ਸੁਭੇ ਉਠ ਕੇ ਕਰ ਅਸ਼ਨਾਨ ਕੋ ਮੁਖ ਤੇ ਠਾਠੀ ਬੰਨ੍ਹੀ ਸਮਾਰ ।
ਪਾ ਕੇ ਬਰਦੀ ਰਾਜਾ ਆਮਦਾ ਰਾਮ ਚੰਦਾ ਲਾ ਲੀਨਾ ਦਰਬਾਰ ॥੧੮॥
ਲਾ ਕੇ ਤੇ ਦਰਬਾਰ ਨੂੰ ਅਕਬਰ ਸੇਖੂ ਨੂੰ ਬੁਲਵਾਏ।
ਸੇਖੂ ਆਇਆ ਹੈ ਦਰਬਾਰ ਮੇ ਦਿਤੀ ਪਿਤਾ ਸਲਾਮ ਬੁਲਾਏ।
ਅਕਬਰ ਸੇਖੂ ਤਾਈਂ ਤਾੜਦਾ ਦੁਸ਼ਟਾ ਮੁਖ ਨਾ ਮੁਝੇ ਦਖਾਏ।
ਤੈਨੂੰ ਸ਼ਰਮ ਨਾ ਔਂਦੀ ਐ ਮੂਰਖ ਦਿਤੀ ਬਾਪ ਦੀ ਝੰਡ ਲਹਾਏ।
ਅਗੇ ਬੇਗਮ ਰਾਣੀ ਲੁਟ ਲਈ ਦੁੱਲਾ ਲੈਂਦਾ ਇਜ਼ਤ ਲਾਏ।
ਜੇ ਹੈਂ ਤੂੰ ਮੇਰੀ ਤੁਖਮ ਦਾ ਜਾ ਕੇ ਦੁੱਲੇ ਨੂੰ ਬੰਨ੍ਹ ਲਿਆਏ।
ਜਿਊਂਦਾ ਲਿਆ ਦੇ ਦੁੱਲੇ ਨੂੰ ਬੰਨ੍ਹ ਕੇ ਚੜ੍ਹ ਜਾ ਹੱਥ ਤਲਵਾਰ ਉਠਾਏ।
ਜਾ ਕੇ ਲਾ ਦੇ ਪਿੰਡੀ ਵਿਚ ਮੋਰਚਾ ਸਣੇ ਨਾਰਾਂ ਨੂੰ ਬੰਨ੍ਹ ਲਿਆਏ।
ਚਾਹੇ ਲਿਆਈਂ ਦਗੇ ਫਰੇਬ ਸੇ ਕਹਿਕੇ ਭਾਈ ਲਈਂ ਬਨਾਏ।
ਕੇਰਾਂ ਲਿਆ ਦੁੱਲੇ ਨੂੰ ਸਾਹਮਣੇ ਦੇਮਾਂ ਕੁਤਿਆਂ ਤੋਂ ਤੜਵਾਏ।
ਹੁਣ ਤੁਰ ਜਾ ਮੇਰੇ ਪੁਤਰਾ ਰਾਮ ਚੰਦਾ ਦੁੱਲੇ ਨੂੰ ਐਥੇ ਲਿਆਏ ॥੧੯॥
ਸੇਖੂ ਸੁਣਕੇ ਪਿਤਾ ਦੀ ਤੁਰ ਪਿਆ ਨੇਤਰ ਲੀਨੇ ਲਾਲ ਬਨਾ।
ਨੰਗੀ ਤੇਗ ਤੇ ਬੀੜਾ ਚਕਿਆ ਮੈਂ ਦੁੱਲੇ ਨੂੰ ਫੜਨਾ ਜਾ।
ਚਾਹੇ ਲਿਆਮਾ ਬਹਾਨਾ ਲਾਇ ਕੇ ਕੇਰਾਂ ਦੇਮਾ ਲਾਹੌਰ ਪੁਚਾ।
ਚਾਹੇ ਬੀਰ ਬਣਾ ਕੇ ਲਿਆਮਣਾ ਚਾਹੇ ਖੇਲਾਂ ਕੋਈ ਦਾ।
ਮੈਂ ਖਾਲੀ ਨਾ ਮੁੜਕੇ ਆਮਦਾ ਮੈਂ ਆਖਾਂ ਐਨਾ ਚਾ।
ਕਹਿ ਕੇ ਸੇਖੂ ਤੁਰ ਪਿਯਾ ਲਏ ਛਾਂਟ ਮੈਂ ਜੁਆਨ ਰਲਾ ।
ਲੈ ਕੇ ਸੇਖੂ ਮੂਰੇ ਘੋੜਦਾ ਲਾਮਦਾ ਯਾਰੋ ਪੈ ਗਿਆ ਪਿੰਡੀ ਦੇ ਰਾ।
ਜਾਕੇ ਬਾਰ ਦੁੱਲੇ ਦੀ ਜਾ ਬੜਿਆ ਰਾਮ ਚੰਦ ਗਹਾਂ ਦਾ ਹਾਲ ਸੁਨਾ ॥ ੨੦ ॥
ਸੇਖੂ ਬਾਹਰ ਫੌਜ ਨੂੰ ਛਡ ਕੇ ਕਲਾ ਬੜਿਆ ਪਿੰਡੀ ਜਾਏ।
ਜਾ ਕੇ ਲਦੀ ਨੂੰ ਮੱਥਾ ਟੇਕਦਾ ਮਾਂ ਨੂੰ ਦਿਤੀ ਸਲਾਮ ਬੁਲਾਏ।
ਖੁਸ਼ਖਬਰੀ ਪੁਛੀ ਕੁਲ ਦੀ ਝੱਟ ਦੁੱਲਾ ਮਿਲਿਆਏ।
ਹੱਸ ਹੱਸ ਕੇ ਦੋਮੇ ਮਿਲ ਰਹੇ ਦੋਮੇ ਲੈਂਦੇ ਹਥ ਮਲਾਏ।