ਅਕਬਰ ਨੇ ਸੇਖੂ ਸਦਿਆ ਕੋਲੇ ਲਿਆ ਬੁਲਾ।
ਰਾਜਾ ਸੇਖੂ ਨੂੰ ਤੜਾਂ ਦੇਮਦਾ ਲਈ ਦੁੱਲੇ ਸੇ ਪੱਗ ਬਟਾ ।
ਤੈਨੂੰ ਸ਼ਰਮ ਨਾ ਆਈ ਗੰਦਿਆ ਦਿਤਾ ਬਾਪ ਨੂੰ ਦਾਗ ਲਗਾ ।
ਤੇਰੀ ਮਾਂ ਦੀ ਗੁਤ ਨੀ ਮੁਨਤੀ ਦਿਤਾ ਕਾਲਾ ਮੂੰਹ ਕਰਬਾ।
ਜੇਬਰ ਮਾਇਆ ਸਾਰੇ ਲੁਟ ਲਏ ਘੋੜੇ ਹਾਥੀ ਲਏ ਲੁਕਾ।
ਸਾਰੇ ਖੋ ਲਏ ਨੇ ਹਥਿਆਰ ਨੇ ਬਾਂਦੀਆਂ ਲਈਆਂ ਘਰੇ ਬਸਾ ।
ਬੇਗਮ ਗਈ ਸੀ ਮਕੇ ਦੇ ਹਜ ਨੂੰ ਦਿੱਤਾ ਪਿੰਡੀ ਹਜ ਕਰਾ।
ਓਹਨੂੰ ਭਾਈ ਧਰਮ ਦਾ ਆਖਦਾ ਪਗ ਦੁੱਲੇ ਸੇ ਲਈ ਬਟਾ।
ਮੇਰੀ ਚਰਚਾ ਹੋ ਗਈ ਦੇਸ ਮੇਂ ਤੇਰੀ ਦੇਮਾਂ ਖੱਲ ਲੁਹਾ ।
ਅੱਗੇ ਲੇਖੂ ਖਤਰੀ ਲੁਟਿਆ ਨਾਲੇ ਚੰਦੂ ਬਾਣੀਆ ਜਾ ।
ਨਾਲੇ ਗੁਰਸੁਖ ਰੋੜਾ ਲੁਟਿਆ ਬਿਰਜੂ ਆਇਆ ਸੁਨਿਆਰ ਲੁਟਾ।
ਹੋਰ ਬਹੁਤ ਦੁੱਲੇ ਨੇ ਲੁਟ ਲਏ ਤੈਂ ਦਿਤੇ ਮਾਫ ਕਰਾ।
ਹੁਣ ਤੇਰੀ ਮਾਂ ਤੇ ਹਥ ਫੇਰਤਾ ਰਾਮਚੰਦ ਕਥਕੇ ਗਾਹਾਂ ਸੁਨਾ ।੧੩।
ਬੇਗਮ ਰਾਣੀ ਚੁਪਕੀ ਬੈਠਗੀ ਦੇਕੇ ਪੁਤ ਨੂੰ ਗਾਲ ਹਜਾਰ।
ਐਹਲਕਾਰ ਸਬ ਸਦ ਲਏ ਲਾਇਆ ਅਕਬਰ ਨੇ ਦਰਬਾਰ।
ਨੇਤਰ ਮਚਦੇ ਬਾਂਗ ਮਸਾਲ ਦੇ ਰਾਜੇ ਚੜਿਆ ਜੋਸ਼ ਅਪਾਰ।
ਅਕਬਰ ਸਦੇ ਛਾਂਟ ਜੁਆਨ ਜੋ ਗਿਣਤੀ ਵਿਚ ਸੀ ਡੇਢ ਹਜਾਰ।
ਸਬ ਚੜ੍ਹ ਘੋੜਿਆਂ ਤੇ ਤੁਰ ਪਏ ਪੰਜੇ ਲਾ ਲਾ ਕੇ ਹਥਯਾਰ।
ਜਾਕੇ ਵਿਚ ਪਿੰਡੀ ਦੇ ਪੌਂਚ ਗਏ ਜੇਹੜੀ ਸੱਦਨ ਦੁੱਲੇ ਦੀ ਬਾਰ।
ਤੰਬੂ ਲਾਤਾ ਹੈ ਵਿਚ ਬਾਗ ਦੇ ਰਾਜਾ ਖੇਲੇ ਮਿਰਗ ਸ਼ਕਾਰ।
ਦੁਖੀ ਕੀਤਾ ਜੰਗਲੀ ਜਾਨਬਰ ਬਾਗ ਪਟਿਆ ਬੇਸ਼ੁਮਾਰ।
ਅਕਬਰ ਆਖੇ ਖੇਲ ਸ਼ਕਾਰ ਜੋ ਫੇਰ ਫੜਨਾ ਦੁੱਲਾ ਬਦਕਾਰ ।
ਓਨੇ ਦੁੱਲਾ ਮਾਮੂਲੀ ਸਮਝਿਆ ਖੇਲੇ ਤੀਰਾਂ ਨਾਲ ਸ਼ਕਾਰ ।
ਦੁਖੀ ਮਿਰਗ ਦੁੱਲੇ ਦੇ ਭੱਜ ਗਏ ਮਾਲੀ ਰੋਬੇ ਧਾਹਾਂ ਮਾਰ।
ਸਾਰਾ ਬਾਗ ਦੁੱਲੇ ਦਾ ਉਜਾੜਤਾ ਮਾਲੀ ਕੁਟਿਆ ਬੇਸ਼ੁਮਾਰ।
ਅਕਬਰ ਬੀਰਬਲ ਦੋਮੇਂ ਬੋਲਦੇ ਸੁਣ ਮਾਲੀ ਅਰਜ ਗੁਮਾਰ ।
ਜਾਕੇ ਕੋਲ ਦੁੱਲੇ ਦੇ ਦਸਦੇ ਚੜਕੇ ਆਗੀ ਹੈ ਸਰਕਾਰ ।