ਪਾਤਰ
ਚੰਦੀ — ਇਕ ਕੁੜੀ
ਮਨਸੂ — ਉਸ ਦਾ ਪਿਉ
ਭੇਰੂ — ਉਨ੍ਹਾਂ ਦੀਆਂ ਬੱਕਰੀਆਂ ਦਾ ਰਾਖਾ
ਨੌਜੁਆਨ - ਇਕ ਓਪਰਾ ਮੁੰਡਾ
ਥਾਂ
ਹਿਮਾਲੀਆ ਪਹਾੜ ਦੀਆਂ ਉੱਚੀਆਂ ਸਿਖਰਾਂ ਵਿਚ ਘਿਰੀ ਹੋਈ ਇਕ ਵਾਦੀ ।
ਕੁਆਰੀ ਟੀਸੀ
ਝੁੱਗੀ ਦੇ ਵਿਚਕਾਰ ਫ਼ਰਸ਼ ਉਤੇ ਇਕ ਛੋਟੀ ਜਿਹੀ ਅੰਗੀਠੀ ਮੱਘ ਰਹੀ ਹੈ, ਜਿਸ ਉਤੇ ਚਾਹ ਦੀ ਪਤੀਲੀ ਧਰੀ ਹੋਈ ਹੈ । ਉਸ ਦੇ ਨੇੜੇ ਬੈਠੀ ਚੰਦੀ ਅੱਗ ਸੇਕ ਰਹੀ ਹੈ ।
ਚੰਦੀ - ਹਾਲ ਤੀਕਰ ਨਹੀਂ ਆਏ । ਦੋਹਾਂ ਵਿਚੋਂ ਕੋਈ ਵੀ ਤੇ ਨਹੀਂ ਬਹੁੜਿਆ । ਭਲਾ ਜੇ ਮੈਂ ਸੌਂ ਜਾਵਾਂ ਤਾਂ ਚਾਹ ਕੌਣ ਪਿਲਾਊ ਉਨ੍ਹਾਂ ਨੂੰ ? ਚਿਰਾਂ ਤੋਂ ਚਾਹ ਉਬਲੀ ਜਾਂਦੀ ਏ । ਉਬਲ ਉਬਲ ਕੇ......ਖੌਰੇ ਮੀਂਹ ਪੈਣ ਲਗ ਪਿਆ ਏ । ਪਤਾ ਨਹੀਂ ਉਹ ਕਿਉਂ ਨਹੀਂ ਆਏ । (ਬਾਰੀ ਵਿਚੋਂ ਬਾਹਰ ਝਾਕਦੀ ਹੈ) ਕੁਝ ਵੀ ਦਿਖਾਈ ਨਹੀਂ ਦੇਂਦਾ । ਬਰਫ਼ ਡਿੱਗਣ ਲਗ ਪਈ ਏ । ਸਫ਼ੈਦ ਧੂੰਆਂ ਉਠ ਰਿਹਾ ਏ । ਕੁਝ ਵੀ ਨਹੀਂ ਦਿਸਦਾ ।
(ਉਸ ਦੀਆਂ ਨਜ਼ਰਾਂ ਬਾਸੀ ਤੇ ਉਦਾਸ ਹਨ) ਇਉਂ ਨਿਤ ਆਥਣ ਦੀ ਉਡੀਕ, ਨਿਤ ਉਡੀਕ….. ਹੁਣ ਜਦੋਂ ਕਿ ਮੈਂ ਸਾਰਾ ਕੰਮ ਨਬੇੜ ਚੁਕੀ ਆਂ, ਵਕਤ ਮੁਕਣ ਵਿਚ ਹੀ ਨਹੀਂ ਆਉਂਦਾ । ਪਤਾ ਨਹੀਂ ਦੋਵੇਂ ਕਦੋਂ ਆਉਣਗੇ ? ਦੇਗਚੀ ਮਾਂਜ ਚੁੱਕੀ, ਰੋਟੀ ਪਕਾ ਲਈ, ਬਾਪੂ ਦੀ ਗੋਦੜੀ ਸਿਉਂ ਲਈ । ਹੋਰ ਕੀ ਰਹਿੰਦਾ ਏ ?......ਹਾਂ ਸਚ, ਭੇਡ ਨੂੰ ਦੁਆਈ ਪਿਲਾਣੀ ਏ । ਇਸ ਪਿਛੋਂ ਕੋਈ ਕੰਮ ਨਹੀਂ ।
[ਬੂਹੇ ਉਤੇ ਠੱਠ ਠੱਕ ।
ਸ਼ੈਤ ! (ਉਸ ਦਾ ਚਿਹਰਾ ਇਕ ਮਧਮ ਕਿਰਣ ਨਾਲ ਜਿਉ ਉਠਦਾ ਹੈ) ਖ਼ੌਰੇ......
[ਉਠ ਕੇ ਬੂਹਾ ਲਾਹੁੰਦੀ ਹੈ । ਇਕ ਨੌਜੁਆਨ ਥੱਕਿਆ ਕੁੰਗੜਿਆ ਅੰਦਰ ਵੜਦਾ ਹੈ ।
ਨੌਜੁਆਨ - ਉਫ........ਫ.......ਫ....!
ਚੰਦੀ - ਤੂੰ ....?
ਨੌਜੁਆਨ - ਹਾਂ..... ਮੈਂ ਡਾਕ ਬੰਗਲੇ ਵਿਚ ਠਹਿਰਨਾ ਚਾਹੁੰਦਾ ਆਂ । ਚੌਕੀਦਾਰ ਕਿੱਥੇ ਏ ?
ਚੰਦੀ - ਗਾਂ ਚੋਣ ਗਿਆ ਏ ।
ਨੌਜੁਆਨ - ਕਿੰਨੀ ਠਾਰੀ ਏ ਬਾਹਰ ! ਮੈਨੂੰ ਰਾਹ ਵਿਚ ਈ ਬਰਫ਼ ਨੇ ਘੇਰ ਲਿਆ।
ਚੰਦੀ - ਅੱਗ ਸੇਕ ਲੈ । ਲਿਆ ਮੈਂ ਤੇਰਾ ਕੋਟ ਸੁਕਣੇ ਪਾ ਦਿਆਂ ।
ਨੌਜੁਆਨ - ਨਹੀਂ......ਨਹੀਂ ।
[ਉਹ ਕੋਟ ਲਾਹ ਕੇ ਏਧਰ ਓਧਰ ਤੱਕਦਾ ਹੈ, ਤੇ ਫਿਰ ਮੰਜੀ ਦੀ ਉਧੜੀ ਦੌਣ ਉਤੇ ਰੱਖ ਦੇਂਦਾ ਹੈ ।
ਚੰਦੀ - ਲੈ — ਏਥੇ ਬਹਿ ਜਾ । ਇਸ ਮੂੜ੍ਹੇ ਉਤੇ । ਪੋਹ ਦੇ ਇਸ ਪਾਲੇ ਵਿਚ ਕਿੱਥੋਂ ਆਇਆ ਏਂ ਤੂੰ ? ਏਧਰ ਤਾਂ ਏਡਾ ਪਹਾੜ ਏ, ਜਵੇਰੀ ਜੋਤ ਦੀ ਟੀਸੀ ਬਰਫ਼ ਨਾਲ ਕੱਜੀ ਪਈ ਹੋਵੇਗੀ। ਤੂੰ ਕਿਥੋਂ......?
ਨੌਜੁਆਨ - ਮੈਂ ਇਸੇ ਟੀਸੀ ਨੂੰ ਲੰਘ ਕੇ ਆਇਆ ਹਾਂ । ਜਦੋਂ ਮੈਂ ਜੀਬੀ ਤੇ ਸੋਝਾ ਨੂੰ ਪਾਰ ਕੀਤਾ ਤਾਂ ਚਿੱਟੀ ਬਰਫ਼ ਜਿਵੇਂ ਜੰਮਿਆਂ ਦੁੱਧ ਹੋਵੇ - ਚਫੇਰੀਂ ਫੈਲੀ ਹੋਈ ਸੀ । ਦੁਆਲੇ ਨੀਲੀਆਂ ਧਾਰੀਆਂ ਸਨ । ਜਵੇਰੀ ਪਾਰ ਕਰਨ ਮਗਰੋਂ...... ਉਫ਼ ਮੈਂ ਬਹੁਤ ਹੰਭਿਆ ਹੋਇਆ ਹਾਂ । ਮੈਨੂੰ ਗਰਮ ਪਾਣੀ ਪਿਆ ਦੇ ।
ਚੰਦੀ - ਬਾਪੂ ਲਈ ਚਾਹ ਉਬਲ ਰਹੀ ਏ, ਪਰ ਉਸ ਵਿਚ ਨਾ ਖੰਡ ਏ ਨਾ ਦੁੱਧ । ਰਤਾ ਕੁ ਉਡੀਕ, ਉਹ ਦੁੱਧ ਲਈ ਆਉਂਦਾ ਈ ਹੋਵੇਗਾ ।
ਨੌਜੁਆਨ - ਨਹੀਂ, ਮੇਰੇ ਹੱਥ ਸੁੰਨ ਹੋਈ ਜਾਂਦੇ ਨੇ । ਸੰਘ ਵਿਚ ਕੰਡੇ ਉਗ ਆਏ ਨੇ । ਮੈਨੂੰ ਇਹੋ ਚਾਹ ਪਿਆ ਦੇ ।
ਚੰਦੀ - ਇਹੋ ਕਾਲੀ ਗਾੜ੍ਹੀ ਚਾਹ ?
ਨੌਜੁਆਨ - ਹਾਂ ।
ਚੰਦੀ - ਹੱਛਾ ਤੂੰ ਹੱਥ ਪੈਰ ਨਿਘੇ ਕਰ ।
ਨੌਜੁਆਨ - (ਅੱਗ ਸੇਕਦਾ ਹੈ) ਮੇਰਾ ਖ਼ਿਆਲ ਐ ਸਵੇਰ ਤੀਕ ਬਰਫ਼ ਥੰਮ ਜਾਵੇਗੀ । ਮੇਰੇ ਕੋਲ ਇਨ੍ਹਾਂ ਸਾਰੇ ਪਹਾੜਾਂ ਦੇ ਨਕਸ਼ੇ ਹਨ । ਜਵੇਰੀ ਨੂੰ ਪਾਰ ਕਰਨ ਪਿਛੋਂ ਮੈਂ ਲਾਰਜੀ ਪਾਰ ਕਰਨਾ ਚਾਹੁੰਦਾ ਹਾਂ, ਫੇਰ......
ਚੰਦੀ - (ਤ੍ਰੱਭਕ ਕੇ) ਲਾਰਜੀ ?
ਨੌਜੁਆਨ - ਹਾਂ.... ਕਿਉਂ ?
ਚੰਦੀ - ਪੋਹ ਦੇ ਮਹੀਨੇ ਲਾਰਜੀ ਉਤੇ ਬਰਫ਼ ਦਾ ਦਿਉਤਾ ਲੱਥ ਆਉਂਦਾ ਏ । ਉਸ ਦਾ ਹੁਕਮ ਹੈ ਕਿ ਕੁਆਰੀ ਬਰਫ਼ ਨੂੰ ਕਿਸੇ ਪਾਂਧੀ ਦੇ ਪੈਰ ਨਾ ਛੁਹਣ ।
ਨੌਜੁਆਨ - (ਹੱਸ ਕੇ) ਇਹ ਪਹਾੜੀ ਲੋਕਾਂ ਦਾ ਵਹਿਮ ਏ । ਮੈਂ ਇਸੇ ਵਹਿਮ ਨੂੰ ਤੋੜਨ ਲਈ ਆਇਆ ਹਾਂ ।
ਚੰਦੀ - ਸਾਡੇ ਦਿਓਤੇ ਨੂੰ ਝੂਠਾ ਪਾਉਣ ?
ਨੌਜੁਆਨ - ਹਾਂ ।
ਚੰਦੀ - ਕਿਉਂ ?
ਨੌਜੁਆਨ - ਇਸ ਲਈ ਕਿ ਦਿਉਤੇ ਝੂਠੇ ਹੁੰਦੇ ਹਨ ।
ਚੰਦੀ - ਤੂੰ ਇਹ ਝੂਠ ਕਿਤਾਬਾਂ ਵਿਚੋਂ ਪੜ੍ਹਿਆ ਹੋਏਗਾ ?
ਨੌਜੁਆਨ - ਕੀ ਕਿਤਾਬਾਂ ਝੂਠੀਆਂ ਹੁੰਦੀਆਂ ਨੇ ?
ਚੰਦੀ - ਹੋਰ ਕੀ ? ਸਾਡਾ ਪਹਾੜੀਆਂ ਦਾ ਵਿਸ਼ਵਾਸ ਏ ਕਿਤਾਬਾਂ ਝੂਠ ਮਾਰਦੀਆਂ ਹਨ ।
ਨੌਜੁਆਨ - ਕੀ ਤੂੰ ਸੱਚ ਮੰਨਦੀ ਏਂ ਕਿ ਲਾਰਜੀ, ਦਿਉਤਾ ਪਹਾੜ ਦੀ ਟੀਸੀ ਉਤੇ ਲੱਥ ਆਉਂਦਾ ਏ ?
ਚੰਦੀ - ਹਾਂ । ਉਹ ਠੰਢਾਂ ਵਿਚ ਉੱਚੇ ਪਰਬਤ ਤੋਂ ਹੇਠਾਂ ਆ ਜਾਂਦਾ ਏ, ਤੇ ਛੇ ਮਹੀਨੇ ਲਾਰਜੀ ਦੀ ਟੀਸੀ ਉਤੇ ਬੈਠ ਕੇ ਇਸ ਇਲਾਕੇ ਦੀ ਰੱਖਿਆ ਕਰਦਾ ਹੈ ।
ਨੌਜੁਆਨ - (ਹੱਸਦਾ ਹੈ) ਖ਼ੈਰ, ਇਸ ਵਹਿਮ ਨਾਲ ਮੈਨੂੰ ਕੀ ? ਜਦ ਮੈਂ ਆਪਣੀ ਡਾਇਰੀ ਵਿਚ ਇਹ ਵਹਿਮ ਲਿਖਾਂਗਾ ਤਾਂ ਮੇਰੇ ਤਜਰਬੇ ਕਿੰਨੇ ਦਿਲਚਸਪ ਹੋਣਗੇ । ਕਿੰਨੇ ਚਰਜਾਂ ਭਰੇ । ਊਂਹ ! ਲਾਰਜੀ ਦੀ ਟੀਸੀ ਤੇ ਬਰਫ਼ ਦਾ ਦਿਉਤਾ !
ਚੰਦੀ - ਪਰ ਤੂੰ ਆਇਆ ਕਿੱਥੋਂ ਏਂ ? ਇਕੱਲਾ ਈ ?
ਨੌਜੁਆਨ - ਹਾਂ ।
ਚੰਦੀ - ਜਿਸ ਪਹਾੜ ਉਤੇ ਚੜ੍ਹਨ ਨੂੰ ਤੂੰ ਏਡਾ ਕਾਹਲਾ ਦਿਸਦਾ ਏਂ, ਉਹ ਮੌਤ ਦਾ ਪਹਾੜ ਏ । ਠੰਢਾ ਤੇ ਸਫ਼ੈਦ - ਜਿਵੇਂ ਮੌਤ ।
ਨੌਜੁਆਨ - ਮੈਨੂੰ ਨਕਸ਼ੇ ਤੋਂ ਸਭ ਥਾਂਵਾਂ ਦਾ ਪਤਾ ਹੈ । ਬੱਸ ਇਕ ਆਦਮੀ ਮੈਨੂੰ ਲਾਰਜੀ ਹੇਠਾਂ ਛੱਡ ਆਵੇਗਾ। ਅਗੇ ਮੇਰੇ ਨਕਸ਼ੇ ਉਤੇ ਸਭ ਟੀਸੀਆਂ ਤੇ ਕਿੰਗਰੇ ਵਾਹੇ ਹੋਏ ਹਨ । ਏਥੇ ਹਨੇਰਾ ਏ । ਤੂੰ ਰਤਾ ਦੀਵਾ ਚੁਕ ਲਿਆ ।
ਚੰਦੀ - ਆਲੇ ਵਿਚਲਾ ਦੀਵਾ ਬਾਲ ਦੇਨੀ ਆਂ।
[ਲੱਕੜ ਦੀ ਪੋਰੀ ਬਾਲਦੀ ਹੈ ।
ਲੈ ਫੜ ।
ਨੌਜੁਆਨ - ਕੀ ਤੂੰ ਮੇਰੇ ਲਾਰਜੀ ਜਾਣ ਉਤੇ ਗੁੱਸੇ ਐਂ ?
ਚੰਦੀ - ਨਹੀਂ ।
ਨੌਜੁਆਨ - ਫੇਰ ਤੇਰੀ ਗਲ੍ਹ ਉਤੇ ਇਕ ਕਿਰਮਚੀ ਲੀਕ ਕਿਉਂ ਉਭਰ ਆਈ ਏ ?
ਚੰਦੀ - ਕਿਥੇ ?
ਨੌਜੁਆਨ - ਇਹ, ਹੇਠਲੇ ਬੁਲ੍ਹ ਦੀ ਨੁਕਰੋਂ ਸਿਧੀ ਗਰਦਨ ਤੀਕ ਚਲੀ ਗਈ ਏ — ਇਹ ਕਿਰਮਚੀ ਲੀਕ ।
ਚੰਦੀ - ਤੂੰ ਇਹ ਝੂਠ ਕਿਤਾਬਾਂ 'ਚੋਂ ਪੜ੍ਹਿਆ ਏ ?
ਨੌਜੁਆਨ - ਤੈਨੂੰ ਸੱਚ ਝੂਠ ਦੀ ਪਰਖ ਏ ਕਿਤੇ ?
ਚੰਦੀ - ਹਾਂ ।
ਨੌਜੁਆਨ - ਕੀ ਭਲਾ ?
ਚੰਦੀ - ਇਹੋ, ਜੋ ਕੁਝ ਤੂੰ ਆਖਿਆ ਏ, ਝੂਠ ਏ ।
ਨੌਜੁਆਨ - ਤੂੰ ਇਹ ਸੱਚ ਵੇਖ ਨਹੀਂ ਸਕਦੀ ।
ਚੰਦੀ - ਹਾਂ, ਜਿਸ ਸੱਚ ਨੂੰ ਅਸੀਂ ਤੱਕ ਨਹੀਂ ਸਕਦੇ, ਉਸੇ ਨੂੰ ਤਾਂ ਝੂਠ ਆਖਦੇ ਹਾਂ । ਤੂੰ ਕੰਬਦਾ ਕਿਉਂ ਏਂ ?
ਚੰਦੀ - ਹਾਂ......... ਸੱਚ । [ਚੰਦੀ ਚਾਹ ਦੀ ਪਤੀਲੀ ਲਾਹੁੰਦੀ ਹੈ ਤੇ ਦੋ ਠੂਠੇ ਭਰਦੀ ਹੈ । ਨੌਜੁਆਨ ਸਿਗਰਟ ਸੁਲਗਾਉਂਦਾ ਹੈ ]
ਚੰਦੀ - ਹਾਏ, ਚਾਹ ਦਾ ਰੰਗ ਤਾਂ ਕਾਲਾ ਸ਼ਾਹ ਹੋ ਗਿਆ ਏ ?
ਨੌਜੁਆਨ - ਇਸ ਵਿਚੋਂ ਨੀਲੀ ਭਾਫ਼ ਉਠਦੀ ਏ, ਨੀਲੇ ਦਾਇਰਿਆਂ ਵਿਚ, ਨਿਕੇ ਨਿਕੇ ਨੀਲੇ ਗੋਲ ਘੇਰਿਆਂ ਵਿਚ । (ਘੁਟ ਭਰ ਕੇ) ਇਹ ਗਰਮ ਚਾਹ ਪੀ ਕੇ ਮੇਰੀਆਂ ਨਸਾਂ ਵਿਚ ਨੀਲੇ ਖ਼ਿਆਲ ਉਭਰ ਆਏ ਹਨ । ਹੁਣ ਮੈਂ ਇਹ ਘਾਟੀਆਂ, ਇਹ ਪਹਾੜ- ਪਾਰ ਕਰ ਲਵਾਂਗਾ ।
ਚੰਦੀ - ਇਹ ਪਹਾੜ ਜਿਹੜਾ ਸਿੱਧਾ ਤੇ ਨਰਮ ਨਰਮ ਬਰਫ਼ ਨਾਲ ਲਦਿਆ ਦਿਸਦਾ ਹੈ, ਆਪਣੇ ਹੇਠਾਂ ਤਿੱਖੀਆਂ ਚੱਟਾਨਾਂ ਲੁਕਾਈ ਖਲੋਤਾ ਏ । ਇਹ ਤੈਨੂੰ ਨਿਘਾਰ ਲਏਗਾ ।
ਨੌਜੁਆਨ - ਊਂਹ । ਮੈਂ ਚੰਗਿਆੜੀ ਬਣ ਕੇ ਬਰਫ਼ ਨੂੰ ਪਿਘਲਾ ਦਿਆਂਗਾ ।
ਚੰਦੀ - ਕਿਥੋਂ ਆਇਆ ਏਂ ਤੂੰ ? ਬਹੁਤ ਦੂਰੋਂ ?
ਨੌਜੁਆਨ - ਹਾਂ, ਦਿੱਲੀਉਂ ।
ਚੰਦੀ - ਉਹੀ ਦਿੱਲੀ ਜਿਸ ਦਾ ਹਾਲ ਬਾਪੂ ਸੁਣਾਇਆ ਕਰਦਾ ਏ ?
ਨੌਜੁਆਨ - ਹਾਂ ।
ਚੰਦੀ - ਜਿਥੇ ਬਹੁਤ ਸਾਰੀਆਂ ਸੜਕਾਂ ਨੇ - ਸਿੱਧੀਆਂ ਸਿੱਧੀਆਂ, ਤੇ ਦਿਨ ਰਾਤ ਮੋਟਰਾਂ, ਟਾਂਗੇ ਤੇ ਘੋੜੇ ਨੱਸਦੇ ਨੇ ।
ਨੌਜੁਆਨ - ਹਾਂ ।
ਚੰਦੀ - ਰਾਤ ਨੂੰ ਵੀ ?
ਚੰਦੀ - ਜਿੱਥੇ ਉਚੀਆਂ ਟੀਸੀਆਂ ਵਾਲੇ ਸੁਨਹਿਰੀ ਕਲਸ ਹਨ, ਅਤੇ ਗੋਲ ਗੋਲ ਥਮਲੇ ਜਿਨ੍ਹਾਂ ਉਤੇ ਹਜ਼ਾਰਾਂ ਰੰਗਾਂ ਦੀਆਂ ਲੀਕਾਂ ਹਨ ?
ਨੌਜੁਆਨ - ਹਾਂ ।
ਚੰਦੀ - ਕਈ ਵਾਰ ਮੈਂ ਸੋਚਿਆ ਏ ਕਿ ਮੈਂ ਕਿਸੇ ਵਡੇ ਸ਼ਹਿਰ ਜਾਵਾਂ ਜਿੱਥੇ ਉਹ ਸਭ ਕੁਝ ਹੈ ਜਿਸ ਦਾ ਦੂਰੋਂ ਦੂਰੋਂ ਆਉਣ ਵਾਲੇ ਪਾਂਧੀ ਚਰਚਾ ਕਰਦੇ ਨੇ ।
ਨੌਜੁਆਨ - ਤੂੰ ਜਾਵੇਂਗੀ ?
ਚੰਦੀ - ਹਾਂ । ਪਰ ਮੈਨੂੰ ਡਰ ਲਗਦਾ ਹੈ ।
ਨੌਜੁਆਨ - ਕਿਉਂ ?
ਚੰਦੀ - ਮੈਂ ਸੁਣਿਆ ਹੈ ਓਥੇ ਰਾਤ ਨੂੰ ਬਰਫ਼ ਦਾ ਚਾਨਣਾ ਨਹੀਂ ਹੁੰਦਾ।
ਨੌਜੁਆਨ - ਨਹੀਂ, ਪਰ ਉਥੇ ਬਿਜਲੀ ਦੇ ਲਾਟੂ ਬਲਦੇ ਨੇ ਜਿਨ੍ਹਾਂ ਨਾਲ ਸੜਕਾਂ ਲਿਸ਼ਕ ਉਠਦੀਆਂ ਹਨ ।
ਚੰਦੀ - ਮੇਰੀਆਂ ਅੱਖਾਂ ਚੁੰਧਿਆ ਜਾਣਗੀਆਂ ।
ਨੌਜੁਆਨ - ਨਹੀਂ, ਉਸ ਚਾਨਣੇ ਦੀ ਚਿਲਕੋਰ ਨਹੀਂ ਪੈਂਦੀ ।
ਚੰਦੀ - ਕੀ ਉਥੇ ਬਰਫ਼ਾਂ ਉਤੇ ਤਾਰਿਆਂ ਦੀ ਲੋਅ ਪਲਮਦੀ ਏ ?
ਨੌਜੁਆਨ - ਉਥੇ ਹਰ ਰੰਗ ਦੀ ਲੋਅ ਏ । ਬਾਜ਼ਾਰ ਤੇ ਦੁਕਾਨਾਂ ਤੇ ਉਚੇ ਸਫ਼ੈਦ ਘਰ ਜਿਵੇਂ ਬਰਫ਼ ਦੇ ਤੋਦੇ ਹੋਣ ।
ਚੰਦੀ - ਪਰ ਬਾਪੂ ਨੇ ਮੈਨੂੰ ਜਾਣ ਨਹੀਂ ਦੇਣਾ ।
ਨੌਜੁਆਨ - ਕਿਉਂ ?
ਚੰਦੀ - ਬਰਫ਼ ਦਾ ਦਿਉਤਾ ਨਾਰਾਜ਼ ਹੋ ਜਾਏਗਾ (ਕੁਝ ਸੋਚਦੇ ਹੋਏ) ਬਹੁਤ ਸਾਰੇ ਪਾਂਧੀ ਲਾਰਜੀ ਦੀ ਟੀਸੀ ਉਤੇ ਚੜ੍ਹਨ ਲਈ ਆਏ ਪਰ......
ਚੰਦੀ - (ਇਕ ਦਮ ਉਠ ਕੇ) ਆਹ, ਮੈਂ ਵੀ ਕਿੰਨੀ ਅਲਗ਼ਰਜ਼ ਆਂ ! ਭੇਡ ਲਈ ਬੂਟੀਆਂ ਪੀਹਣਾ ਭੁੱਲ ਗਈ । ਬਾਪੂ ਦੀ ਇਹ ਭੇਡ ਖੰਘ ਖੰਘ ਕੇ ਦਮ ਤੋੜ ਦਏਗੀ । ਹਾਏ, ਮੈਂ ਗੱਲਾਂ ਵਿਚ ਹੀ ਰੁਝੀ ਰਹੀ । ਮੈਂ ਵੀ ਕਿੰਨੀ ਬੇਪਰਵਾਹ ਹਾਂ । ਉਹ ਲੋਹਾਲਾਖਾ ਹੋ ਜਾਏਗਾ ।
ਨੌਜੁਆਨ - ਥੋੜ੍ਹਾ ਚਿਰ ਹੋਰ ਬੈਠ ਜਾ । ਬਸ ਦੋ ਘੜੀ । ਤੇਰਾ ਨਾਉਂ ਕੀ ਏ ?
ਚੰਦੀ - ਚੰਦੀ ।
ਨੌਜੁਆਨ - ਚੰਦੀ !
ਚੰਦੀ - ਹਾਂ ।
ਨੌਜੁਆਨ - ਇਹ ਫਿੱਕਾ ਚਾਨਣਾ ਚੰਗਾ ਲੱਗਦਾ ਏ । ਕਮਰੇ ਦੀ ਇਹ ਹਨੇਰੀ ਚੁਪ ਚਾਂ ਜਿਸ ਉਤੇ ਅੱਗ ਦੀ ਬੁੱਝਦੀ ਲੋਅ ਬੁੜਬੁੜਾਉਂਦੀ ਐ ।
ਚੰਦੀ - ਤੇਰੇ ਹੱਥ ਬਹੁਤ ਠੰਢੇ ਨੇ ।
ਨੌਜੁਆਨ - ਮੇਰੀਆਂ ਉਂਗਲਾਂ ਦੇ ਪੋਟਿਆਂ ਉਤੇ ਠੰਢਾ ਧੂੰਆਂ ਉਤਰ ਆਇਆ ਏ । ਦੇਖ, ਅੰਗੀਠੀ ਦੀ ਅੱਗ ਬੁੱਝ ਚਲੀ ਏ । ਪਰ ਤੇਰਾ ਮੰਹ ਜੋ.... ਜੋ ਅੱਧੀ ਰਾਤ ਦੀ ਬਰਫ਼ ਨਾਲ ਢੱਕੀ ਹੋਈ ਟੀਸੀ ਵਾਂਗ — ਨਹੀਂ, ਸ਼ਾਇਦ ਮੈਂ ਗ਼ਲਤ ਕਹਿ ਰਿਹਾ ਹਾਂ । ਇਸ ਮਧਮ ਸੂਹੇ ਚਾਨਣ ਵਿਚ... ਤੇਰੇ ਬੁਲ੍ਹਾਂ ਦੇ ਹੇਠਾਂ ਤਣੀ ਹੋਈ ਲੀਕ ਹੋਰ ਵੀ ਉਘੜ ਆਈ ਏ
ਚੰਦੀ - ਪਗਡੰਡੀ ?
ਨੌਜੁਆਨ - ਹਾਂ, ਜਿਵੇਂ ਹੁਣੇ ਡਿੱਗੀ ਬਰਫ਼ ਉਤੇ ਕੋਈ ਸਜਰਾ ਸਜਰਾ
ਚੰਦੀ - ਹਾਂ ।
ਨੌਜੁਆਨ - ਮੈਨੂੰ ਇਉਂ ਲਗਦਾ ਏ ਜਿਸ ਕੁਆਰੀ ਟੀਸੀ ਦੀ ਭਾਲ ਵਿਚ ਮੈਂ ਘਰੋਂ ਨਿਕਲਿਆ ਸਾਂ, ਉਹ ਤੂੰ ਈ ਏਂ । ਚੰਦੀ - ਮੈਂ ?
ਨੌਜੁਆਨ - ਹਾਂ; ਤੇ ਤੇਰੀਆਂ ਅੱਖਾਂ ਉਸ ਪਹਾੜ ਵਿਚ ਲੁਕੀਆਂ ਦੋ ਝੀਲਾਂ ਹਨ, ਜਿਨ੍ਹਾਂ ਦੀਆਂ ਡੂੰਘਾਈਆਂ ਤੋਂ ਡਰ ਆਉਂਦਾ ਏ ।
ਚੰਦੀ - ਤੂੰ ਉਹੀ ਗੱਲਾਂ ਕਰਦਾ ਏਂ ਜਿਹੜੀਆਂ ਕਦੇ ਕਦੇ ਭੇਰੂ ਬੰਸਰੀ ਵਿਚ ਗਾਂਵਿਆ ਕਰਦਾ ਏ ।
ਨੌਜੁਆਨ - ਭੇਰੂ ਕੌਣ ?
ਚੰਦੀ - ਸਾਡੀਆਂ ਬਕਰੀਆਂ ਦਾ ਰਾਖਾ ।
ਨੌਜੁਆਨ - ਉਹ.... ?
ਚੰਦੀ - ਹਾਂ ਉਹ ਬੰਸਰੀ ਵੀ ਵਜਾਉਣ ਜਾਣਦਾ ਹੈ । ਜੇ ਕੋਈ ਰਾਹੀ ਢਲਵਾਣਾ ਉਤੇ ਰਾਹ ਭੁਲ ਜਾਵੇ ਤਾਂ ਬੰਸਰੀ ਦੀ ਆਵਾਜ਼ ਸੁਣ ਕੇ ਬਰਫ਼ ਦਾ ਦਿਉਤਾ ਰਾਹ ਦਸਣ ਲਈ ਪਹਾੜੋਂ ਥੱਲੇ ਉਤਰ ਆਉਂਦਾ ਏ ।
ਨੌਜੁਆਨ - ਫੇਰ ਉਹੀ ਵਹਿਮ ! ਪਹਾੜੀ ਲੋਕ ਵਹਿਮੀ ਹੁੰਦੇ ਹਨ ।
ਚੰਦੀ - ਤੈਨੂੰ ਕੋਈ ਵਹਿਮ ਨਹੀਂ ?
ਚੰਦੀ - ਤੈਨੂੰ ਕੋਈ ਵਹਿਮ ਨਹੀਂ ?
ਨੌਜੁਆਨ - ਨਹੀਂ ਤਾਂ ।
ਚੰਦੀ - ਇਹ ਵੀ ਤੇਰਾ ਵਹਿਮ ਏ । ਵਹਿਮ ਬਾਝੋਂ ਤੁਸੀਂ ਸ਼ਹਿਰੀਏ ਕਿਵੇਂ ਜਿਊਂਦੇ ਹੋ ?
ਨੌਜੁਆਨ - ਕਿਉਂ ? ਤੈਨੂੰ ਸ਼ਹਿਰੀਏ ਚੰਗੇ ਨਹੀਂ ਲਗਦੇ ?
ਚੰਦੀ - ਸ਼ਹਿਰੀਏ... ਮੈਨੂੰ ਚੰਗੇ ਲਗਦੇ ਨੇ ।
ਨੌਜੁਆਨ - ਤੇ ਸ਼ਹਿਰ ?
ਨੌਜੁਆਨ - ਤਾਂ ਫਿਰ ਤੂੰ ਸ਼ਹਿਰ ਚਲ । ਸ਼ਹਿਰ ਉਤਨਾ ਈ ਸੋਹਣਾ ਏ ਜਿਤਨੇ ਉਥੋਂ ਦੇ ਲੋਕ ।
ਚੰਦੀ - ਉਥੇ ਹਨੇਰਾ ਨਹੀਂ ਹੁੰਦਾ ?
ਨੌਜੁਆਨ - ਨਹੀਂ । ਜਦੋਂ ਬਿਜਲੀ ਦੇ ਲਾਟੂ ਜਗ ਉਠਦੇ ਹਨ ਤਾਂ ਹਨੇਰਾ ਨਸ ਜਾਂਦਾ ਏ।
ਚੰਦੀ - ਉਥੇ ਹਨੇਰੀਆਂ ਖੱਡਾਂ ਨਹੀਂ ਹੁੰਦੀਆਂ ?
ਨੌਜੁਆਨ - ਨਹੀਂ, ਬਸ ਮੇਰੇ ਦਿਲ ਅੰਦਰ ਅਥਾਹ ਹਨੇਰਾ ਏ ।
ਚੰਦੀ - ਮੈਨੂੰ ਹਨੇਰੇ ਤੋਂ ਡਰ ਲੱਗਦਾ ਏ।
ਨੌਜੁਆਨ - ਤੂੰ ਕਦੇ ਦਰੱਖ਼ਤਾਂ ਤੇ ਪੱਤਿਆਂ ਹੇਠਾਂ ਸਿਆਹੀ ਤੇ ਸਫ਼ੈਦੀ ਨੂੰ ਝਗੜਦਿਆਂ ਨਹੀਂ ਤੱਕਿਆ ? ਜੇ ਚਾਨਣਾ ਤੇ ਹਨੇਰਾ ਹਰ ਵੇਲੇ ਨਾ ਬਦਲਦੇ ਰਹਿਣ ਤਾਂ ਕੋਈ ਚੀਜ਼ ਜ਼ਿੰਦਾ ਨਾ ਰਹੇ । ਮੈਨੂੰ ਤੇਰੇ ਨਾਲ ਪਿਆਰ ਏ !
ਚੰਦੀ - ਪਰ ਮੈਂ ਤਾਂ ਪਿਆਰ ਨਹੀਂ ਜਾਣਦੀ ।
ਨੌਜੁਆਨ - ਜਦੋਂ ਖ਼ੁਸ਼ਬੂ ਹਵਾ ਨਾਲ ਨਸ ਵਗਦੀ ਏ, ਤਾਂ ਕੀ ਉਸ ਨੂੰ ਹਵਾ ਨਾਲ ਪਿਆਰ ਹੁੰਦਾ ਏ ?
ਚੰਦੀ - ਕੀ ਮੈਂ ਪਿਆਰ ਸਿਖ ਸਕਾਂਗੀ ?
ਨੌਜੁਆਨ - ਹਾਂ । ਜਦ ਤੂੰ ਪਹਾੜ ਦੇ ਕਿੰਗਰੇ ਤੋਂ ਝੁਕ ਕੇ ਦੂਜੇ ਪਾਸੇ ਤੱਕੇਂਗੀ ਤਾਂ ਸਿੱਪ ਵਾਂਗ ਤੇਰਾ ਮੂੰਹ ਪਿਆਰ ਦੀ ਝੱਗ ਨਾਲ ਨਿਖਰ ਆਵੇਗਾ ।
ਚੰਦੀ - ਜਦ ਮੈਂ ਆਪਣੀ ਪੀਲੀਆਂ ਅੱਖਾਂ ਵਾਲੀ ਬੱਕਰੀ ਨੂੰ ਕਿਸੇ ਚੱਟਾਨ ਤੋਂ ਝੁਕ ਕੇ ਫੜਨ ਲੱਗਦੀ ਹਾਂ ਤਾਂ ਮੇਰਾ ਕਾਲਜਾ ਧੱਕ ਧੱਕ ਕਰਨ ਲੱਗ ਪੈਂਦਾ ਏ ਤੇ ਮੈਂ ਮਹਿਸੂਸ ਕਰਦੀ ਹਾਂ...
ਚੰਦੀ - ਤੂੰ ਏਸ ਪਹਾੜ ਤੋਂ ਏਡੀ ਛੇਤੀ ਅਕ ਗਿਆ ਏਂ ?
ਨੌਜੁਆਨ - ਹਾਂ, ਚੋਟੀ ਉਤੇ ਪੁਜ ਕੇ ਪਹਾੜ ਇਕ ਅਕਾ ਦੇਣ ਵਾਲੀ ਨਿਵਾਣ ਮਹਿਸੂਸ ਹੋਣ ਲੱਗਦਾ ਏ । ਕੀ ਤੂੰ ਇਸ ਸਫ਼ੈਦ ਟੂਣੇ ਵਿਚੋਂ ਨਿਕਲ ਕੇ ਮੇਰੇ ਨਾਲ ਚਲੇਂਗੀ ?
ਚੰਦੀ - ਬਾਪੂ ਨੇ ਜਾਣ ਨਹੀਂ ਦੇਣਾ। ਬਰਫ਼ ਦਾ ਦਿਉਤਾ ਇਸ ਘਾਟੀ ਦੀ ਰਾਖੀ ਬਹਿੰਦਾ ਏ । ਤੇ ਭੇਰੂ.... ਉਸ ਦੀ ਬੰਸਰੀ ਦੀ ਆਵਾਜ਼ ਦਰਖ਼ਤਾਂ, ਪਰਬਤਾਂ ਤੇ ਵਿੱਥਾਂ ਚੀਰ ਕੇ ਮੇਰਾ ਪਿੱਛਾ ਕਰੇਗੀ ।
ਨੌਜੁਆਨ - ਪਰ ਸ਼ਹਿਰ ਵਿਚ ਇਤਨਾ ਚਾਨਣਾ ਤੇ ਏਨਾ ਰੌਲਾ ਏ ਕਿ ਬਰਫ਼ ਦੀਆਂ ਵਾਜਾਂ ਦਬ ਕੇ ਰਹਿ ਜਾਣਗੀਆਂ ।
ਚੰਦੀ - ਸੁਣ ! ਸ਼ਾਇਦ ਭੇਰੂ ਆਉਂਦਾ ਏ । ਉਸੇ ਦੀ ਬੰਸਰੀ ਦੀ ਆਵਾਜ਼ ਏ । ਉਹ ਆਉਂਦਾ ਏ । ਤੂੰ ਪਛਾੜੀ ਕੋਠੜੀ ਵਿਚ, ਜਿਥੇ ਭੇਡ ਬੰਨ੍ਹੀਂ ਹੋਈ ਏ, ਜਾ ਕੇ ਲੁਕ ਜਾ ।
ਨੌਜੁਆਨ - ਤੇ ਤੂੰ ?
ਚੰਦੀ - ਹਾਂ, ਮੈਂ ਚਲਾਂਗੀ । ਤੂੰ ਜਾਹ ! [ਉਹ ਚਲਾ ਜਾਂਦਾ ਹੈ । ਭੇਰੂ ਅੰਦਰ ਵੜਦਾ ਹੈ । ਉਸ ਦਾ ਮੂੰਹ ਚੌੜਾ ਤੇ ਵੱਡਾ ਹੈ ਤੇ ਉਸਦੇ ਬੁਲ੍ਹਾਂ ਉਤੇ ਪਤਲੀਆਂ ਭੂਰੀਆਂ ਮੁਛਾਂ ਫੈਲੀਆਂ ਹੋਈਆਂ ਹਨ । ਉਸਦੇ ਹਥ ਵਿਚ ਛੋਟੀ ਜਿਹੀ ਗੰਢੜੀ ਹੈ] ਭੇਰੂ - ਆਹ ਚੰਦੀ ! ਤੂੰ ਹਾਲਾਂ ਤੀਕ ਜਾਗ ਰਹੀ ਏਂ ?
ਭੇਰੂ - ਹਾਲ ਤੀਕ ਨਹੀਂ ਆਇਆ ਚਾਚਾ ?
ਚੰਦੀ - ਬਰਫ਼ ਕਿੰਨੀ ਪਈ ਏ । ਖ਼ੌਰੇ ਰਾਹ ਵਿਚ ਕਿਤੇ....
ਭੇਰੂ - ਨਹੀਂ, ਨਹੀਂ, ਉਹ ਸਾਰੇ ਰਾਹਾਂ ਤੋਂ ਜਾਣੂ ਏ ।
ਚੰਦੀ- ਹਲਾ, ਤੂੰ ਇਹ ਸਭ ਕੁਝ ਰਖ ਦੇ ਤੇ ਚਾਹ ਪੀ ।
ਭੇਰੂ - ਮੈਂ ਕੁਝ ਆਂਡੇ ਲਿਆਂਦੇ ਨੇ ।
ਚੰਦੀ - ਕਿੰਨੇ ?
ਭੇਰੂ - ਚਾਰ । [ਭੇਰੂ ਬੈਠ ਜਾਂਦਾ ਹੈ । ਚੰਦੀ ਉਸਨੂੰ ਰੋਟੀ ਦੇਂਦੀ ਹੈ]
ਚੰਦੀ - ਅੱਗ ਬੁਝ ਚੱਲੀ ਏ । ਮੈਂ ਬਾਲਦੀ ਆਂ ।
ਭੇਰੂ - ਤੂੰ ਅਜ ਬਿਜਲੀ ਦੀ ਕੜਕ ਸੁਣੀ ਸੀ ? ਲਹਿੰਦੇ ਵਲੋਂ ?
ਚੰਦੀ - ਨਹੀਂ ਤਾਂ ।
ਭੇਰੂ - ਇਉਂ ਲਗਦਾ ਸੀ ਜਿਵੇਂ ਪਰਬਤ ਦਾ ਦਿਉਤਾ ਜ਼ੋਰ ਜ਼ੋਰ ਦੀ ਹੱਸਦਾ ਹੋਵੇ।
ਚੰਦੀ - ਨਹੀਂ, ਪਤਾ ਨਹੀਂ । ਮੈਂ ਅੱਗ ਸੇਕਦਿਆਂ ਸੇਕਦਿਆਂ ਸੌਂ ਗਈ ਹੋਵਾਂਗੀ, ਜਾਂ ਖ਼ੌਰੇ ਕੋਈ ਸੁਫ਼ਨਾ ਤੱਕ ਰਹੀ ਹੋਵਾਂ ।
ਭੇਰੂ - ਆਥਣ ਦੇ ਸੁਫਨੇ ਚੰਗੇ ਨਹੀਂ ਹੁੰਦੇ ।
ਚੰਦੀ - ਕਦੇ ਕਦੇ ਮੈਂ ਸੋਚਦੀ ਹਾਂ
ਭੇਰੂ- ਇਹ ਦਾਲ ਚੁਗ ਕੇ ਨਹੀਂ ਸੀ ਚਾੜ੍ਹੀ ? ਰੋੜ ਈ ਰੋੜ ਪਏ ਨੇ ਇਸ ਵਿਚ ?
ਚੰਦੀ - ਕਦੇ ਕਦੇ ਮੈਂ ਸੋਚਦੀ ਹਾਂ ਭੇਰੂ, ਜੇ ਕਿਤੇ ਮੈਂ ਸ਼ਹਿਰ ਜਾ ਸਕਦੀ…..
ਭੇਰੂ- ਸ਼ਹਿਰ ? ਤੂੰ ਤਾਂ ਝੱਲੀ ਏਂ ।
ਚੰਦੀ - ਹਾਂ, ਮੈਂ ਇਹ ਮੋਟੇ ਟੁੱਕਰ ਚੱਬਦੀ ਚੱਬਦੀ ਅੱਕ ਗਈ ਆਂ ।
ਭੇਰੂ - ਭੋਲੀਏ, ਸ਼ਹਿਰ ਦੇ ਪਾਣੀਆਂ ਵਿਚ ਐਡੀ ਤਰੇਹ ਹੈ ਕਿ ਤੂੰ ਤੜਫ਼ ਤੜਫ਼ ਕੇ ਮਰ ਜਾਏਂਗੀ ।
ਚੰਦੀ - ਹਾਂ, ਮੈਂ ਤੜਫ਼ਣਾ ਚਾਹੁੰਦੀ ਆਂ । ਤੜਫ਼ਣ ਵਿਚ ਸਾਹ ਏ, ਜਾਨ ਏ ।
ਭੇਰੂ - ਨਾਲੇ ਮੌਤ ।
ਚੰਦੀ - ਹਾਂ, ਮੌਤ ਵੀ ਜ਼ਰੂਰੀ ਏ । ਏਥੇ ਨਾ ਜ਼ਿੰਦਗੀ ਏ ਨਾ ਮੌਤ ।
ਭੇਰੂ - ਤੂੰ ਇਨ੍ਹਾਂ ਸੁਹਣੀਆਂ ਚੱਟਾਨਾਂ ਨੂੰ ਛੱਡ ਕੇ ਕਿਵੇਂ ਜਾਏਂਗੀ ?
ਚੰਦੀ - ਇਨ੍ਹਾਂ ਦੀਆਂ ਨੋਕਾਂ ਮੈਨੂੰ ਚੁਭਦੀਆਂ ਹਨ ।
ਭੇਰੂ - ਤੇ ਇਹ ਚਿੱਟੀ ਚਿੱਟੀ ਬਰਫ਼ ?
ਚੰਦੀ - ਸੱਖਣੀਆਂ ਅੱਖਾਂ ਵਾਂਗ, ਜਿਨ੍ਹਾਂ ਦੀ ਤੱਕਣੀ ਵਕਤ ਦੇ ਖ਼ਲਾ ਵਿਚ ਝਾਕਦੇ ਝਾਕਦੇ ਮਿਟ ਚੁੱਕੀ ਹੋਵੇ ।
ਭੇਰੂ - ਤੂੰ ਤਾਂ ਪਾਗਲ ਏਂ ।
ਚੰਦੀ - ਇਸ ਵਾਦੀ ਨੇ ਮੈਨੂੰ ਇਕ ਸਫ਼ੈਦ ਜਾਲ ਵਾਂਗ ਨੂੜ ਰੱਖਿਆ ਐ।
ਭੇਰੂ - ਪਰਬਤ ਨੂੰ ਏਸ ਤਰ੍ਹਾਂ ਆਖਦੀ ਏਂ ?
ਚੰਦੀ - ਹਾਂ !
ਭੇਰੂ - ਤੂੰ ਇਨ੍ਹਾਂ ਪਰਬਤਾਂ ਦੀ ਬਰਫ਼ ਪੀਤੀ ਏ । ਮੇਰੇ ਕੋਲ ਰਹਿ, ਮੈਂ ਤੈਨੂੰ ਤਾਰਿਆਂ ਦੀ ਲੋਅ ਹੇਠ ਬੰਸਰੀ ਸੁਣਾਇਆ ਕਰਾਂਗਾ ।
ਚੰਦੀ - ਤਾਰਿਆਂ ਦੀ ਠੰਢ ਤੇ ਬਰਫ਼ ਦੀ ਸੀਤ ਛੋਹ ਨਾਲ ਮੇਰੇ ਸੁਫ਼ਨੇ ਕੁੰਗੜੇ ਪਏ ਨੇ । ਏਸ ਪਰਬਤ ਤੋਂ ਪਾਰ ਸ਼ਹਿਰ ਹੈ ਜਿੱਥੋਂ ਦਾ ਨੀਲਾ ਅੰਬਰ ਧਰਤੀ ਉਤੇ ਉਲਰਿਆ ਪਿਆ ਏ । ਜੇ ਮੈਂ ਕਿਤੇ ਜਾ ਸਕਦੀ । ਮੈਂ ਵਕਤ ਦੀ ਇਸ ਦਲਦਲ ਵਿਚ ਫਸੀ ਹੋਈ ਹੰਭ ਗਈ ਆਂ । ਇਥੇ ਪਲ ਤੇ ਘੜੀਆਂ ਸਮੇਂ ਦੀ
ਭੇਰੂ - ਤੂੰ ਮੈਨੂੰ ਛਡ ਜਾਏਂਗੀ ?
ਚੰਦੀ - ਹਾਂ ।
ਭੇਰੂ - ਮੈਂ ਤੈਨੂੰ ਪਿਆਰ ਕਰਦਾ ਹਾਂ, ਚੰਦੀ ।
ਚੰਦੀ - ਪਰਬਤ ਵਾਂਗ ਜਿਹੜਾ ਹਰ ਵੇਲੇ ਨਦੀ ਨੂੰ ਆਪਣੀ ਹਿਕ ਨਾਲ ਲਾਈ ਰਖਦਾ ਏ - ਤੇਰਾ ਪਿਆਰ ਡਾਢਾ ਏ ।
ਭੇਰੂ - ਮੈਂ ਤੈਨੂੰ ਪਿਆਰ ਕਰਦਾ ਹਾਂ ।
ਚੰਦੀ - ਹਵਾ ਵਾਂਗ ਜਿਹੜੀ ਦੀਵੇ ਦੀ ਲਾਟ ਨੂੰ ਬੋਚਣਾ ਚਾਹੁੰਦੀ ਏ ।
ਭੇਰੂ - ਮੈਂ ਤੈਨੂੰ ਪਿਆਰ ਕਰਦਾ ਹਾਂ।
ਚੰਦੀ - ਤੇਰਾ ਪਿਆਰ ਮੌਤ ਦਾ ਸੁਨੇਹਾ ਏ ।
ਭੇਰੂ - ਤੂੰ ਮੈਥੋਂ ਅੱਕ ਗਈ ਏਂ ?
ਚੰਦੀ - ਤੈਥੋਂ ਨਹੀਂ ਆਪਣੇ ਆਪ ਤੋਂ ।
ਭੇਰੂ - ਤੇਰਾ ਸਾਹ ਐਡਾ ਤੇਜ਼ ਕਿਉਂ ਵਗਦਾ ਏ ? ਕੀ ਤੂੰ ਬਹੁਤ ਸੋਚਦੀ ਰਹੀ ਏਂ ?
ਚੰਦੀ - ਮੈਨੂੰ ਛਡ ਦੇ ।
ਭੇਰੂ - ਤੈਨੂੰ ਤਾਪ ਚੜ੍ਹਿਆ ਹੋਇਆ ਏ ।
ਚੰਦੀ - ਹਾਂ ।
ਭੇਰੂ - ਬੂਹਾ ਭੀੜ ਦੇਵਾਂ ? ਹਵਾ ਤਿੱਖੀ ਵਗਣ ਲੱਗ ਪਈ ਏ । ਸੁਣਦੀ ਏਂ ? ਹਵਾ ਕਿਵੇਂ ਬਰਫ਼ ਦੇ ਰਦਿਆਂ ਨੂੰ ਘਸੀਟੀ ਫਿਰਦੀ ਏ ।
ਚੰਦੀ - ਪਰ ਬਾਪੂ....? ਚਾਹ ਪੀ ਤੇ ਛੇਤੀ ਜਾ ਕੇ ਬਾਪੂ ਦਾ ਪਤਾ ਕਰ । ਉਹ ਜ਼ਰੂਰ ਰਾਹ ਵਿਚ ਕਿਤੇ ਗੁਆਚ ਗਿਆ ਹੋਵੇਗਾ ।
ਫੇਰੂ - ਚੰਦੀ, ਤੂੰ ਕਦੇ ਕਦੇ ਇਹੋ ਜਿਹੀਆਂ ਗੱਲਾਂ ਕਰਨ ਲੱਗ ਪੈਂਦੀ ਏਂ ? ਮੈਨੂੰ ਹੌਲ ਉਠ ਖਲੋਂਦਾ ਏ । ਸੱਚੀਂ.... ਤੂੰ ਇਸ ਤਰ੍ਹਾਂ ਗੱਲਾਂ
ਚੰਦੀ - ਮੈਂ ਨਹੀਂ ਜਾਵਾਂਗੀ । ਮੈਂ ਵੀ ਕਿੰਨੀ ਝੱਲੀ ਆਂ, ਐਵੇਂ ਈ... ਪਤਾ ਨਹੀਂ ਕਿਉਂ-ਕਦੇ ਕਦੇ ਜਾਣ ਦੀ ਮੱਥ ਬੈਠਦੀ ਹਾਂ । ਹੱਛਾ......ਜਾ ਹੁਣ । [ਭੇਰੂ ਜਾਂਦਾ ਹੈ । ਚੰਦੀ ਥੋੜਾ ਚਿਰ ਉਡੀਕਦੀ ਹੈ, ਤੇ ਨੌਜੁਆਨ ਨੂੰ ਬੁਲਾਉਂਦੀ ਹੈ]
ਨੌਜੁਆਨ - ਉਹ ਚਲਾ ਗਿਆ । ਅਸੀਂ ਵੀ ਚੱਲਾਂਗੇ ਹੁਣੇ ।
ਚੰਦੀ - ਮੈਂ ਸਾਰੇ ਰਾਹ ਜਾਣਦੀ ਹਾਂ । ਚੱਲ ।
ਨੌਜੁਆਨ - ਮੈਂ ਕੋਟ ਪਾ ਲਵਾਂ, ਤੇ ਤੂੰ... ਤੂੰ ਵੀ ਇਹ ਪਟਕਾ ਆਪਣੇ ਮੂੰਹ ਦੁਆਲੇ ਵਲ੍ਹੇਟ ਲੈ । (ਉਹਦੇ ਮੂੰਹ ਤੇ ਵਲ੍ਹੇਟ ਕੇ) ਆਹ, ਕਿੰਨੀ ਸੁਹਣੀ ਲੱਗਦੀ ਐਂ ਤੂੰ !
ਚੰਦੀ - ਅਸੀਂ ਏਸ ਪਰਬਤ ਦੇ ਪਾਰ ਜਾ ਕੇ.......
ਨੌਜੁਆਨ - ਮੈਂ ਸੋਚਦਾ ਸਾਂ ਕਿ ਲਾਰਜੀ ਦੀ ਟੀਸੀ ਨੂੰ ਕੋਈ ਵੀ ਨਾ ਅਪੜ ਸਕੇਗਾ, ਪਰ ਚੰਦੀ—
ਚੰਦੀ - ਕਿਉਂ ?
ਨੌਜੁਆਨ - ਤੂੰ ਝੂਠ ਆਖਦੀ ਸੈਂ । ਤੁਹਾਡੇ ਦਿਉਤੇ ਝੂਠ ਆਖਦੇ ਸਨ । ਲਾਰਜੀ ਦੀ ਟੀਸੀ, ਬਰਫ਼ਾਂ ਨਾਲ ਕੱਜੀ ਹੋਈ ਟੀਸੀ.....
ਚੰਦੀ - ਮੈਂ ਬਰਫ਼ ਦੇ ਦਿਉਤੇ ਤੋਂ ਡਰਦੀ ਆਂ ।
ਨੌਜੁਆਨ - ਤੂੰ ਤਾਂ ਐਵੇਂ ਡਰਦੀ ਏਂ। ਚਲ ਚੱਲੀਏ । [ਬੂਹਾ ਭੀੜ ਕੇ ਦੋਵੇਂ ਚਲੇ ਜਾਂਦੇ ਹਨ । ਕੁਝ ਚਿਰ ਮੰਚ ਖ਼ਾਲੀ ਰਹਿੰਦਾ ਹੈ । ਬਾਹਰ ਤੂਫਾਨ ਦੀ ਹੂ...ਹੂ ਤੇਜ਼ ਹੋ ਜਾਂਦੀ ਹੈ । ਬੁੱਢਾ ਮਨਸੂ ਅੰਦਰ ਆਉਂਦਾ ਹੈ । ਉਸ ਨੇ ਹੱਥ ਵਿੱਚ ਚੰਮ ਦਾ ਕੁੱਪਾ ਫੜਿਆ
ਮਨਸੂ - (ਕੁੱਪਾ ਫ਼ਰਸ ਉਤੇ ਟਕਾ ਕੇ) ਉਫ਼—ਫ਼—ਫ਼, ਚੰਦੀ ! ਕੋਠਾ ਨਿੱਘਾ ਏ । ਉਫ਼—ਫ਼-ਫ਼-ਚੰਦੀ ! ਵਿਚਾਰੀ ਉਡੀਕਦੀ ਉਡੀਕਦੀ ਸੌਂ ਗਈ ਹੋਵੇਗੀ । ਕਿੰਨੀ ਠਾਰੀ ਏ ! ਕੁੱਲੀ ਦੀਆਂ ਝੀਤਾਂ ਵਿਚੋਂ ਠੰਢ ਝਰ ਝਰ ਅੰਦਰ ਆਉਂਦੀ ਏ । ਅੱਜ ਤਾਂ ਮੈਂ ਤਿਲਕ ਈ ਪਿਆ ਸਾਂ -- ਤੇ ਖੂੰਡੀ ਵੀ ਘਰ ਈ ਭੁਲ ਗਿਆ ਸਾਂ। ਉਫ਼...ਫ਼....ਫ਼ । ਹੋ ਹੋ—ਹੋ ਭੇਰੂ ! (ਦੋ ਮੂੜ੍ਹਿਆਂ ਨੂੰ ਕੋਲ ਕੋਲ ਦੇਖ ਕੇ) ਦੋਵੇਂ ਬੈਠੇ ਗੱਪਾਂ ਮਾਰਦੇ ਹੋਣਗੇ । ਖ਼ੌਰੇ –ਦੋਵੇਂ ਅੰਦਰ ਹੋਣ । [ਅੰਦਰ ਜਾਂਦਾ ਹੈ ਤੇ ਮੁੜਦਾ ਹੈ]
ਏਥੇ ਤਾਂ ਕੋਈ ਵੀ ਨਹੀਂ । ਚੰਦੀ ! ਕਿਧਰ ਗਈ ? ਏਸ ਪਾਲੇ ਵਿਚ ਰਤਾ ਨਹੀਂ ਡਰਦੀ । ਉਪਰੋਂ ਏਡਾ ਪੋਹ ਉਤਰਿਆ ਏ ਤੇ ਅੰਤਾਂ ਦੀ ਬਰਫ਼ । ਤੇ ਦਿਉਤਾ ਕ੍ਰੋਧ ਵਿਚ ! ਤੇ ਉਹ ਖੌਰੇ ਕਿੱਥੇ ਚਲੀ ਗਈ । ਕੁਝ ਵੀ ਤੇ ਉਘ ਸੁਘ ਨਹੀਂ । ਖੌਰੇ ਸਾਨੂੰ ਈ ਟੋਲਣ ਗਈ ਹੋਵੇ । ਕੇਡਾ ਭਿਆਨਕ ਪੋਹ ਏ ! ਲਾਰਜੀ ਦੀ ਟੀਸੀ ਉਤੇ.... [ਬੂਹਾ ਲਾਹ ਕੇ ਭੇਰੂ ਅੰਦਰ ਵੜਦਾ ਹੈ]
ਭੇਰੂ - (ਬੂਹਾ ਜੜਦੇ ਹੋਏ) ਕਿਤੇ ਨਹੀਂ ਮਿਲਿਆ । ਇਤਨੀ ਦੂਰ ਗਿਆ ਮੈਂ । ਉੱਚੀ ਚੱਟਾਨ ਤੀਕ ਦੇਖ ਆਇਆ ਹਾਂ, ਪਰ ਚਾਚਾ ਕਿਤੇ ਨਾ ਮਿਲਿਆ । (ਬੰਦ ਬੂਹੇ ਨਾਲ ਢੋਹ ਲਾ ਕੇ) ਤੇ ਚੰਦੀ ਤੂੰ ਸੋਚਦੀ ਹੋਵੇਂਗੀ ਕਿ ਭੇਰੂ ਕਿਤੇ ਦੂਰ ਤੀਕਰ ਨਹੀਂ ਗਿਆ । ਮੈਂ ਤਾਂ.............ਪਰ....
ਮਨਸੂ - ਭੇਰੂ !
ਮਨਸੂ - ਓਸੇ ਰਸਤੇ ਜਿਥੋਂ ਦੀ ਰੋਜ਼ ਆਉਂਦਾ ਹਾਂ !
ਭੇਰੂ - ਠੀਕ ਠੀਕ । ਬਰਫ਼ ਐਨੀ ਗਹਿਰੀ ਸੀ ਤੇ ਧੂੰ ਇਤਨਾ ਗਾੜ੍ਹਾ ਸੀ ਕਿ ਦੋ ਹੱਥਾਂ ਦੀ ਵਿੱਥ ਉਤੇ ਵੀ ਕੁਝ ਨਹੀਂ ਸੀ ਦਿਸਦਾ ।
ਮਨਸੂ - ਤੂੰ ਕਰਨ ਕੀ ਗਿਆ ਸੈਂ ? ਮੈਂ ਇਨ੍ਹਾਂ ਰਸਤਿਆਂ ਨੂੰ ਭੁੱਲਿਆ ਆਂ ਕਿਤੇ ? ਚੰਦੀ ਕਿੱਥੇ ਐ ?
ਭੇਰੂ - ਇਥੇ ਈ ਉਹ ਤੇਰੇ ਲਈ ਚਾਹ ਉਬਾਲਦੀ ਸੀ ।
ਮਨਸੂ - ਇਥੇ ਤਾਂ ਕਿਤੇ ਨਹੀਂ ।
ਭੇਰੂ - ਹੈਂ ? ਮੈਂ ਉਸ ਨੂੰ ਇਥੇ ਛੱਡ ਕੇ ਗਿਆ ਸਾਂ ।
ਮਨਸੂ - ਇਥੇ ਕਿੱਥੇ ?
ਭੇਰੂ - ਇਥੇ, ਅੰਗੀਠੀ ਕੋਲ ।
ਮਨਸੂ - ਗਈ ਕਿਧਰ ਉਹ ?
ਭੇਰੂ - ਅੱਜ ਉਹ....... ਉਹ ਬੜੀ ਬੇਚੈਨ ਸੀ ।
ਮਨਸੂ - ਕਿਉਂ ?
ਭੇਰੂ - ਵਾਰ ਵਾਰ ਆਖਦੀ ਸੀ ਉਸਦਾ ਮਨ ਪਰਬਤੋਂ ਪਾਰ, ਬਰਫ਼ੋਂ ਦੂਰ ਕਿਸੇ ਸ਼ਹਿਰ ਜਾਣ ਲਈ ਲੋਚਦਾ ਐ ।
ਮਨਸੂ - ਕੋਈ ਅਕਲ ਦੀ ਗੱਲ ਕਰ ! ਤੂੰ ਉਸ ਨੂੰ ਏਥੇ ਹੀ ਛੱਡ ਕੇ ਗਿਆ ਸੈਂ ?
ਭੇਰੂ - ਹਾਂ । (ਅੰਗੀਠੀ ਕੋਲ ਪਏ ਸਿਗਰਟ ਦੇ ਟੋਟੇ ਤੱਕ ਕੇ) ਚਾਚਾ !
ਮਨਸੂ - ਕਿਉਂ ?
ਭੇਰੂ - ਸ਼ਹਿਰੀ ! ਉਹੀ ਸ਼ਹਿਰੀ ਆਇਆ ਸੀ ਜਿਸਨੂੰ ਉਹ ਉਡੀਕਦੀ ਸੀ।
ਭੇਰੂ - ਆਹ ਦੇਖ ਸਿਰਗਟਾਂ ਦੇ ਟੋਟੇ । ਉਹ ਚਲੀ ਗਈ !
ਮਨਸੂ - ਕਿੱਥੇ ? ਏਸ ਪਾਲੇ ਵਿਚ ? ਤੇ ਪਰਬਤ ਦੇ ਦਿਉਤੇ ਦੇ ਹਿਰਖ ਨੂੰ ਭੁਲ ਕੇ !
ਭੇਰੂ - ਹਾਂ ।
ਮਨਸੂ - ਬਰਫ਼ ਦੇ ਦਿਉਤੇ ਨੂੰ ਠੁਕਰਾ ਕੇ ? ਪਹਾੜ ਦੀ ਏਸ ਵਾਦੀ ਨੂੰ ਛੱਡ ਕੇ ? - ਮੈਨੂੰ ਕੁਝ ਨਹੀਂ ਸੁਝਦਾ……. ਏਸ ਵੇਲੇ ਕੁਝ ਨਹੀਂ ਅਹੁੜਦਾ । ਇਹ ਚਾਹ ਉਬਲੀ ਪਈ ਹੈ; ਇਹ ਮੇਰੀ ਗੋਦੜੀ ਸਿਊਂਤੀ ਰੱਖੀ ਹੈ; ਇਹ ਖਰਲ ਵਿਚ ਦਵਾਈ ਪੀਸੀ ਪਈ ਹੈ । ਮੈਨੂੰ ਭਾਸਦਾ ਏ..... ਕਿ ਉਹ ਚਲੀ ਗਈ ।
ਭੇਰੂ - ਬਾਹਰ ਤੂਫ਼ਾਨ ਤਿੱਖੇਰਾ ਹੋ ਗਿਆ ਏ ਚਾਚਾ । ਭਿਆਨਕ ਬੁਲਿਆਂ ਨਾਲ ਸਾਰੇ ਪਹਾੜ ਕੰਬ ਰਹੇ ਹਨ ਤੇ ਬਰਫ਼ ਦੇ ਟਿੱਬੇ ਉਥਲ ਪੁਥਲ ਹੋ ਰਹੇ ਨੇ । [ਉੱਚੀ ਗੜ੍ਹਕ ]
ਆਹ - ਬਰਫ਼ ਦਾ ਗੋਲਾ ਜਿਸ ਵਿਚ ਲਾਰਜੀ ਦੇ ਦਿਉਤੇ ਦਾ ਕ੍ਰੋਧ ਐ !
ਮਨਸੂ - ਉਹ ਨਹੀਂ ਜਾ ਸਕਦੀ। ਨਹੀਂ ! ਨਹੀਂ !! ਕਿਵੇਂ ਜਾ ਸਕਦੀ ਐ ਉਹ ? [ਧਮਾਕੇ ਦੀ ਆਵਾਜ਼]
ਦੋਨੋਂ - (ਤ੍ਰਭਕ ਕੇ) ਲਾਰਜੀ ਦਿਉਤਾ !
ਭੇਰੂ - ਚਾਚਾ !
ਮਨਸੂ - ਹਾਂ ।
ਭੇਰੂ - ਅਵਾਜ਼ ਬੰਦ ਹੋ ਗਈ ਏ । ਬੂਹਾ ਖੋਲ੍ਹਾਂ ?
ਮਨਸੂ - ਹਾਂ ।
ਭੇਰੂ - (ਬਾਹਰ ਝਾਕ ਕੇ) ਤੂਫ਼ਾਨ ਠਲ੍ਹ ਗਿਆ ਏ । ਬਸ ਬਰਫ਼ ਦੀ ਨਿਕੀ ਨਿਕੀ ਖਖ ਉਡਦੀ ਏ । ਤੂੰ ਠੀਕ ਆਖਦਾ ਸੈਂ ਚਾਚਾ । ਬਿਜਲੀ ਦੇ ਏਸ ਧਮਾਕੇ ਵਿਚ ਉਹ, ਤੇ ਸ਼ਹਿਰੀ ਡਿਗ ਪਏ ਹੋਣਗੇ ।
ਮਨਸੂ - (ਸੋਚਾਂ ਵਿਚ ਡੁੱਬਿਆ ਹੋਇਆ) ਹੂੰ !
ਭੇਰੂ - ਤੂੰ ਬੈਠ ਚਾਚਾ, ਮੈਂ ਉਨ੍ਹਾਂ ਨੂੰ ਟੋਲਣ ਚਲਿਆ ਹਾਂ ।
ਮਨਸ - ਨਹੀਂ, ਏਸ ਦੀ ਲੋੜ ਨਹੀਂ । ਮੈਨੂੰ ਪਤਾ ਏ, ਇਹ ਅਨਹੋਣਾ ਲੋੜ੍ਹਾ ਸੀ। ਹੁਣ ਉਸ ਨੇ ਨਹੀਂ ਆਉਣਾ । ਦੇਖ, ਬਾਹਰ ਤੂਫ਼ਾਨ ਥਮ ਗਿਆ ਏ, ਤੇ ਬਰਫ਼ ਉਡਣੀ ਬੰਦ ਹੋ ਗਈ ਏ । ਨਿਕਾ ਜਿਹਾ ਚੰਨ ਨਿਕਲ ਆਇਆ ਏ । ਦੇਖ, ਬਰਫ਼ ਕਿੰਨੀ ਚਿੱਟੀ ਹੋ ਗਈ ਏ । ਇਸ ਦੀ ਲਿਸ਼ਕ ਨਾਲ ਮੇਰੀਆਂ ਬੁੱਢੀਆਂ ਅੱਖਾਂ ਮਿਚੀਆਂ ਜਾਂਦੀਆਂ ਨੇ । [ਦਰਵਾਜ਼ੇ ਵਿਚੋਂ ਦੋਧਾ ਚਾਨਣ ਅੰਦਰ ਆਉਂਦਾ ਹੈ ।
ਮਨਸੂ - ਭੇਰੂ !
ਭੇਰੂ - ਹਾਂ ਚਾਚਾ ।
ਮਨਸੂ - ਜਾ ਅੰਦਰ ਜਾ ਕੇ ਭੇਡ ਨੂੰ ਬੂਟੀ ਪਲਾ । ਉਸ ਹੁਣ ਮੁੜ ਨਹੀਂ ਆਉਣਾ ।
[ਭੇਰੂ ਅੰਦਰ ਜਾਂਦਾ ਹੈ । ਮਨਸੂ ਅੰਗੀਠੀ ਕੋਲ ਬੈਠ ਜਾਂਦਾ ਹੈ ਤੇ ਅੱਖਾਂ ਮੀਟ ਕੇ ਹੱਥ ਸੇਕਦਾ ਹੈ]
ਪਰਦਾ