲਕਿ ਜ਼ਾਲਮ ਨੀਰੋ ਦੀ ਕਸਰ ਅਸ਼ਾਰੀਆ ਬਣ ਕੇ ਵੋਟ ਦੇ ਹੱਕ ਨੂੰ ਭੈੜੀ ਤਰਾਂ ਵਰਤਦਾ ਹੈ। ਸੋ ਚੰਗੇ ਰਾਜਸੀ ਕੰਮ ਕਰਨ ਦੀ ਯੋਗਤਾ ਤੇ ਲਿਆਕਤ ਵਾਲੇ ਲਾਇਕ ਪੁਰਸ਼ਾਂ ਤੀਵੀਆਂ ਦੀ ਥਾਂ ਭੈੜੇ ਆਦਮੀ ਪਾਰਲੀਮਿੰਟ ਵਿੱਚ ਭੇਜ ਦਿੰਦਾ ਹੈ, ਸੋ ਮੁੜ ਗੱਲ ਉੱਥੇ ਦੀ ਉੱਥੇ ਰਹੀ। ਆਦਮੀ ਦੇ ਬਣਾਏ ਸਿਲਸਿਲੇ ਮੁਲਕੀ ਬਨਤਰਾਂ ਬਨਾਉਣ ਉੱਪਰ ਗੱਲ ਨਹੀਂ ਮੁਕਦੀ, ਮੁੜ ਬੰਦਿਆਂ ਦੇ ਚੰਗੇ ਹੋਣ ਤੇ ਚੰਗੀ ਚੋਣ ਉੱਤੇ ਹੀ ਗੱਲ ਰਹਿੰਦੀ ਹੈ । ਪੁਰਾਣੇ ਜਮਾਨਿਆਂ ਥੀਂ ਜੋ ਰਾਜਸੀ ਕੰਮ ਕਰਦੇ ਚਲੇ ਆਏ ਹਨ ਉਨ੍ਹਾਂ ਦੇ ਖੂਨ ਵਿੱਚ ਹੀ ਉਹ ਕੰਮ ਕਰਨ ਦੀ ਕੁਛ ਕਾਬਲੀਅਤ ਹੁੰਦੀ ਹੈ ਤੇ ਹਰ ਕੰਮ ਲਈ ਆਪਣੀ ਆਪਣੀ ਤਰਾਂ ਦੀ ਕਾਬਲੀਅਤਾਂ ਦੀ ਲੋੜ ਹੁੰਦੀ ਹੈ, ਸੋ ਇਸ ਤਰਾਂ ਉਹ ਲੋਕੀ ਜੋ ਪਹਿਲੇ ਇਕ ਵੱਡੇ ਰਾਜੇ ਦੀ ਖੁਸ਼ਾਮਦ ਦਰਾਮਦ ਵਿੱਚ ਰਹਿ ਕੇ ਆਪਣਾ ਹੁਨਰ ਦੱਸਦੇ ਸਨ ਤੇ ਕੰਮ ਰਾਜ ਦਾ ਕਰਦੇ ਸਨ ਉਹ ਹੁਣ ਇਕ ਇਕ ਵੋਟ ਦੇਣ ਵਾਲੇ ਦੇ ਦਵਾਲੇ ਚੱਕਰ ਮਾਰਦੇ ਹਨ ਤੇ ਇਓਂ ਮੁੜ ਉਹੋ ਜਿਹੇ ਹੀ ਲੋਕ ਰਾਜਸੀ ਕੰਮ ਨਜਿਠਦੇ ਹਨ, ਗੱਦੀ ਉੱਪਰ ਉਹੋ ਬਹਿਣ ਜੋ ਬਹਿੰਦੇ ਆਏ ਹਨ। “ਜਿਸ ਕਾ ਕਾਮ ਉਸੀ ਕੇ ਸਾਜੇ ਔਰ ਕਰੇ ਤੋ ਠੀਂਗਾ ਬਾਜੇ", ਇਸ ਮੁਲਕੀ ਕਾਇਦੇ ਵਿੱਚ ਵੀ ਉਹੋ ਖਾਣ ਲਗਦਾ ਹੈ, ਸਾਈਸੀ ਇਲਮ ਦਰਯਾਈ ਹੈ ਕੌਣ ਬਕਸੂਆ ਕਹਾਂ ਲਾਗਤ ਹੈ ਸਾਈਸ ਹੀ ਜਾਣੇ, ਸੋ ਰਾਜਸੀ ਕੰਮ ਕਰਨ ਵਾਲੇ ਲੋਕ ਸਦੀਆਂ ਪ੍ਰਯੰਤ ਇਹ ਕੰਮ ਕਰਨ ਨਾਲ ਪ੍ਰਭੀਨ ਹੋਏ, ਮਖਲੂਕ ਵਿੱਚ ਹੀ ਇਕ ਖਾਸ ਤਬਕਾ ਇਸ ਲਿਆਕਤ ਦਾ ਪੁਰਾਣੇ ਸਿਲਸਿਲੇ ਵਿੱਚ ਹੀ ਉਪਜ ਪਿਆ ਸੀ ਤੇ ਉਹੋ ਜਮਾਤ ਨਵੇਂ ਘਾੜਾਂ ਵਿੱਚ ਘੜੀ ਗਈ । ਅੱਗੇ ਇਹ ਲੋਕੀ ਬਾਦਸ਼ਾਹਾਂ ਦੀ ਵਜੀਰੀ ਤੇ ਸੂਬੇ ਦਾਰੀ ਕਰਦੇ ਸਨ, ਹੁਣ ਉਹੋ ਹੀ ਵੋਟ ਦੇਣ ਵਾਲਿਆਂ ਦੀ ਛਿੰਝ ਵਿੱਚ ਜਾ ਪਹੁੰਚੇ ਤੇ ਇਕ ਬਾਦਸ਼ਾਹ ਦੀ ਥਾਂ ਅਨੇਕ ਪਰ ਨਿੱਕੇ ਨਿੱਕੇ ਬਾਦਸ਼ਾਹਾਂ ਦੀਆਂ ਕਸਰਾਂ ਕਿਰਸਾਂ ਦੇ ਦਵਾਲੇ ਘੁਮਣ ਲੱਗ ਪਏ । ਕੌਂਸਲ ਵਿੱਚ ਗਏ ਬੰਦਿਆਂ ਉੱਪਰ ਕੁਛ ਭੈ ਪੈ ਗਿਆ ਜੇ ਮਾੜੇ ਨਿਕਲੇ, ਮਖਲੂਕ ਖੁਸ਼ੀ ਨ ਰਹੀ, ਤਦ ਅਸੀ ਤਖਤੋਂ ਉਤਾਰੇ ਜਾਵਾਂਗੇ, ਇਕ ਤਖਤ ਦੇ ਅਨੇਕ ਟੁਕੜੇ ਹੋਏ ਤੇ ਇਕ ਮਿਊਨਸਿਪਲ ਕਮੇਟੀ ਦਾ ਮੈਂਬਰ ਤੇ ਪ੍ਰਧਾਨ ਵੀ ਆਪਣੀ ਵਿਤ ਦੀ ਹੱਦ ਵਿੱਚ ਇਕ ਬਾਦਸ਼ਾਹ ਹੋ ਗਿਆ ।
ਨਾਮ ਤਾਂ ਕਰਮਚਾਰੀ ਦਾ ਹੀ ਮਿਲਿਆ, ਪਰ ਉਸਦਾ ਦਿਮਾਗ਼ ਤੇ ਉਸ ਦੀ ਵਰਤੋਂ ਆਪਣੀ ਹੱਦ ਵਿੱਚ ਇਕ ਬਾਦਸ਼ਾਹ ਦੀ ਵਰਤੋਂ ਹੋ ਗਈ, ਹੁਣ ਅਮਰੀਕਾ ਦਾ ਪ੍ਰੈਜ਼ੀਡੈਂਟ ਲੋਕਾਂ ਦੀ ਚੋਣ ਭਾਵੇਂ ਕਈ ਤਰਾਂ ਦੇ ਲਾਲਚਾਂ, ਮਜਬੂਰੀਆਂ, ਰਿਸ਼ਵਤਾਂ, ਲਾਲਚਾਂ, ਧਨਾਢ ਲੋਕਾਂ ਦੇ ਸਮੂਹ ਦੇ ਸਮੂਹ ਅਕੱਠਾਂ ਦੇ ਨਾਜਾਇਜ਼ ਬਲ ਨਾਲ ਖਰੀਦੀਆਂ ਵੋਟਾਂ ਨਾਲ ਹੋਈ ਹੋਵੇ ਇਕ ਰਾਜਾ ਹੀ ਹੈ, ਸੋ ਜੋ ਰੁਪਿਯਾ ਟੈਕਸ ਦਾ ਮੁਲਕ ਲਈ ਅਕੱਠਾ ਕੀਤਾ ਜਾਂਦਾ ਹੈ, ਉਹਦਾ ਖਰਚ ਕਰਨਾ ਕਹਿਣਮਾਤ੍ਰ ਹੀ ਹੈ ਕਿ ਮਖਲੂਕ ਦੀ ਮਰਜੀ ਮੁਤਾਬਕ ਹੁੰਦਾ ਹੈ ਅਸਲ ਵਿੱਚ ਤਾਂ ਜੋ ਘੋੜੇ ਤੇ ਚੜ੍ਹਿਆ ਹੋਇਆ ਹੈ ਉਹਦੀ ਚਾਬਕ ਨਾਲ ਹੀ ਕੰਮ ਤੁਰਦੇ ਹਨ,