ਭੇਰੂ - ਹਾਲ ਤੀਕ ਨਹੀਂ ਆਇਆ ਚਾਚਾ ?
ਚੰਦੀ - ਬਰਫ਼ ਕਿੰਨੀ ਪਈ ਏ । ਖ਼ੌਰੇ ਰਾਹ ਵਿਚ ਕਿਤੇ....
ਭੇਰੂ - ਨਹੀਂ, ਨਹੀਂ, ਉਹ ਸਾਰੇ ਰਾਹਾਂ ਤੋਂ ਜਾਣੂ ਏ ।
ਚੰਦੀ- ਹਲਾ, ਤੂੰ ਇਹ ਸਭ ਕੁਝ ਰਖ ਦੇ ਤੇ ਚਾਹ ਪੀ ।
ਭੇਰੂ - ਮੈਂ ਕੁਝ ਆਂਡੇ ਲਿਆਂਦੇ ਨੇ ।
ਚੰਦੀ - ਕਿੰਨੇ ?
ਭੇਰੂ - ਚਾਰ । [ਭੇਰੂ ਬੈਠ ਜਾਂਦਾ ਹੈ । ਚੰਦੀ ਉਸਨੂੰ ਰੋਟੀ ਦੇਂਦੀ ਹੈ]
ਚੰਦੀ - ਅੱਗ ਬੁਝ ਚੱਲੀ ਏ । ਮੈਂ ਬਾਲਦੀ ਆਂ ।
ਭੇਰੂ - ਤੂੰ ਅਜ ਬਿਜਲੀ ਦੀ ਕੜਕ ਸੁਣੀ ਸੀ ? ਲਹਿੰਦੇ ਵਲੋਂ ?
ਚੰਦੀ - ਨਹੀਂ ਤਾਂ ।
ਭੇਰੂ - ਇਉਂ ਲਗਦਾ ਸੀ ਜਿਵੇਂ ਪਰਬਤ ਦਾ ਦਿਉਤਾ ਜ਼ੋਰ ਜ਼ੋਰ ਦੀ ਹੱਸਦਾ ਹੋਵੇ।
ਚੰਦੀ - ਨਹੀਂ, ਪਤਾ ਨਹੀਂ । ਮੈਂ ਅੱਗ ਸੇਕਦਿਆਂ ਸੇਕਦਿਆਂ ਸੌਂ ਗਈ ਹੋਵਾਂਗੀ, ਜਾਂ ਖ਼ੌਰੇ ਕੋਈ ਸੁਫ਼ਨਾ ਤੱਕ ਰਹੀ ਹੋਵਾਂ ।
ਭੇਰੂ - ਆਥਣ ਦੇ ਸੁਫਨੇ ਚੰਗੇ ਨਹੀਂ ਹੁੰਦੇ ।
ਚੰਦੀ - ਕਦੇ ਕਦੇ ਮੈਂ ਸੋਚਦੀ ਹਾਂ
ਭੇਰੂ- ਇਹ ਦਾਲ ਚੁਗ ਕੇ ਨਹੀਂ ਸੀ ਚਾੜ੍ਹੀ ? ਰੋੜ ਈ ਰੋੜ ਪਏ ਨੇ ਇਸ ਵਿਚ ?
ਚੰਦੀ - ਕਦੇ ਕਦੇ ਮੈਂ ਸੋਚਦੀ ਹਾਂ ਭੇਰੂ, ਜੇ ਕਿਤੇ ਮੈਂ ਸ਼ਹਿਰ ਜਾ ਸਕਦੀ…..
ਭੇਰੂ- ਸ਼ਹਿਰ ? ਤੂੰ ਤਾਂ ਝੱਲੀ ਏਂ ।