ਕੰਬਲ
ਬਹੁਤ ਜਣਿਆਂ ਲਈ ਸਵੇਰੇ ਜਲਦੀ ਉੱਠਣਾ ਵੀ ਵੱਡਾ ਸੰਘਰਸ਼ ਹੈ। ਮੈਂ ਉਹਨਾਂ ਲੋਕਾਂ ਨੂੰ ਵੀ ਦੇਖਿਆ ਹੈ ਜਿਹਨਾਂ ਨੂੰ 8 ਵਜੇ ਉੱਠਣ ਲਈ ਵੀ ਅਲਾਰਮ ਦੀ ਲੋੜ ਪੈਂਦੀ ਸੀ ਪਰ ਉਹ ਨੇਕ ਵੀ ਸਾਡੇ ਵਿੱਚੋਂ ਹੀ ਹਨ, ਜਿਹਨਾਂ ਨੂੰ ਮੈਂ ਦਿੱਲੀ ਤੋਂ ਆਪਣੀ ਵਾਪਸੀ ਵੇਲੇ ਸਵੇਰੇ 3:00 ਵਜੇ ਗੁਰੂ-ਘਰ ਸੀਸ ਗੰਜ ਸਾਹਿਬ ਵਿਖੇ ਸੇਵਾ ਕਰ ਰਹੇ ਦੇਖਦਾ ਹੁੰਦਾ ਸੀ। ਮੇਰੇ ਲਈ ਇਹ ਸੰਘਰਸ਼ਮਈ ਇਸ ਕਰਕੇ ਨਹੀਂ ਰਿਹਾ ਕਿਉਂ ਕਿ ਸਕੂਲ ਪੜ੍ਹਨ ਵੇਲੇ ਵੀ ਮੇਰੀ ਸਕੂਲ ਬੱਸ ਸਵੇਰੇ 6.30 ਵਜੇ ਸਾਡੇ ਘਰ ਕੋਲ ਪਹੁੰਚ ਜਾਂਦੀ ਸੀ ਤੇ ਮੇਰੇ ਕੋਲ ਲੇਟ ਉੱਠਣ ਵਾਲੀ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ ਸੀ। ਆਨਲਾਈਨ ਸੰਸ਼ਨ ਵਿੱਚ ਇਸ ਬਾਰੇ ਅਕਸਰ ਲੋਕਾਂ ਨਾਲ ਗੱਲਬਾਤ ਹੁੰਦੀ ਹੈ ਤੇ ਸਵੇਰੇ ਉੱਠਣ ਦੇ ਮਸਲੇ ਨੂੰ ਇੱਕ ਕਾਲਪਨਿਕ ਕਹਾਣੀ ਨਾਲ ਅੱਗੇ ਵਿਚਾਰਦੇ ਹਾਂ।
ਇੱਕ ਸਵੇਰ ਇੱਕ ਛੋਟੀ ਬੱਚੀ ਆਪਣੇ ਦਾਦਾ ਜੀ ਨਾਲ ਸੈਰ ਕਰ ਰਹੀ ਸੀ ਅਤੇ ਉਹਨਾਂ ਨੇ ਇੱਕ ਬੁੱਢਾ ਆਦਮੀ ਦੇਖਿਆ, ਜਿਹੜਾ ਕੰਬਲ ਲਪੇਟੀ ਜਾ ਰਿਹਾ ਸੀ। ਉਸ ਦਾ ਕੰਬਲ ਟਾਕੀਆਂ ਨਾਲ ਭਰਿਆ ਪਿਆ ਸੀ। ਬੱਚੀ ਨੇ ਆਪਣੇ ਦਾਦਾ ਜੀ ਤੋਂ ਇਸ ਬਜ਼ੁਰਗ ਬਾਰੇ ਪੁੱਛਿਆ। ਦਾਦਾ ਜੀ ਕਹਿੰਦੇ ਕਿ ਇਸ ਆਦਮੀ ਦਾ ਨਾਂ ਦਲਿੰਦਰ ਹੈ ਅਤੇ ਜੇ ਉਸਨੇ ਲਪੇਟਿਆ ਹੋਇਆ ਹੈ, ਉਹ ਹੈ - ਆਲਸ ਦਾ ਕੰਬਲ। ਸਵੇਰੇ ਨਿਤਨੇਮ ਦੇ ਸਮੇਂ. ਦਲਿੰਦਰ ਸਾਡੇ ਸਾਰਿਆਂ ਉੱਪਰ ਇਹ ਆਲਸ ਦਾ ਕੰਬਲ ਪਾ ਦਿੰਦਾ ਹੈ, ਤਾਂ ਜੋ ਕੋਈ ਵੀ ਨਾ ਤਾਂ ਪਰਮਾਤਮਾ ਦੇ ਨੇੜੇ ਜਾ ਸਕੇ ਤੇ ਨਾ ਆਪਣੀ ਜ਼ਿੰਦਗੀ ਦੇ ਟੀਚਿਆਂ ਦੇ।