ਆਪਾਂ ਸਭ ਨੇ ਦੇਖਿਆ ਹੋਣਾ ਹੈ ਕਿ ਸਾਨੂੰ ਸਭ ਤੋਂ ਵੱਧ ਨੀਂਦ ਉਸ ਵੇਲੇ ਹੀ ਆਉਂਦੀ ਹੈ ਤੇ ਉਹੀ ਸਮਾਂ ਐਸਾ ਹੁੰਦਾ ਹੈ ਕਿ ਸਾਨੂੰ ਬਿਸਤਰੇ ਜਾਂ ਰਜਾਈ ਦਾ ਮੋਹ ਤਿਆਗਣਾ ਔਖਾ ਲੱਗਦਾ ਹੈ। ਜਦੋਂ ਉਸ ਬੱਚੀ ਨੇ ਦਾਦਾ ਜੀ ਨੂੰ ਕੰਬਲ ਦੀਆਂ ਟਾਕੀਆਂ ਬਾਰੇ ਪੁੱਛਿਆ, ਤਾਂ ਉਹ ਕਹਿਣ ਲੱਗੇ ਕਿ "ਸਾਡੇ ਵਿੱਚੋਂ ਕੁਝ, ਜਿਹੜੇ ਸਖ਼ਤ ਮਿਹਨਤ ਅਤੇ ਸਵੇਰੇ ਜਲਦੀ ਉੱਠਣ ਲਈ ਵਚਨਬੱਧ ਹਨ, ਉਹ ਸਾਰੇ ਆਲਸ ਦੇ ਕੰਬਲ ਨੂੰ ਪਾੜ ਕੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਸਵੇਰੇ-ਸਵੇਰੇ ਬਾਹਰ ਨਿੱਕਲ ਆਉਣਗੇ। ਅਗਲੇ ਦਿਨ ਦਲਿੱਦਰ ਕੰਬਲ ਨੂੰ ਮੁੜ ਟਾਕੀਆਂ ਲਗਾ ਕੇ, ਫੇਰ ਦੁਬਾਰਾ ਸਾਡੇ ਸਾਰਿਆਂ ਉੱਪਰ ਪਾ ਦੇਵੇਗਾ।"
ਇਹ ਕਹਾਣੀ ਦੱਸਦੀ ਹੈ ਕਿ ਪ੍ਰੇਰਿਤ ਹੋਣਾ ਸਿਰਫ਼ ਇੱਕ ਦਿਨ ਦਾ ਕੰਮ ਨਹੀਂ ਹੁੰਦਾ। ਹਰ ਨਵੀਂ ਸਵੇਰ ਸਾਨੂੰ ਬਿਸਤਰੇ ਦੇ ਨਿੱਘ ਦਾ ਮੋਹ ਤਿਆਗਣਾ ਪੈਂਦਾ ਹੈ, ਦੁਬਾਰਾ ਆ ਰਹੀ ਨੀਂਦ ਦਾ ਮਾਇਆਜਾਲ ਤੋੜਨਾ ਪੈਂਦਾ ਹੈ ਅਤੇ ਦਲਿੱਦਰ ਨੂੰ ਹਰਾ ਕੇ ਆਪਣੇ ਸਫ਼ਰ 'ਤੇ ਨਿੱਕਲਣਾ ਪੈਦਾ ਹੈ, ਉਹ ਸਫ਼ਰ ਜਿਸ ਦੇ ਅੰਤ ਤੇ ਸਾਡੇ ਟੀਚੇ ਸਾਡੇ ਸੁਪਨੇ ਸਾਡੀ ਉਡੀਕ ਕਰ ਰਹੇ ਹੁੰਦੇ ਹਨ।
ਆਲਸ ਦੇ ਇਸ ਕੰਬਲ਼ ਹੇਠਾਂ ਅਸੀਂ ਸਾਰੇ ਬਹੁਤ ਵਾਰੀ ਸੁੱਤੇ ਹਾਂ। ਸਾਰਾ ਦਿਨ ਕੰਮ ਕਰਨ ਜਾਂ ਸਕੂਲ ਕਾਲਜ ਵਿੱਚ ਪੜ੍ਹਾਈ ਤੋਂ ਬਾਅਦ ਸੌਣ ਦੀ ਇੱਛਾ ਹੋਣਾ ਬੜਾ ਸੁਭਾਵਿਕ ਹੈ, ਪਰ ਇਹ ਯਾਦ ਰੱਖਣਾ ਵੀ ਲਾਜ਼ਮੀ ਹੈ ਕਿ ਆਲਸ ਇੱਕ ਕੰਬਲ ਹੈ।
ਇਹ ਸਾਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ, ਜਿਸ ਨਾਲ ਸਾਨੂੰ ਨਿੱਘਾ ਅਤੇ ਅਰਾਮਦਾਇਕ ਮਹਿਸੂਸ ਹੁੰਦਾ ਹੈ, ਪਰ ਇਹ ਇੱਕ ਜਾਲ ਵੀ ਹੈ। ਇਹ ਬਿਲਕੁਲ ਕਿਸੇ ਜਾਨਲੇਵਾ ਨਸ਼ੇ ਵਰਗਾ ਹੈ, ਜਿਹੜਾ ਉਸ ਮੌਕੇ ਤਾਂ ਅਨੰਦ ਨਾਲ ਭਰਿਆ ਮਹਿਸੂਸ ਹੁੰਦਾ ਹੈ, ਪਰ ਬਾਅਦ ਵਿੱਚ ਉਸ ਦੀ ਕੀਮਤ ਸਾਨੂੰ ਜ਼ਿੰਦਗੀ ਦੇ ਕੇ ਚੁਕਾਉਣੀ ਪੈਂਦੀ ਹੈ।
ਆਲਸ ਦਾ ਕੰਬਲ ਲਪੇਟ ਕੇ ਸੌਣਾ ਬਹੁਤ ਅਰਾਮਦਾਇਕ ਲੱਗਦਾ ਹੈ। ਨਸ਼ੇ ਦੀ ਤਰ੍ਹਾਂ ਉਸ ਵੇਲ਼ੇ ਤਾਂ ਸਾਨੂੰ ਇਹ ਬੜਾ ਵਧੀਆ ਮਹਿਸੂਸ ਹੋਵੇਗਾ, ਪਰ ਜ਼ਿੰਦਗੀ ਦੇ ਅਗਲੇ ਪੜਾਅ ਉੱਤੇ ਇਹੀ ਸਾਡੇ ਮਨ 'ਤੇ ਪਛਤਾਵੇ ਦਾ ਐਨਾ ਭਾਰ ਪਾ ਦੇਵੇਗਾ ਜਿਹੜਾ ਸਾਡੇ ਤੋਂ ਚੁੱਕਿਆ ਨਹੀਂ ਜਾ ਸਕੇਗਾ।