ਨੌਜੁਆਨ - ਤਾਂ ਫਿਰ ਤੂੰ ਸ਼ਹਿਰ ਚਲ । ਸ਼ਹਿਰ ਉਤਨਾ ਈ ਸੋਹਣਾ ਏ ਜਿਤਨੇ ਉਥੋਂ ਦੇ ਲੋਕ ।
ਚੰਦੀ - ਉਥੇ ਹਨੇਰਾ ਨਹੀਂ ਹੁੰਦਾ ?
ਨੌਜੁਆਨ - ਨਹੀਂ । ਜਦੋਂ ਬਿਜਲੀ ਦੇ ਲਾਟੂ ਜਗ ਉਠਦੇ ਹਨ ਤਾਂ ਹਨੇਰਾ ਨਸ ਜਾਂਦਾ ਏ।
ਚੰਦੀ - ਉਥੇ ਹਨੇਰੀਆਂ ਖੱਡਾਂ ਨਹੀਂ ਹੁੰਦੀਆਂ ?
ਨੌਜੁਆਨ - ਨਹੀਂ, ਬਸ ਮੇਰੇ ਦਿਲ ਅੰਦਰ ਅਥਾਹ ਹਨੇਰਾ ਏ ।
ਚੰਦੀ - ਮੈਨੂੰ ਹਨੇਰੇ ਤੋਂ ਡਰ ਲੱਗਦਾ ਏ।
ਨੌਜੁਆਨ - ਤੂੰ ਕਦੇ ਦਰੱਖ਼ਤਾਂ ਤੇ ਪੱਤਿਆਂ ਹੇਠਾਂ ਸਿਆਹੀ ਤੇ ਸਫ਼ੈਦੀ ਨੂੰ ਝਗੜਦਿਆਂ ਨਹੀਂ ਤੱਕਿਆ ? ਜੇ ਚਾਨਣਾ ਤੇ ਹਨੇਰਾ ਹਰ ਵੇਲੇ ਨਾ ਬਦਲਦੇ ਰਹਿਣ ਤਾਂ ਕੋਈ ਚੀਜ਼ ਜ਼ਿੰਦਾ ਨਾ ਰਹੇ । ਮੈਨੂੰ ਤੇਰੇ ਨਾਲ ਪਿਆਰ ਏ !
ਚੰਦੀ - ਪਰ ਮੈਂ ਤਾਂ ਪਿਆਰ ਨਹੀਂ ਜਾਣਦੀ ।
ਨੌਜੁਆਨ - ਜਦੋਂ ਖ਼ੁਸ਼ਬੂ ਹਵਾ ਨਾਲ ਨਸ ਵਗਦੀ ਏ, ਤਾਂ ਕੀ ਉਸ ਨੂੰ ਹਵਾ ਨਾਲ ਪਿਆਰ ਹੁੰਦਾ ਏ ?
ਚੰਦੀ - ਕੀ ਮੈਂ ਪਿਆਰ ਸਿਖ ਸਕਾਂਗੀ ?
ਨੌਜੁਆਨ - ਹਾਂ । ਜਦ ਤੂੰ ਪਹਾੜ ਦੇ ਕਿੰਗਰੇ ਤੋਂ ਝੁਕ ਕੇ ਦੂਜੇ ਪਾਸੇ ਤੱਕੇਂਗੀ ਤਾਂ ਸਿੱਪ ਵਾਂਗ ਤੇਰਾ ਮੂੰਹ ਪਿਆਰ ਦੀ ਝੱਗ ਨਾਲ ਨਿਖਰ ਆਵੇਗਾ ।
ਚੰਦੀ - ਜਦ ਮੈਂ ਆਪਣੀ ਪੀਲੀਆਂ ਅੱਖਾਂ ਵਾਲੀ ਬੱਕਰੀ ਨੂੰ ਕਿਸੇ ਚੱਟਾਨ ਤੋਂ ਝੁਕ ਕੇ ਫੜਨ ਲੱਗਦੀ ਹਾਂ ਤਾਂ ਮੇਰਾ ਕਾਲਜਾ ਧੱਕ ਧੱਕ ਕਰਨ ਲੱਗ ਪੈਂਦਾ ਏ ਤੇ ਮੈਂ ਮਹਿਸੂਸ ਕਰਦੀ ਹਾਂ...