ਸੁਣ ਕਾਜੀ ਦੀ ਮਿਰਜਾ ਗਜਿਆ ਚੜਿਆ ਨੇਤਰ ਕਰਕੇ ਲਾਲ ।
ਘੇਰਾ ਪਾ ਲਿਆ ਨੂਰਖਾਂ ਨੂੰ ਜਾਇਕੇ ਮਿਰਜਾ ਆ ਗਿਆ ਤੂੰ ਹੋਸ਼ ਸੰਭਾਲ ।
ਸਠ ਮਾਰਤੇ ਨੂਰਖਾਂ ਦੇ ਨਾਲ ਦੇ ਖੰਡਾ ਮਾਰ ਕੇ ਤੇ ਕਰੇ ਹਲਾਲ ।
ਜਾਣ ਦੇਮਾ ਨਾ ਭਜੇ ਨੂੰ ਨੂਰਖਾਂ ਤੇਰਾ ਆਗਿਆ ਹੈ ਸਿਰਤੇ ਕਾਲ।
ਪਾਕੇ ਘੇਰਾ ਨੂਰਖਾਂ ਫੜ ਲਿਆ ਬੰਨਿਆ ਤੰਬੂ ਚਿ ਬੇੜੀ ਦੇ ਨਾਲ।
ਚਾਲੀ ਨੂਰਖਾਂ ਸਾਥੀ ਫੜ ਲਏ ਖੋਸੇ ਕਿਰਚ ਬੰਦੂਕ ਤੇ ਢਾਲ।
ਕੈਦ ਕਰਕੇ ਤੰਬੂ ਵਿਚ ਸਿਟਤੇ ਮਾਰ ਖੋਸੜੇ ਤੇ ਪੱਟਤੇ ਬਾਲ ।
ਘੇਰਾ ਪਾ ਲਿਆ ਪਿੰਡੀ ਨੂੰ ਜਾਇਕੇ ਮਿਰਜਾ ਲੁਟਦਾ ਹੈ ਮੌਜਾਂ ਨਾਲ ।
ਸਭ ਪਕੇ ਚੁਬਾਰੇ ਢਾ ਦਿਤੇ ਸਣੇ ਬੈਠਕਾਂ ਤਬੇਲੇ ਨਾਲ ।
ਕਲੇ ਮੇਰੂ ਦੀ ਬਾਹ ਨੀ ਚਲਦੀ ਟੁਟਿਆ ਅਮਲ ਹੈ ਮੇਰੂ ਨਢਾਲ ॥ ੫੧ ॥
ਮੁਗਲ ਗਜਦੇ ਪਿੰਡੀ ਦੇ ਵਿਚ ਜਾ ਬੜੇ ਸਣੇ ਗੋਲੀਆਂ ਤੇ ਚਲਦੇ ਤੀਰ ।
ਲੁਟ ਮਾਰ ਜਬਰ ਦੀ ਕਰ ਰਹੇ ਜਾ ਕੇ ਪੜਦਿਆਂ ਦੇ ਪਾੜੇ ਚੀਰ।
ਕਾੜ ਕਾੜ ਗੋਲੀ ਚਲਦੀ ਕੜੀ ਛਡੀ ਦਬਾਲਨਾ ਸ਼ਤੀਰ ।
ਪਿੰਡੀ ਸ਼ਹਿਰ ਉਜਾੜ ਬਣਾ ਦਿੱਤਾ ਰੋਂਦੇ ਭਟੀ ਜੋ ਸਿਟਕੇ ਨੀਰ।
ਮੇਰੂ ਪੋਸਤੀ ਮਸੀਤ ਵਿਚ ਜਾ ਲੁਕਿਆ ਦੁੱਲਾ ਐਥੇ ਨੀ ਮਾਂ ਦਾ ਜਾਯਾ ਬੀਰ ।
ਦੁਖੀ ਹੋਇਆ ਬੀ ਅਮਲ ਟੁਟਿਆ ਲੁਕ ਲੁਕ ਕੇ ਬਚਾਬੇ ਸਰੀਰ ।
ਜਾ ਕੇ ਦੁੱਲੇ ਦੇ ਮੈਹਲੀਂ ਜਾ ਬੜੇ ਲਦੀ ਭੁਲਰ ਫੜੀ ਅਖੀਰ ।
ਦੋਮੇ ਦੁੱਲੇ ਦੀਆਂ ਭੈਣਾਂ ਬਨ੍ਹੀਆਂ ਲੈਗੇ ਖੇੜੇ ਜਿਉਂ ਰਾਂਝੇ ਦੀ ਹੀਰ।
ਤਖਤੋ ਬਖਤੋ ਦੋਮੇ ਭੈਣਾਂ ਰੋਂਦੀਆਂ ਸਾਡਾ ਰਿਹਾ ਨਾ ਪਿੰਡੀ ਵਿਚ ਸੀਰ
ਅਸੀਂ ਨਿਜ ਆਈਆਂ ਐਥੇ ਮਿਲਣ ਕੋ ਦਗਾ ਦੇਗਿਆ ਹੈ ਦੁੱਲਾ ਬੀਰ।
ਸਭ ਨਾਰਾਂ ਨੂੰ ਬੰਨ੍ਹਕੇ ਲੈਗਿਆ ਮਿਰਜਾ ਤੰਬੂ 'ਚ ਲੈ ਗਿਆ ਪੀਰ ।
ਨਾਰਾਂ ਦੁੱਲੇ ਨੇ ਬਗਮ ਕੋਲੋਂ ਲੁਟੀਆਂ ਖੁਸ਼ੀ ਓਨਾਂ ਦਾ ਹੋਯਾ ਸਰੀਰ।
ਲੁਟ ਮਾਰਕੇ ਮਿਰਜਾ ਲੈਗਿਆ ਮੇਰੂ ਰੋਂਦਾ ਬਹਾ ਕੇ ਨੀਰ।