ਦੁੱਲਾ ਝੱਟ ਬੇਗਮ ਪਾਸ ਆ ਗਿਆ ਰਾਣੀ ਲੈਂਦੀ ਪਾਸ ਬਹਾਲ।
ਬੇਟਾ ਕਰ ਦੇ ਤਿਆਰੀ ਜਾਣ ਦੀ ਚੰਗੀ ਲਈ ਮੈਂ ਰਾਤ ਨਕਾਲ ।
ਮੇਰਾ ਜੇਬਰ ਮਾਇਆ ਲਿਆਨ ਦੇ ਮਕੇ ਪੌਂਚਾਂ ਖੁਸ਼ੀਆਂ ਨਾਲ।
ਮੇਰੇ ਹਾਥੀ ਘੋੜੇ ਪੀੜ ਦੇ ਸਾਰੇ ਦੇ ਦੇ ਹਥਿਆਰ ਨਿਕਾਲ।
ਦਿਨ ਚੜ੍ਹ ਗਿਆ ਛੇਤੀ ਤੋਰ ਦੇ ਜਿਉਂਦੀ ਰਹੀ ਮਿਲੂੰ ਮੈਂ ਬਾਲ।
ਤੈਂ ਸੇਬਾ ਕੀਤੀ ਮੁਜਦੀ ਰਾਮ ਚੰਦਾ ਸਿਮਰ ਗੋਪਾਲ ॥੮॥
ਦੁੱਲਾ ਭੱਟੀ ਮੁਰੋ ਬੋਲਦਾ ਕਹੇ ਬੇਗਮ ਤਾਈਂ ਪੁਕਾਰ।
ਕੇਹੜਾ ਧੰਨ ਜੇਬਰ ਤੈਂ ਬਖਸ਼ਿਆ ਘੜੀ ਘੜੀ ਕਰੇਂ ਤਕਰਾਰ ।
ਨਾਲੇ ਸੇਬਾ ਕੀਤੀ ਤੁਧ ਦੀ ਐਮੇ ਰਹੀ ਹੈ ਚੂੰਨਾ ਮਾਰ।
ਕੇਹੜੇ ਹਾਥੀ ਘੋੜੇ ਸੰਗ ਥੇ ਜੇੜੇ ਮਕੇ ਨੂੰ ਪਾਮਾਂ ਲਾਰ।
ਐਮੇ ਨਿਮਕ ਹਰਾਮੀ ਕਰ ਰਹੀ ਤੰਗ ਕਰਦੀ ਹੈ ਲਖਬਾਰ ।
ਤੁਸੀਂ ਨਾਰਾਂ ਟੂਣੇ ਹਾਰੀਆਂ ਛਡ ਖਸਮਾਂ ਨੂੰ ਰਖਣ ਯਾਰ।
ਕੱਟੀ ਰਾਤ ਜੋ ਤੋਮਤ ਲਾਮਦੀ ਬੋਲੇ ਝੂਠ ਤੂੰ ਖੜੀ ਬਦਕਾਰ ।
ਏਥੋਂ ਲੈ ਕੇ ਇਜਤ ਨਿਕਲ ਜਾ ਨਹੀਂ ਸੋਟੇ ਲਾਦੂੰ ਚਾਰ।
ਕਿਥੇ ਸਿਆਣੂ ਦੁੱਲੇ ਦੀ ਆ ਗਈ ਪਟ ਗੁਤ ਨੀ ਧਕੇ ਚਾਰ ।
ਰਾਮਚੰਦਾ ਜੋ ਦੁੱਲਾ ਘੂਰਦਾ ਨਹੀਂ ਰੰਨਾਂ ਦਾ ਅਤਬਾਰ ॥੯॥
ਚੰਗਾ ਕੰਮ ਨੀ ਕੀਤਾ ਦੁਲਿਆ ਜੇਹੜਾ ਮਾਂ ਨੂੰ ਕਰਦਾ ਤੰਗ ।
ਧੰਨ ਜੇਬਰ ਮੇਰਾ ਲਿਆਨ ਦੇ ਨਹੀਂ ਭਾਰੀ ਹੋਣਗੇ ਜੰਗ ।
ਜਿਮੇ ਆਏ ਹਾਂ ਮਕੇ ਨੂੰ ਤੋਰਦੇ ਕੱਸ ਘੋੜੇ ਹਾਥੀ ਸੰਗ।
ਡਰ ਮੰਨ ਲੈ ਅਕਬਰ ਭੂਪ ਦਾ ਤੂੰ ਸਕਦਾ ਨਹੀ ਮੂਰੇ ਖੰਗ।
ਤੂੰ ਦੁਲਿਆ ਤੁਖਮ ਹਰਾਮ ਦੀ ਫਿਰਦਾ ਪਿੰਡੀ ਵਿਚ ਮਲੰਗ ।
ਨਾਲੇ ਸੇਖੂ ਨੂੰ ਖਾਮਾ ਭੁੰਨਕੇ ਤੈਨੂੰ ਆਖੇ ਬੀਰ ਨਸੰਗ ।
ਤੈਨੂੰ ਪਾਪੀਆ ਫਾਹੇ ਟੰਗਾਮਣਾਂ ਮੇਰਾ ਡਰ ਨੀ ਮੰਨਦਾ ਨੰਗ ।
ਸਾਰੇ ਸੰਗਦੇ ਨੌਕਰ ਸੋਚਦੇ ਹਥੋਂ ਖਾਲੀ ਕਰੇ ਮਲੰਗ।
ਸ਼ੋਰ ਪੈਗੀ ਪਿੰਡੀ 'ਚ ਰਾਮਚੰਦ ਸਾਥੀ ਦੁੱਲੇ ਦੇ ਰਹੇ ਨੇ ਖੰਗ ॥੧੦॥