ਜ਼ਮੀਨ 'ਤੇ ਰਸਾਇਣਕ ਖਾਦਾਂ ਦੇ ਦੁਰਪ੍ਰਭਾਵ: ਕਿਸਾਨ ਵੀਰ, ਖੇਤੀ ਵਿੱਚ ਵਰਤੀਆਂ ਜਾਂਦੀਆਂ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰ, ਮਿੱਟੀ ਵਿਚਲੇ ਸੂਖਮ ਜੀਵਾਂ ਨੂੰ ਖਤਮ ਕਰਕੇ ਭੂਮੀ ਦੀ ਬਣਤਰ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ ਹਨ। ਇੰਨਾ ਹੀ ਨਹੀਂ ਰਸਾਇਣਕ ਖਾਦਾਂ ਵਿਚਲਾ ਨਮਕ ਪਰਤ ਦਰ ਪਰਤ ਭੂਮੀ ਵਿੱਚ ਜਮ੍ਹਾ ਹੋ ਕੇ ਜ਼ਮੀਨ ਨੂੰ ਲੂਣੀ (ਕੱਲਰ ਬਣਾਉਣ ਦੇ ਨਾਲ-ਨਾਲ ਉਸਦੀ ਪਾਣੀ ਗ੍ਰਹਿਣ ਕਰਨ ਦੀ ਤਾਕਤ ਨੂੰ ਵੀ ਖੋਰਾ ਲਾਉਂਦਾ ਹੈ। ਨਤੀਜ਼ਤਨ ਭੂਮੀ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦੀ ਜਾਂਦੀ ਹੈ ਜਿਸ ਕਾਰਨ ਜਿੱਥੇ ਇੱਕ ਪਾਸੇ ਫਸਲਾਂ ਦਾ ਝਾੜ ਨਿਰੰਤਰ ਘਟਣ ਲਗਦਾ ਹੈ ਓਥੇ ਹੀ ਪ੍ਰਸਪਰ ਸਬੰਧਤ ਰਸਾਇਣਕ ਖਾਦਾਂ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਦਾ ਅਨੁਪਾਤ ਅਤੇ ਮਾਤਰਾ ਲਗਾਤਾਰ ਵਧਦੀ ਚਲੀ ਜਾਂਦੀ ਹੈ ।
ਖੇਤੀ ਵਿੱਚ ਸੂਰਜੀ ਊਰਜਾ ਅਤੇ ਹਵਾ ਦਾ ਮਹੱਤਵ: ਖੇਤੀ ਲਈ, ਪਾਣੀ ਅਤੇ ਮਿੱਟੀ ਤੋਂ ਵਧ ਕੇ ਦੇ ਹੋਰ ਵੀ ਮਹੱਤਵਪੂਰਨ ਤੇ ਉਪਯੋਗੀ ਚੀਜਾਂ ਹਨ ਰੋਸ਼ਨੀ ਅਤੇ ਹਵਾ। ਜਿਹਨਾਂ ਨੂੰ ਕਿ ਅੱਜ ਤੱਕ ਅਸੀਂ ਨਾ ਤਾਂ ਸਮਝਿਆ ਅਤੇ ਨਾ ਹੀ ਸਮਝਣਾ ਚਾਹਿਆ। ਏਥੇ ਇਹ ਵਰਨਣਯੋਗ ਹੈ ਕਿ ਪੰਜਾਬ ਵਿੱਚ ਕੁਦਰਤ ਦੇ ਇਹ ਦੋਹੇਂ ਤੋਹਛੇ ਹੀ ਬਹੁਤਾਤ ਅਤੇ ਵੱਡੇ ਪੱਧਰ 'ਤੇ ਸ਼ੁੱਧ ਰੂਪ ਵਿੱਚ ਉਪਲਭਧ ਹਨ। ਜੇ ਲੋੜ ਹੈ ਤਾਂ ਖੇਤੀ ਵਿੱਚ ਇਹਨਾਂ ਦੇ ਵੱਡ ਪੱਧਰੇ ਅਤੇ ਵਿਗਿਆਨਕ ਇਸਤੇਮਾਲ ਦੀ ਰੋਸ਼ਨੀ ਅਰਥਾਤ ਸੂਰਜੀ ਊਰਜਾ ਦੀ ਤਾਕਤ ਨੂੰ ਪੂਰਨ ਰੂਪ ਵਿੱਚ ਵਰਤਿਆ ਜਾਵੇ ਤਾਂ ਭੂਮੀ ਦੀ ਸਮਰਥਾ, ਪ੍ਰਤੀ ਏਕੜ ਘੱਟੋ-ਘੱਟ 120 ਟਨ ਗੰਨਾ ਪੈਦਾ ਕਰਨ ਦੀ ਹੈ। ਇੰਨਾ ਹੀ ਨਹੀਂ ਪ੍ਰਤੀ ਏਕੜ 40 ਕੁਇੰਟਲ ਕਣਕ ਅਤੇ ਇੰਨਾਂ ਹੀ ਝੋਨਾਂ ਵੀ ਪੈਦਾ ਕੀਤਾ ਜਾ ਸਕਦਾ ਹੈ ਤੇ ਉਹ ਵੀ ਬਿਨਾਂ ਕੋਈ ਰਸਾਇਣਕ ਖਾਦ ਜਾਂ ਕੀੜੇਮਾਰ ਜਹਿਰ ਵਰਤਿਆ।
ਪ੍ਰਯੋਗਸ਼ੀਲ ਮਨ ਅਤੇ ਉੱਦਮੀ ਹੱਥਾਂ ਦੀ ਅਹਿਮੀਅਤ: ਉਪਰ ਵਰਣਿਤ ਤੱਥ ਸਾਡੇ ਹੀ ਦੇਸ ਵਿੱਚ ਇਕ ਉਦਮੀ, ਵਿਗਿਆਨਕ ਦ੍ਰਿਸ਼ਟੀਕੋਣ ਦੇ ਧਾਰਨੀ ਕੁਦਰਤੀ ਖੇਤੀ ਵਿੱਚ ਬੇਹੱਦ ਸਫਲ ਅਤੇ ਪ੍ਰਯੋਗਸ਼ੀਲ ਕਿਸਾਨ ਸ੍ਰੀ ਸੁਰੇਸ਼ ਦੇਸਾਈ ਦੁਆਰਾ ਪੂਰੀ ਤਰ੍ਹਾਂ ਨਾਲ ਯਥਾਰਥ ਦੇ ਧਰਾਤਲ 'ਤੇ ਪਰਖੇ ਹੋਏ ਹਨ । ਸ੍ਰੀ ਦੇਸਾਈ ਕਰਨਾਟਕ ਦੇ ਇੱਕ ਪਿੰਡ ਬੇਦਕੀਹਲ, ਤਹਿਸੀਲ ਚਿਕੇਡੀ ਜ਼ਿਲ੍ਹਾ ਬੇਲਗਾਓ ਦੇ ਵਸਨੀਕ ਹਨ। ਇਹ ਉਹਨਾਂ ਦੀਆਂ ਪ੍ਰਯੋਗਸ਼ੀਲ ਰੁਚੀਆਂ ਅਤੇ ਅਣਥੱਕ ਉਦਮ ਦਾ ਹੀ ਨਤੀਜਾ ਹੈ ਕਿ ਅੱਜ ਉਹ ਪ੍ਰਤੀ ਏਕੜ 90 ਤੋਂ 120 ਟਨ ਗੰਨਾ, ਓਸੇ ਖੇਤ ਵਿੱਚ 15 ਕੁਇੰਟਲ ਸੋਇਆਬੀਨ ਅਤੇ 60 ਕੁਇੰਟਲ ਕੱਚੀ ਹਲਦੀ ਪੈਦਾ ਕਰਦੇ ਹਨ ਅਤੇ ਇਹ ਸਾਰਾ ਕੁੱਝ ਉਹਨਾਂ ਨੇ ਕਿਸੇ ਯੂਨੀਵਰਸਿਟੀ ਜਾਂ ਖੇਤੀ ਵਿਗਿਆਨੀ ਤੋਂ ਨਹੀਂ ਸਗੋਂ ਕੁਦਰਤ ਦੇ ਨਿਜ਼ਾਮ ਤੋਂ ਆਪਣੀ ਪ੍ਰਯੋਗਸ਼ੀਲ ਮਾਨਸਿਕਤਾ ਦੇ ਚਲਦਿਆਂ ਸਿੱਖਿਆ ਹੈ । ਭੂਮੀ, ਪਾਣੀ, ਹਵਾ ਅਤੇ ਰੌਸ਼ਨੀ ਦੇ ਆਪਸੀ ਸਬੰਧਾਂ ਅਤੇ ਖੇਤੀ ਵਿੱਚ ਉਹਨਾਂ ਦੇ ਪ੍ਰਪੱਕ ਵਿਗਿਆਨਕ ਨਿਯੋਜਨ (ਪ੍ਰਬੰਧਨ) ਦੀ ਵਿਵਸਥਾ ਹੀ ਉਹਨਾਂ ਦੀ ਸਫਲਤਾ ਦਾ ਇੱਕ ਮਾਤਰ ਰਾਜ ਹੈ। ਪਰ ਪੰਜਾਬ ਦੀ ਕਿਸਾਨੀ ਅਤੇ ਕਿਸਾਨਾਂ ਵਿੱਚ ਪ੍ਰਯੋਗਸ਼ੀਲ ਰੁਚੀਆਂ ਅਤੇ ਕਿਸੇ ਵੀ ਚੀਜ ਨੂੰ ਤਰਕ ਦੀ ਕਸੌਟੀ 'ਤੇ ਪਰਖਣ ਦੀ ਮਾਨਸਿਕਤਾ ਦਾ ਲਗਪਗ ਪਤਨ ਹੀ ਹੋ ਗਿਆ ਹੈ। ਸਮੇਂ ਦੀ ਲੋੜ ਹੈ ਕਿ ਅਸੀਂ ਮੁੜ ਪ੍ਰਯੋਗਸ਼ੀਲ ਅਤੇ ਵਿਗਿਆਨਕ ਮਾਨਸਿਕਤਾ ਦੇ ਧਾਰਨੀ ਬਣ ਕੇ ਪੰਜਾਬ ਦੀ ਖੇਤੀ ਨੂੰ ਫਿਰ ਤੋਂ ਪੈਰਾਂ ਸਿਰ ਕਰੀਏ।
ਮੁੜ ਕਿਸਾਨ ਬਣੇ ਬਿਨਾਂ ਗੁਜ਼ਾਰਾ ਨਹੀਂ: ਕਿਸਾਨ ਦਾ ਕਿਸਾਨ ਹੀ ਨਾ ਰਹਿ ਜਾਣਾ ਵੀ ਸਾਡੇ ਖੇਤੀ ਸੰਕਟ ਦੇ ਪਿੱਛੇ ਦਾ ਇੱਕ ਹੋਰ ਵੱਡਾ ਕਾਰਨ ਹੈ। ਆਪਣੇ ਖੇਤ ਦੀ ਮਿੱਟੀ ਅਤੇ ਉਸ ਵਿਚਲੀ ਖੁਸ਼ਬੂ ਪ੍ਰਤੀ ਅਵੇਸਲਾਪਣ ਹੁਣ ਛੱਡਣਾ ਹੀ ਪੈਣੇ। ਸਾਡੇ ਖੇਤਾਂ ਨੂੰ ਹੋਰ ਕਿਸੇ ਵੀ ਚੀਜ ਤੋਂ ਵਧੇਰੇ ਜੇ ਕੋਈ ਲੋੜ ਹੈ ਤਾਂ ਉਹ ਹੈ ਖੇਤ ਵਿੱਚ ਸਾਡੀਆਂ ਪੈੜਾਂ ਦੀ, ਸਾਡੇ ਹੱਥਾਂ ਦੇ ਉੱਦਮ ਦੀ ਅਤੇ ਖੇਤ ਵਿੱਚ ਕਾਮਿਆਂ ਦੀ ਅਗਵਾਈ ਕਰਦੇ ਹੋਏ ਧਰਤੀ ਪੁੱਤਰਾਂ ਦੀ। ਇਹ ਸਥਿਤੀ ਜਿੰਨੀ ਛੇਤੀ ਆਵੇਗੀ ਪੰਜਾਬ ਦੀ ਕਿਸਾਨੀ ਦੇ ਦਿਨ ਓਨੀਂ ਹੀ ਛੇਤੀ ਫਿਰਨਗੇ।