ਚੰਦੀ - ਪੋਹ ਦੇ ਮਹੀਨੇ ਲਾਰਜੀ ਉਤੇ ਬਰਫ਼ ਦਾ ਦਿਉਤਾ ਲੱਥ ਆਉਂਦਾ ਏ । ਉਸ ਦਾ ਹੁਕਮ ਹੈ ਕਿ ਕੁਆਰੀ ਬਰਫ਼ ਨੂੰ ਕਿਸੇ ਪਾਂਧੀ ਦੇ ਪੈਰ ਨਾ ਛੁਹਣ ।
ਨੌਜੁਆਨ - (ਹੱਸ ਕੇ) ਇਹ ਪਹਾੜੀ ਲੋਕਾਂ ਦਾ ਵਹਿਮ ਏ । ਮੈਂ ਇਸੇ ਵਹਿਮ ਨੂੰ ਤੋੜਨ ਲਈ ਆਇਆ ਹਾਂ ।
ਚੰਦੀ - ਸਾਡੇ ਦਿਓਤੇ ਨੂੰ ਝੂਠਾ ਪਾਉਣ ?
ਨੌਜੁਆਨ - ਹਾਂ ।
ਚੰਦੀ - ਕਿਉਂ ?
ਨੌਜੁਆਨ - ਇਸ ਲਈ ਕਿ ਦਿਉਤੇ ਝੂਠੇ ਹੁੰਦੇ ਹਨ ।
ਚੰਦੀ - ਤੂੰ ਇਹ ਝੂਠ ਕਿਤਾਬਾਂ ਵਿਚੋਂ ਪੜ੍ਹਿਆ ਹੋਏਗਾ ?
ਨੌਜੁਆਨ - ਕੀ ਕਿਤਾਬਾਂ ਝੂਠੀਆਂ ਹੁੰਦੀਆਂ ਨੇ ?
ਚੰਦੀ - ਹੋਰ ਕੀ ? ਸਾਡਾ ਪਹਾੜੀਆਂ ਦਾ ਵਿਸ਼ਵਾਸ ਏ ਕਿਤਾਬਾਂ ਝੂਠ ਮਾਰਦੀਆਂ ਹਨ ।
ਨੌਜੁਆਨ - ਕੀ ਤੂੰ ਸੱਚ ਮੰਨਦੀ ਏਂ ਕਿ ਲਾਰਜੀ, ਦਿਉਤਾ ਪਹਾੜ ਦੀ ਟੀਸੀ ਉਤੇ ਲੱਥ ਆਉਂਦਾ ਏ ?
ਚੰਦੀ - ਹਾਂ । ਉਹ ਠੰਢਾਂ ਵਿਚ ਉੱਚੇ ਪਰਬਤ ਤੋਂ ਹੇਠਾਂ ਆ ਜਾਂਦਾ ਏ, ਤੇ ਛੇ ਮਹੀਨੇ ਲਾਰਜੀ ਦੀ ਟੀਸੀ ਉਤੇ ਬੈਠ ਕੇ ਇਸ ਇਲਾਕੇ ਦੀ ਰੱਖਿਆ ਕਰਦਾ ਹੈ ।
ਨੌਜੁਆਨ - (ਹੱਸਦਾ ਹੈ) ਖ਼ੈਰ, ਇਸ ਵਹਿਮ ਨਾਲ ਮੈਨੂੰ ਕੀ ? ਜਦ ਮੈਂ ਆਪਣੀ ਡਾਇਰੀ ਵਿਚ ਇਹ ਵਹਿਮ ਲਿਖਾਂਗਾ ਤਾਂ ਮੇਰੇ ਤਜਰਬੇ ਕਿੰਨੇ ਦਿਲਚਸਪ ਹੋਣਗੇ । ਕਿੰਨੇ ਚਰਜਾਂ ਭਰੇ । ਊਂਹ ! ਲਾਰਜੀ ਦੀ ਟੀਸੀ ਤੇ ਬਰਫ਼ ਦਾ ਦਿਉਤਾ !
ਚੰਦੀ - ਪਰ ਤੂੰ ਆਇਆ ਕਿੱਥੋਂ ਏਂ ? ਇਕੱਲਾ ਈ ?
ਨੌਜੁਆਨ - ਹਾਂ ।