ਦੁੱਲੇ ਪਾਸ ਤਿਆਰੀ ਡਬਲ ਸੀ ਪੂਰੇ ਜੰਗ ਦਾ ਜੋਸ਼ ਅਪਾਰ ।
ਪੰਜ ਸੌ ਮਾਰਿਆ ਜੁਆਨ ਲਾਹੌਰ ਦਾ ਮੇਰੇ ਦੁੱਲੇ ਦੇ ਪੰਜ ਅਸਬਾਰ।
ਫੌਜੀ ਅਕਬਰ ਜੀ ਦੇ ਭਜ ਗਏ ਜਾਂਦੇ ਭਜੇ ਬੇਸ਼ਮਾਰ।
ਅਕਬਰ ਜਾ ਕੇ ਮੂਰੇ ਘੇਰਿਆ ਰਾਜਾ ਡਰ ਸਿਟੇ ਹਥਿਆਰ।
ਸਭ ਦੇ ਘੋੜੇ ਸ਼ਸਤਰ ਖਸਲੇ ਅਕਬਰ ਹੋਕੇ ਖੜਾ ਲਚਾਰ।
ਦੋਮੇ ਰਾਜਾ ਮੰਤਰੀ ਪਿੱਟਦੇ ਰਾਮਚੰਦਾ ਸਿਮਰੋ ਕ੍ਰਿਸ਼ਨ ਮੁਰਾਰ ।।੧੬॥
ਜਾਕੇ ਦੁੱਲੇ ਨੇ ਘੇਰਾ ਪਾ ਲਿਆ ਅਕਬਰ ਜਾਂਦਾ ਸੀ ਚੌੜ ਚਪੱਟ ।
ਦੁੱਲਾ ਮੂਰੇ ਜਾ ਕੇ ਘੇਰਦਾ ਨਹੀਂ ਦਿਤਾ ਟਪਣ ਬੱਟ।
ਫੜਕੇ ਬਾਹੋਂ ਹੇਠਾਂ ਸਿਟਿਆ ਛਾਤੀ ਉਤੇ ਬਹਿ ਗਿਆ ਜੱਟ।
ਛਾਤੀ ਉਤੇ ਛਾਲਾਂ ਮਾਰਦਾ ਜਿਮੇ ਚੜੇ ਸੁਹਾਗੇ ਜੱਟ।
ਦਾਹੜੀ ਖਿਚਤੀ ਦੁੱਲੇ ਰਾਠ ਨੇ ਪੱਟੀ ਮੁਛ ਹੈ ਦੇ ਕੇ ਬੱਟ।
ਦਾਹੜੀ ਮੁਛਾਂ ਦੋਮੇ ਰਗੜੀਆਂ ਨਾਲੇ ਸਿਰ ਤੋਂ ਖਿਚੀ ਲੱਟ ।
ਸਾਰਾ ਮੂੰਹ ਸਿਰ ਕਾਲਾ ਕਰ ਦਿਤਾ ਜਿਮੇ ਗੀਠੀ ਚੜਿਆ ਮੱਟ ।
ਰਾਜਾ ਮੰਤਰੀ ਧਾਹਾਂ ਮਾਰਦੇ ਰਹੇ ਨਾਮ ਦੁੱਲੇ ਦਾ ਰੱਟ॥੧੭॥
ਦੋਮੇ ਦੁੱਲੇ ਦੇ ਪੈਰੀ ਪੈ ਗਏ ਹਥ ਬੰਨ ਕਰਦੇ ਖੜੇ ਜੁਹਾਰ ।
ਸਰਨ ਆਏ ਨੂੰ ਸੂਰਾ ਬਖਸ਼ਦਾ ਰਾਜਾ ਮਿੰਨਤਾਂ ਕਰੇ ਹਜਾਰ।
ਸਾਰੇ ਬਸਤਰ ਸ਼ੱਸਤਰ ਲਾਹ ਲਏ ਤੋਰੇ ਦੁੱਲੇ ਨੇ ਧੱਕੇ ਮਾਰ।
ਦੋਮੇ ਪੈਦਲ ਰੋਂਦੇ ਜਾਮਦੇ ਕੈਂਦੇ ਬਖਸ਼ੀ ਜਿੰਦ ਮੁਰਾਰ ।
ਦੋਮੇ ਜਾਂਦੇ ਠੋਕਰ ਖਾਮਦੇ ਪੌਂਹਚੇ ਸ਼ੈਹਰ ਮੇਂ ਹੋ ਲਚਾਰ।
ਦਿਨ ਛਿਪ ਗਿਆ ਸ਼ਰਮ ਜੋ ਆਮਦੀ ਉਤੇ ਹੋ ਗਿਆ ਨ੍ਹੇਰ ਗੁਬਾਰ।
ਚੁਪ ਕੀਤੇ ਮੈਹਲ ਮੇਂ ਆ ਬੜੇ ਬੇਗਮ ਕਹੇ ਆਈ ਸਰਕਾਰ।
ਜਦ ਮੂੰਹ ਸਿਰ ਕਾਲਾ ਦੇਖਿਆ ਦਾਹੜੀ ਮੁੰਨੀ ਖੂਬ ਸਮਾਰ।
ਬੇਗਮ ਆਖੇ ਇਕੋ ਜੇਹੀ ਹੋ ਗਈ ਦੋਮੇ ਮਾਂਜੇ ਮਰਦ ਤੇ ਨਾਰ।
ਕਦੇ ਰੋਂਦੇ ਦੋਮੇ ਹਸਦੇ ਦੁੱਲਾ ਭਰ ਗਿਆ ਨਾਲ ਹੰਕਾਰ ।
ਚੁਪ ਕਰਕੇ ਰਾਤ ਲੰਘਾ ਲਈ ਚੜਿਆ ਸੂਰਜ ਮਿਟੇ ਅੰਦਾਰ।