੪੫
ਨਾ ਖ਼ੁਦਾ ਮਸੀਤੇ ਲਭਦਾ, ਨਾ ਖ਼ੁਦਾ ਵਿਚ ਕਾਅਬੇ ।
ਨਾ ਖ਼ੁਦਾ ਕੁਰਾਨ ਕਿਤਾਬਾਂ, ਨਾ ਖ਼ੁਦਾ ਨਮਾਜ਼ੇ ।
੪੬
ਨਾ ਖ਼ੁਦਾ ਮੈਂ ਤੀਰਥ ਡਿੱਠਾ, ਐਵੇਂ ਪੈਂਡੇ ਝਾਗੇ ।
ਬੁੱਲ੍ਹਾ ਸ਼ਹੁ ਜਦ ਮੁਰਸ਼ਦ ਮਿਲ ਗਿਆ, ਟੁੱਟੇ ਸਭ ਤਗਾਦੇ ।
੪੭
ਰੰਘੜ ਨਾਲੋਂ ਖਿੰਘਰ ਚੰਗਾ, ਜਿਸ ਪਰ ਪੈਰ ਘਸਾਈਦਾ ।
ਬੁੱਲ੍ਹਾ ਸ਼ਹੁ ਨੂੰ ਸੋਈ ਪਾਵੇ , ਜੋ ਬੱਕਰਾ ਬਣੇ ਕਸਾਈ ਦਾ ।
੪੮
ਠਾਕੁਰ ਦੁਆਰੇ ਠੱਗ ਬਸੇਂ, ਭਾਈ ਦਵਾਰ ਮਸੀਤ ।
ਹਰਿ ਕੇ ਦਵਾਰੇ ਭਿੱਖ ਬਸੇਂ, ਹਮਰੀ ਇਹ ਪਰਤੀਤ ।
੪੯
ਉਹ ਹਾਦੀ ਮੇਰੇ ਅੰਦਰ ਬੋਲਿਆ, ਰੁੜ੍ਹ ਪੁੜ੍ਹ ਗਏ ਗੁਨਾਹਾਂ ।
ਪਹਾੜੀਂ ਲੱਗਾ ਬਾਜਰਾ, ਸ਼ਹਿਤੂਤ ਲੱਗੇ ਫਰਵਾਹਾਂ ।
੫੦
ਵਹਦਤ ਦੇ ਦਰਿਆ ਦਸੇਂਦੇ, ਮੇਰੀ ਵਹਦਤ ਕਿਤ ਵਲ ਧਾਈ।
ਮੁਰਸ਼ਦ ਕਾਮਿਲ ਪਾਰ ਲੰਘਾਇਆ , ਬਾਝ ਤੁਲ੍ਹੇ ਸਰਨਾਹੀ ।
੫੧
ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਜਿਚਰ ਦਿਲੋਂ ਨਾ ਆਪ ਮੁਕਾਈਏ ।
ਗੰਗਾ ਗਿਆਂ ਗੱਲ ਮੁਕਦੀ ਨਾਹੀਂ, ਭਾਵੇਂ ਸੌ ਸੌ ਗ਼ੋਤੇ ਲਾਈਏ ।
ਗਇਆ ਗਇਆਂ ਗੱਲ ਮੁਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ ।
ਬੁਲ੍ਹਾ ਸ਼ਾਹ ਗੱਲ ਮੁਕਦੀ ਤਾਹੀਂ, ਜਦ ਮੈਂ ਨੂੰ ਖੜੇ ਲੁਟਾਈਏ ।
ਸੀਹਰਫ਼ੀਆਂ
ਪਹਿਲੀ ਸੀਹਰਫ਼ੀ
ਲਾਗੀ ਰੇ ਲਾਗੀ ਬਲ ਬਲ ਜਾਵੇ।
ਇਸ ਲਾਗੀ ਕੋ ਕੌਣ ਬੁਝਾਵੇ।
ਅਲਫ਼-
ਅੱਲ੍ਹਾ ਜਿਸ ਦਿਲ ਪਰ ਹੋਵੇ, ਮੂੰਹ ਜ਼ਰਦੀ ਅੱਖੀਂ ਲਹੂ ਭਰ ਰੋਵੇ,
ਜੀਵਨ ਆਪਣੇ ਤੋਂ ਹੱਥ ਧੋਵੇ, ਜਿਸ ਨੂੰ ਬਿਰਹੋਂ ਅੱਗ ਲਗਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਬੇ-
ਬਾਲਣ ਮੈਂ ਤੇਰਾ ਹੋਈ, ਇਸ਼ਕ ਨਜ਼ਾਰੇ ਆਣ ਵਗੋਈ,
ਰੋਂਦੇ ਨੈਣ ਨਾ ਲੈਂਦੇ ਢੋਈ, ਲੂਣ ਫੱਟਾਂ ਤੇ ਕੀਕਰ ਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਤੇ-
ਤੇਰੇ ਸੰਗ ਪ੍ਰੀਤ ਲਗਾਈ, ਜੀਊ ਜਾਮੇ ਦੀ ਕੀਤੀ ਸਾਈ,
ਮੈਂ ਬਕਰੀ ਤੁਧ ਕੋਲ ਕਸਾਈ, ਕਟ ਕਟ ਮਾਸ ਹੱਡਾਂ ਨੂੰ ਖਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸੇ-
ਸਾਬਤ ਨੇਹੁੰ ਲਾਇਆ ਮੈਨੂੰ, ਦੂਜਾ ਕੂਕ ਸੁਣਾਵਾਂ ਕੀਹਨੂੰ,
ਰਾਤ ਅੱਧੀ ਉੱਠ ਠਿਲਦੀ ਨੈਂ ਨੂੰ, ਕੂੰਜਾਂ ਵਾਂਗ ਪਈ ਕੁਰਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜੀਮ-
ਜਹਾਨੋਂ ਹੋਈ ਸਾਂ ਨਿਆਰੀ, ਲਗਾ ਨੇਹੁੰ ਤਾਂ ਹੋਏ ਭਿਖਾਰੀ,
ਨਾਲ ਸਰ੍ਹੋਂ ਦੇ ਬਣੇ ਪਸਾਰੀ, ਦੂਜਾ ਦੇ ਮਿਹਣੇ ਜੱਗ ਤਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਹੇ-
ਹੈਰਤ ਵਿਚ ਸ਼ਾਂਤ ਨਾਹੀਂ, ਜ਼ਾਹਰ ਬਾਤਨ ਮਾਰਨ ਢਾਈਂ,
ਝਾਤ ਘੱਤਣ ਨੂੰ ਲਾਵਣ ਵਾਹੀਂ, ਸੀਨੇ ਸੂਲ ਪ੍ਰੇਮ ਦੇ ਧਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਖ਼ੇ-
ਖ਼ੂਬੀ ਹੁਣ ਉਹ ਨਾ ਰਹੀਆ, ਜਬ ਕੀ ਸਾਂਗ ਕਲੇਜੇ ਸਹੀਆ,
ਆਈਂ ਨਾਲ ਪੁਕਾਰਾਂ ਕਹੀਆਂ, ਤੁਧ ਬਿਨ ਕੌਣ ਜੋ ਆਣ ਬੁਝਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਦਾਲ-
ਦੂਰੋਂ ਦੁੱਖ ਦੂਰ ਨਾ ਹੋਵੇ, ਫੱਕਰ ਫ਼ਰਾਕੋਂ ਬਹੁਤਾ ਰੋਵੇ,
ਤਨ ਭੱਠੀ ਦਿਲ ਖਿੱਲਾਂ ਧਨੋਵੇ, ਇਸ਼ਕ ਅੱਖਾਂ ਵਿਚ ਮਿਰਚਾਂ ਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ਾਲ-
ਜ਼ੌਕ ਦੁਨੀਆਂ ਤੇ ਇਤਨਾ ਕਰਨਾ, ਖ਼ੌਫ਼ ਹਸ਼ਰ ਦੇ ਥੀਂ ਡਰਨਾ,
ਚਲਣਾ ਨਬੀ ਸਾਹਿਬ ਦੇ ਸਰਨਾ, ਓੜਕ ਜਾ ਹਿਸਾਬ ਕਰਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਰੇ-
ਰੋਜ਼ ਹਸ਼ਰ ਕੋਈ ਰਹੇ ਨਾ ਖ਼ਾਲੀ, ਲੈ ਹਿਸਾਬ ਦੋ ਜੱਗ ਦਾ ਵਾਲੀ,
ਜ਼ੇਰ ਜ਼ਬਰ ਸਭ ਭੁੱਲਣ ਆਲੀ, ਤਿਸ ਦਿਨ ਹਜ਼ਰਤ ਆਪ ਛੁਡਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ੇ-
ਜ਼ੁਹਦ ਕਮਾਈ ਚੰਗੀ ਕਰੀਏ, ਜੇਕਰ ਮਰਨ ਤੋਂ ਅੱਗੇ ਮਰੀਏ,
ਫਿਰ ਮੋਏ ਭੀ ਉਸ ਤੋਂ ਡਰੀਏ, ਮਤ ਮੋਇਆਂ ਨੂੰ ਪਕੜ ਮੰਗਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸੀਨ-
ਸਾਈਂ ਬਿਨਾ ਜਾ ਨਾ ਕੋਈ, ਜਿਤ ਵਲ ਵੇਖਾਂ ਓਹੀ ਓਹੀ,
ਹੋਰ ਕਿਤੇ ਵਲ ਮਿਲੇ ਨਾ ਢੋਈ, ਮੁਰਸ਼ਦ ਮੇਰਾ ਪਾਰ ਲੰਘਾਵੇ।
ਇਸ ਲਾਗੀ ਕੋ ਕੌਣ ਬੁਝਾਵੇ?