

ਸ਼ਿਖਾ ਗੁਪਤਾ
@unikdesigns.uk
ਤੁਹਾਡੇ ਕਲਾਤਮਿਕ ਗੁਣਾਂ ਨੇ ਇਸ ਕਿਤਾਬ ਦੇ ਪੰਨਿਆਂ 'ਚ ਜਾਨ ਪਾ ਦਿੱਤੀ ਹੈ, ਜਿਸ ਨਾਲ ਸ਼ਬਦ ਬੋਲਦੇ ਅਤੇ ਦ੍ਰਿਸ਼ ਆਕਾਰ ਲੈਂਦੇ ਮਹਿਸੂਸ ਹੁੰਦੇ ਹਨ। ਤੁਹਾਡੀ ਲਗਨ, ਸਮਰਪਣ, ਸਿਰਜਣਸ਼ੀਲਤਾ ਅਤੇ ਵੇਰਵਿਆਂ ਨੂੰ ਦਿੱਤੀ ਡੂੰਘਾਈ ਨਾਲ ਇਸ ਪ੍ਰੋਜੈਕਟ ਵਿੱਚ, ਵਿਲੱਖਣਤਾ ਦਾ ਆਗਮਨ ਹੋਇਆ ਹੈ। ਤੁਹਾਡਾ ਯੋਗਦਾਨ ਵਡਮੁੱਲਾ ਹੈ, ਅਤੇ ਤੁਹਾਡੇ ਵੱਲੋਂ ਸ਼ਾਮਲ ਕੀਤੀ ਸੂਖਮਤਾ ਨਾਲ ਇਸ ਕਿਤਾਬ ਨੂੰ ਹਾਸਲ ਹੋਈ ਖੂਬਸੂਰਤੀ, ਪਾਠਕ ਦੇ ਅਨੁਭਵ ਨੂੰ ਸੰਪੂਰਨਤਾ ਪ੍ਰਦਾਨ ਕਰੇਗੀ। ਇਸ ਪ੍ਰੋਜੈਕਟ ਲਈ ਦਿੱਤੇ ਸਮੇਂ, ਬਾਕਮਾਲ ਹੁਨਰ ਅਤੇ ਕਲਪਨਾ ਸ਼ਕਤੀ ਲਈ ਦਿਲੋਂ ਸ਼ਕੁਰਗੁਜ਼ਾਰ ਹਾਂ।
( 10 ਮਿੰਟ ਰੋਜ਼ਾਨਾ )
ਲੇਖਕ
ਗੁਰਇਕਬਾਲ ਸਿੰਘ
ਆਰਟ ਵਰਕ
ਸ਼ਿਖਾ ਗੁਪਤਾ
ਮੁੱਖਬੰਧ
ਇਸ ਕਿਤਾਬ ਦੀ ਖ਼ਰੀਦ ਲਈ ਸਾਡੀ ਪੂਰੀ ਟੀਮ ਵੱਲੋਂ ਤੁਹਾਡਾ ਧੰਨਵਾਦ ਅਤੇ ਸ਼ੁਭਕਾਮਨਾਵਾਂ!
ਇਹ ਕਿਤਾਬ ਜ਼ਿੰਦਗੀ ਦੇ ਲੰਮੇ ਸਮੇਂ 'ਚ ਹਾਸਲ ਹੋਏ ਤਜਰਬਿਆਂ ਦਾ ਨਿਚੋੜ ਹੈ ਜਿਸ ਨੂੰ ਆਪ ਸਭ ਦੀ ਰੋਜ਼ਾਨਾ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਇੱਕ ਕੋਰਸ ਦਾ ਰੂਪ ਦਿੱਤਾ ਗਿਆ ਹੈ। ਇਹ ਕੋਰਸ ਇੱਕ-ਇੱਕ ਦਿਨ ਨਾਲ ਤੁਹਾਡੀ ਜ਼ਿੰਦਗੀ 'ਚ ਉਹ ਰੰਗ ਜੋੜੇਗਾ ਜਿਹਨਾਂ ਦੇ ਤੁਸੀਂ ਬਹੁਤ ਦੇਰ ਤੋਂ ਚਾਹਵਾਨ ਸੀ ਪਰ ਕੁਝ ਕਾਰਨਾਂ ਕਰਕੇ ਉਹ ਰੰਗ ਤੁਹਾਡੀ ਪਹੁੰਚ ਤੋਂ ਬਾਹਰ ਸੀ।
ਇਹ ਕਿਤਾਬ ਆਮ ਕਿਤਾਬਾਂ ਨਾਲ਼ੋਂ ਵੱਖਰੀ ਹੈ ਤੇ ਇਸ ਨੂੰ ਤੁਹਾਨੂੰ ਲਗਾਤਾਰ ਬੈਠ ਕੇ ਪੂਰਾ ਪੜ੍ਹਨ ਜਾਂ ਮੁਕਾਉਣ ਦੀ ਲੋੜ ਨਹੀਂ। ਇਸ ਕਿਤਾਬ ਲਈ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਸਿਰਫ਼ 10 ਤੋਂ 15 ਮਿੰਟਾਂ ਦੀ ਲੋੜ ਹੈ। 10 ਤੋਂ 15 ਮਿੰਟ ਹਰ ਰੋਜ਼ ਇਸ ਕਿਤਾਬ ਨੂੰ ਬਿਨਾਂ ਨਾਗਾ ਦਿਓ ਤੇ ਤੁਹਾਡੀ ਜ਼ਿੰਦਗੀ ਨੂੰ ਪਹਿਲਾਂ ਨਾਲੋਂ ਕਿਤੇ ਬਿਹਤਰ ਬਣਾਉਣ ਦੀ ਜੁੰਮੇਵਾਰੀ ਇਹ ਕਿਤਾਬ ਨਿਭਾਵੇਗੀ।
ਇਸ ਕਿਤਾਬ ਵਿੱਚ ਅਸੀਂ 12 ਕਹਾਣੀਆਂ ਦਰਜ ਕੀਤੀਆਂ ਹਨ ਜਿਹੜੀਆਂ ਅਸਲ ਵਿੱਚ ਕਾਲਪਨਿਕ ਕਹਾਣੀਆਂ ਨਹੀਂ ਬਲਕਿ ਨਿਰੋਲ ਹੱਡ-ਬੀਤੀਆਂ ਹਨ। ਇਹ 12 ਹੱਡ-ਬੀਤੀਆਂ ਤੁਹਾਡੇ ਰੋਜ਼ਾਨਾ ਜੀਵਨ ਨੂੰ ਜ਼ਿੰਦਗੀ ਦੇ ਅਸਲ ਤੱਤਾਂ ਨਾਲ ਭਰਪੂਰ ਕਰਨਗੀਆਂ ਅਤੇ ਤੁਹਾਡੇ ਸਾਹਮਣੇ ਤੁਹਾਡੀ ਹੀ ਸ਼ਖ਼ਸੀਅਤ ਦਾ, ਇੱਕ ਨਵਾਂ ਤੇ ਮਜ਼ਬੂਤ ਰੂਪ ਰੱਖਣਗੀਆਂ।
ਹਰ ਕਹਾਣੀ ਨਾਲ ਇੱਕ ਰੰਗਦਾਰ ਤਸਵੀਰ ਹੈ। ਕਹਾਣੀਆਂ ਨਾਲ ਲੱਗੀਆਂ ਇਹ ਤਸਵੀਰਾਂ ਸਿਖਾ ਗੁਪਤਾ ਦੁਆਰਾ ਤਿਆਰ ਕੀਤੀਆਂ ਗਈਆਂ ਹਨ।
ਹਰ ਤਸਵੀਰ ਤੁਹਾਡੀ ਮਦਦ ਕਰੇਗੀ ਕਿ ਤੁਸੀਂ ਇਹਨਾਂ ਹੱਡ-ਬੀਤੀਆਂ ਘਟਨਾਵਾਂ ਅਤੇ ਉਹਨਾਂ ਦੇ ਅਰਥਾਂ ਨੂੰ ਆਪਣੇ ਜੀਵਨ ਨਾਲ ਜੁੜਿਆ ਮਹਿਸੂਸ ਕਰ ਸਕੇ।