

ਉੱਤਰ ਕੇ, ਮੈਂ ਬੀਚ 'ਤੇ ਪਹੁੰਚਿਆ। ਉਸ ਵੇਲੇ ਉਸ ਪੀਚ 'ਤੇ ਹਾਜ਼ਰ ਮੈਂ ਇਕੱਲਾ ਜਣਾ ਸੀ। ਆਲੇ-ਦੁਆਲੇ ਹੋਰ ਕੋਈ ਨਹੀਂ, ਨਾ ਨਾਰੀਅਲ ਪਾਣੀ ਦੀਆਂ ਦੁਕਾਨਾਂ, ਨਾ ਕੋਈ ਜੀ-ਫੂਡ ਵੇਚਣ ਵਾਲਾ, ਨਾ ਜ਼ਾਲੀਬਾਲ ਖੇਡਦੇ ਲੋਕ, ਨਾ ਕੋਈ ਰੌਲਾ-ਰੱਪਾ। ਮੈਨੂੰ ਇਹ ਲੱਗਿਆ ਕਿ ਜਿਵੇਂ ਮੈਂ ਇਸ ਦੁਨੀਆ ਨਾਲੋਂ ਕੱਟ ਕੇ, ਕਿਸੇ ਹੋਰ ਵੱਖਰੀ ਦੁਨੀਆ ਵਿੱਚ ਪਹੁੰਚ ਗਿਆ ਹੋਵਾਂ। ਉਸ ਦਿਨ ਉਸ ਵੇਲੇ ਉਸ ਥਾਂ ਉੱਤੇ, ਸਮੁੰਦਰ ਦੀਆਂ ਵੱਡੀਆਂ ਤੇ ਛੋਟੀਆਂ ਲਹਿਰਾਂ ਨੂੰ ਦੇਖਣ ਸੁਣਨ, ਮਾਣਨ ਤੇ ਉਹਨਾਂ ਤੋਂ ਜ਼ਿੰਦਗੀ ਦਾ ਸਬਕ ਸਿੱਖਣ ਵਾਲਾ, ਮੈਂ ਇਕੱਲਾ ਇਨਸਾਨ ਸੀ।
ਸਮੁੰਦਰ ਦੀਆਂ ਲਹਿਰਾਂ ਅਤੇ ਜ਼ਿੰਦਗੀ ਦੇ ਜਜ਼ਬਾਤ, ਦੋਵੇਂ ਨਿਰੰਤਰ ਚੱਲਦੇ ਰਹਿੰਦੇ ਹਨ। ਇਨ੍ਹਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਦਾ ਵਹਿਣਾ ਲਗਾਤਾਰ ਜਾਰੀ ਰਹਿੰਦਾ ਹੈ, ਉਸੇ ਤਰ੍ਹਾਂ ਸਾਡੇ ਜਜ਼ਬਾਤ ਤੇ ਭਾਵਨਾਵਾਂ ਵੀ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ ਤੇ ਬਦਲਦੀਆਂ ਰਹਿੰਦੀਆਂ ਹਨ। ਜਿਵੇਂ ਕਈ ਵਾਰ ਸਮੁੰਦਰ ਸ਼ਾਂਤ ਹੁੰਦਾ ਹੈ, ਉਸੇ ਤਰ੍ਹਾਂ ਅਸੀਂ ਵੀ ਕਈ ਵਾਰ ਸ਼ਾਂਤੀ ਮਹਿਸੂਸ ਕਰਦੇ ਹਾਂ। ਕਈ ਵਾਰ ਸਮੁੰਦਰ ਦੀਆਂ ਛੱਲਾਂ ਬੜੀਆਂ ਤੇਜ਼, ਵੱਡੀਆਂ ਤੇ ਖਰੂਦੀ ਜਾਪਦੀਆਂ ਹਨ, ਸਾਡੀਆਂ ਭਾਵਨਾਵਾਂ ਵੀ ਬੇਚੈਨੀ ਤੇ ਵਿਰੋਧ ਭਰੀਆਂ ਹੋ ਸਕਦੀਆਂ ਹਨ।
ਜਿਵੇਂ ਅਸੀਂ ਸਮੁੰਦਰੀ ਲਹਿਰਾਂ ਨੂੰ ਕਾਬੂ ਨਹੀਂ ਕਰ ਸਕਦੇ, ਬਿਲਕੁਲ ਉਸੇ ਤਰ੍ਹਾਂ ਸਾਡੀਆਂ ਭਾਵਨਾਵਾਂ ਵੀ ਸਾਡੇ ਕਾਬੂ ਵਿੱਚ ਨਹੀਂ ਆਉਂਦੀਆਂ। ਸਮੁੰਦਰੀ ਲਹਿਰਾਂ ਉੱਤੇ ਸਰਕਿੰਗ ਕਰਨ ਵਾਲਿਆਂ ਨੂੰ ਦੇਖੋ। ਉਹ ਲਹਿਰ ਦੇ ਉਲਟ ਨਹੀਂ ਚੱਲਦੇ, ਲਹਿਰ ਦੇ ਨਾਲ-ਨਾਲ ਚੱਲਦੇ ਨੇ ਕਿਉਂਕਿ ਉਹ ਇਸ ਗੱਲ ਨੂੰ ਸਮਝ ਚੁੱਕੇ ਹੁੰਦੇ ਨੇ ਕਿ ਲਹਿਰ ਦੇ ਉਲਟ ਚੱਲ ਕੇ ਮੇਰਾ ਨੁਕਸਾਨ ਹੈ ਤੇ ਸਿਆਣਪ ਇਸੇ ਵਿੱਚ ਹੈ ਕਿ ਮੈਂ ਲਹਿਰ ਦੇ ਨਾਲ ਚੱਲ ਕੇ ਇਹਦਾ ਫ਼ਾਇਦਾ ਲੈਣ ਦੀ ਕੋਸ਼ਿਸ਼ ਕਰਾਂ ਤੇ ਇਹ ਯਾਦ ਰੱਖਾਂ ਕਿ ਇਹ ਤੁਫ਼ਾਨੀ ਲਹਿਰ ਸਦਾ ਨਹੀਂ ਰਹਿਣੀ। ਇਹ ਕੁਝ ਕੁ ਪਲਾਂ ਲਈ ਹੈ ਤੇ ਇਹਦੇ ਪਿੱਛੇ ਇੱਕ ਹੋਰ ਲਹਿਰ ਆਵੇਗੀ ਜਿਹੜੀ ਇਸ ਤੋਂ ਨਰਮ ਹੋਵੇਗੀ, ਹੌਲ਼ੀ ਹੋਵੇਗੀ।
ਭਾਣਾ ਮੰਨਣ ਬਾਰੇ ਗੁਰਬਾਣੀ ਵੀ ਸਾਨੂੰ ਇਹੀ ਸਿਖਾਉਂਦੀ ਹੈ। ਜੇ ਹਾਲਾਤ ਉਮੀਦ ਨਾਲ਼ੋਂ ਉਲਟ ਹੋਣ, ਵਿਰੋਧ ਵਿੱਚ ਹੋਣ ਤਾਂ ਪਰਮਾਤਮਾ ਦਾ ਭਾਣਾ ਮੰਨ ਕੇ ਖਿੜੇ-ਮੱਥੇ ਕਬੂਲ ਕਰੋ ਤੇ ਇਹ ਅਰਦਾਸ ਕਰੋ ਕਿ "ਹੈ ਪਰਮਾਤਮਾ ਇਹਨਾਂ ਔਕੜਾਂ ਵਿੱਚੋਂ ਕੱਢਣ ਵਾਲਾ ਵੀ ਤੂੰ ਹੀ ਹੈ।”