ਹਾਥੀ ਬਾੜੇ ਵਿਚ ਹੈ ਬਾਗਲ ਦੇ ਸੰਗਲ ਮਾਰੇ ਨੇ ਸਰੇਆਮ।
ਜੇਹੜੇ ਨੌਕਰ ਗੋਲੀ ਬਾਂਦੀਆਂ ਸਬ ਕੋ ਜਗਾ ਦਬਾਈ ਲਾਮ ।
ਲੋਹੇ ਚਾੜ੍ਹੀ ਰੋਟੀ ਕਰ ਦਈ ਉਤੇ ਰਾਤ ਜੋ ਪੈਗੀ ਸਿਆਮ ।
ਹੁਣ ਸੇਬਾ ਰਾਣੀ ਦੀ ਹੋਮਦੀ ਪਿਸਤਾ ਔਰ ਬਦਾਮ ।
ਰਾਮ ਚੰਦਾ ਦੁੱਲਾ ਹੁਸ਼ਿਆਰ ਸੀ ਸਾਰਾ ਧਨ ਜੋ ਕਰ ਦੁਖਾਮ ॥੫॥
ਸਬ ਕੋ ਦਾਣਾ ਨੀਰਾ ਦੇ ਦਿਤਾ ਜੇਹੜੇ ਘੋੜੇ ਹਾਥੀ ਨਾਲ।
ਖਾਣਾ ਖਾ ਕੇ ਸਾਰੇ ਸੌਂ ਗਏ ਨਹੀਂ ਦਿਲ ਵਿਚ ਕੋਈ ਖਿਆਲ ।
ਬੇਗਮ ਦੁੱਲਾ ਗੱਲਾਂ ਮਾਰਦੇ ਦੁਖ ਸੁਖ ਪੁਛੇ ਕੋਲ ਬਹਾਲ ।
ਬੇਗਮ ਦਿੰਦੀ ਜੇਬਰ ਲਾਇਕੇ ਦੁੱਲਾ ਲੈਂਦਾ ਤੁਰਤ ਸੰਭਾਲ।
ਜੇਹੜਾ ਧਨ ਸੀ ਖਚਰ ਲਦਿਆ ਓਬੀ ਸਾਂਭਿਆ ਭੱਟੀ ਦਲਾਲ ।
ਉੱਤੋਂ ਰਾਤ ਜੋ ਅੱਧੀ ਬੀਤਗੀ ਸਾਰੇ ਸੌਂਗੇ ਸੁਰਤ ਨਾ ਡਾਲ।
ਦੁੱਲਾ ਆਖੇ ਮਾਤਾ ਸੌਂ ਜਾਓ ਸੁਭਾ ਉਠਣਾ ਪ੍ਰਾਤਾਕਾਲ।
ਰਾਮ ਚੰਦਾ ਬੇਗਮ ਸੌਂ ਗਈ ਹੁਣ ਖੇਲੂ ਦੁੱਲਾ ਚਾਲ ॥੬॥
ਕਹੇ ਦੁੱਲੇ ਦੇ ਬੇਗਮ ਸੌਂ ਗਈ ਦਿਤੀ ਨੀਂਦ ਨੇ ਲੇਰੀ ਆਨ।
ਧੰਨ ਜੇਬਰ ਕਢਿਆ ਨਾਰ ਦਾ ਰਖਿਆ ਕੋਠੀ ਦੇ ਵਿਚ ਜਾਨ ।
ਨਾਲੇ ਮੋਹਰਾਂ ਦੀ ਗੂਣ ਉਠਾ ਲਈ ਰਾਣੀ ਸੁਤੀ ਚਾਦਰ ਤਾਨ ।
ਘੋੜੇ ਖੋਲੇ ਤਬੇਲਿਓ ਸੂਰਮਾ ਵਡੇ ਸਦ ਕੇ ਆਪਣੇ ਜੁਆਨ ।
ਸਾਰੇ ਦੋਸਤ ਯਾਰ ਬੁਲਾ ਲਏ ਭੱਟੀ ਸੂਰੇ ਤਾਕਤ ਬਾਨ ।
ਪੰਜੇ ਹਾਥੀ ਖੋਲੇ ਸੂਰਮਾ ਬੰਨੇ ਆਪਣੇ ਕਿੱਲੇ ਦਰਮਿਆਨ।
ਜਿੰਨੇ ਸ਼ਸਤਰ ਬੇਗਮ ਨਾਲ ਸੀ ਰਫਲਾਂ ਭਾਲੇ ਕਿਰਚ ਕ੍ਰਿਪਾਨ।
ਸਾਰੇ ਚੁਕਕੇ ਦੁੱਲਾ ਲੈ ਗਿਆ ਖਾਲੀ ਕੀਤਾ ਸਾਫ ਮਦਾਨ ।
ਸਬ ਤੇ ਨੀਂਦ ਨੇ ਘੇਰਾ ਪਾ ਲਿਆ ਬੀਰਾ ਅਗੇ ਸੁਣੋ ਬਿਆਨ ॥੭॥
ਸੁਤੀ ਬੇਗਮ ਬੈਠਗੀ ਚੜ੍ਹਦੇ ਸੂਰਜ ਨਾਲ।
ਹੁਕਮ ਸੁਣਾਇਆ ਨਫਰ ਕੋ ਕਰੋ ਤਿਆਰੀ ਸਾਂਭੋ ਮਾਲ ।
ਪੈਹਲਾਂ ਲਿਆ ਦੁੱਲੇ ਨੂੰ ਸਦਕੇ ਨੌਕਰ ਚਲਿਆ ਫੁਰਤੀ ਨਾਲ।
ਨੌਕਰ ਜਾ ਦੁੱਲੇ ਨੂੰ ਬੋਲਦਾ ਤੈਨੂੰ ਸੱਦੇ ਬੇਗਮ ਲਾਲ ।