ਚੰਦੀ - ਜਿਸ ਪਹਾੜ ਉਤੇ ਚੜ੍ਹਨ ਨੂੰ ਤੂੰ ਏਡਾ ਕਾਹਲਾ ਦਿਸਦਾ ਏਂ, ਉਹ ਮੌਤ ਦਾ ਪਹਾੜ ਏ । ਠੰਢਾ ਤੇ ਸਫ਼ੈਦ - ਜਿਵੇਂ ਮੌਤ ।
ਨੌਜੁਆਨ - ਮੈਨੂੰ ਨਕਸ਼ੇ ਤੋਂ ਸਭ ਥਾਂਵਾਂ ਦਾ ਪਤਾ ਹੈ । ਬੱਸ ਇਕ ਆਦਮੀ ਮੈਨੂੰ ਲਾਰਜੀ ਹੇਠਾਂ ਛੱਡ ਆਵੇਗਾ। ਅਗੇ ਮੇਰੇ ਨਕਸ਼ੇ ਉਤੇ ਸਭ ਟੀਸੀਆਂ ਤੇ ਕਿੰਗਰੇ ਵਾਹੇ ਹੋਏ ਹਨ । ਏਥੇ ਹਨੇਰਾ ਏ । ਤੂੰ ਰਤਾ ਦੀਵਾ ਚੁਕ ਲਿਆ ।
ਚੰਦੀ - ਆਲੇ ਵਿਚਲਾ ਦੀਵਾ ਬਾਲ ਦੇਨੀ ਆਂ।
[ਲੱਕੜ ਦੀ ਪੋਰੀ ਬਾਲਦੀ ਹੈ ।
ਲੈ ਫੜ ।
ਨੌਜੁਆਨ - ਕੀ ਤੂੰ ਮੇਰੇ ਲਾਰਜੀ ਜਾਣ ਉਤੇ ਗੁੱਸੇ ਐਂ ?
ਚੰਦੀ - ਨਹੀਂ ।
ਨੌਜੁਆਨ - ਫੇਰ ਤੇਰੀ ਗਲ੍ਹ ਉਤੇ ਇਕ ਕਿਰਮਚੀ ਲੀਕ ਕਿਉਂ ਉਭਰ ਆਈ ਏ ?
ਚੰਦੀ - ਕਿਥੇ ?
ਨੌਜੁਆਨ - ਇਹ, ਹੇਠਲੇ ਬੁਲ੍ਹ ਦੀ ਨੁਕਰੋਂ ਸਿਧੀ ਗਰਦਨ ਤੀਕ ਚਲੀ ਗਈ ਏ — ਇਹ ਕਿਰਮਚੀ ਲੀਕ ।
ਚੰਦੀ - ਤੂੰ ਇਹ ਝੂਠ ਕਿਤਾਬਾਂ 'ਚੋਂ ਪੜ੍ਹਿਆ ਏ ?
ਨੌਜੁਆਨ - ਤੈਨੂੰ ਸੱਚ ਝੂਠ ਦੀ ਪਰਖ ਏ ਕਿਤੇ ?
ਚੰਦੀ - ਹਾਂ ।
ਨੌਜੁਆਨ - ਕੀ ਭਲਾ ?
ਚੰਦੀ - ਇਹੋ, ਜੋ ਕੁਝ ਤੂੰ ਆਖਿਆ ਏ, ਝੂਠ ਏ ।
ਨੌਜੁਆਨ - ਤੂੰ ਇਹ ਸੱਚ ਵੇਖ ਨਹੀਂ ਸਕਦੀ ।
ਚੰਦੀ - ਹਾਂ, ਜਿਸ ਸੱਚ ਨੂੰ ਅਸੀਂ ਤੱਕ ਨਹੀਂ ਸਕਦੇ, ਉਸੇ ਨੂੰ ਤਾਂ ਝੂਠ ਆਖਦੇ ਹਾਂ । ਤੂੰ ਕੰਬਦਾ ਕਿਉਂ ਏਂ ?