ਖੇਤੀ ਵਿਰਾਸਤ ਮਿਸ਼ਨ
ਸਵੈਨਿਰਭਰ, ਸਵੈਮਾਨੀ, ਸਵਦੇਸ਼ੀ ਖੇਤੀ ਅਤੇ ਸਰਬਤ ਦੇ ਭਲੇ ਨੂੰ ਸਮਰਪਿਤ ਲੋਕ ਲਹਿਰ
ਖੇਤੀ ਵਿਰਾਸਤ ਮਿਸ਼ਨ ਜੋ ਕਿ ਚੇਤਨ ਲੋਕਾਂ ਦਾ ਕ੍ਰਿਆਸ਼ੀਲ ਸਮੂਹ ਹੈ-ਵੱਲ ਪੰਜਾਬ ਵਿੱਚ ਚਲਾਈ ਜਾ ਰਹੀ ਕੁਦਰਤੀ ਖੇਤੀ ਦੀ ਲਹਿਰ ਬੜੀ ਤੇਜ਼ੀ ਨਾਲ ਪੰਜਾਬ ਵਿਚ ਫੈਲ ਰਹੀ ਹੈ। ਇਸ ਲਹਿਰ ਦੀ ਅਗਵਾਈ ਤਜਰਬੇਕਾਰ ਕਿਸਾਨਾਂ ਅਤੇ ਬੁੱਧੀਜੀਵੀਆਂ ਦਾ ਗਠਜੋੜ ਕਰ ਰਿਹਾ ਹੈ। ਖੇਤੀ ਵਿਰਾਸਤ ਮਿਸ਼ਨ, ਕੁਦਰਤੀ ਖੇਤੀ, ਕੁਦਰਤੀ ਸਾਧਨਾਂ ਅਤੇ ਪੁਸ਼ਤੋਨੀ ਗਿਆਨ ਦੀ ਸਾਂਭ- ਸੰਭਾਲ ਨੂੰ ਪ੍ਰਣਾਈ ਹੋਈ ਇਕ ਲਹਿਰ ਹੈ। ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਕਈ ਕਿਸਾਨਾਂ ਨੇ ਤਾਂ ਇੱਕ ਹੱਲੇ ਹੀ ਆਪਣੀ ਸਾਰੀ ਜ਼ਮੀਨ ਉਪਰ ਕੁਦਰਤੀ ਖੇਤੀ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਬਾਕੀ ਹੌਲੀ ਹੌਲੀ ਕੁਦਰਤੀ ਖੇਤੀ ਵੱਲ ਪਰਤ ਰਹੇ ਹਨ। ਇਨ੍ਹਾਂ ਕਿਸਾਨਾਂ ਨੇ ਕਾਮਯਾਬੀ ਨਾਲ ਸਿੱਧ ਕਰ ਦਿੱਤਾ ਹੈ ਕਿ ਮਹਿੰਗੇ ਅਤੇ ਜ਼ਹਿਰੀਲੇ ਕੈਮੀਕਲਾ 'ਤੇ ਅਧਾਰਤ ਖੇਤੀ, ਕਿਸਾਨਾਂ ਨਾਲ, ਆਮ ਲੋਕਾਂ ਨਾਲ, ਦੇਸ਼ ਨਾਲ ਅਤੇ ਕੁਦਰਤ ਨਾਲ ਇੱਕ ਕੋਝਾ ਮਜ਼ਾਕ ਹੈ ਜਿਸ ਨੂੰ ਫੌਰੀ ਬੰਦ ਕਰਨਾ ਚਾਹੀਦਾ ਹੈ।
ਸਰਬਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਪੰਜਾਬ ਅੱਜ ਖ਼ੁਦ ਹੀ ਇੱਕ ਗੰਭੀਰ ਸੰਕਟ ਵਿੱਚ ਹੈ। ਉਸ ਦੇ ਪੌਣ-ਪਾਣੀ ਅਤੇ ਧਰਤੀ ਵਿੱਚ ਜ਼ਹਿਰ ਘੁਲ ਚੁੱਕਾ ਹੈ। ਕੁਦਰਤ ਦੀਆਂ ਦਿੱਤੀਆਂ ਦਾਤਾਂ ਪਲੀਤ ਹੋ ਚੁੱਕੀਆ ਨੇ। ਉਸ ਦੇ ਧੀਆਂ-ਪੁੱਤਾਂ ਦੀਆਂ ਰਗਾਂ ਤੱਕ 'ਚ ਵੀ ਜ਼ਹਿਰ ਪੁੱਜ ਗਏ ਨੇ। ਜਿਸ ਖ਼ੁਰਾਕ ਨੇ ਸਿਹਤ ਬਖ਼ਸ਼ਣੀ ਸੀ ਉਹ ਅੱਜ ਨਾਮੁਰਾਦ ਰੋਗਾਂ ਦਾ ਕਾਰਨ ਬਣ ਰਹੀ ਹੈ ਜੋ ਬਰਬਾਦੀ, ਕਰਜ਼ ਅਤੇ ਮੌਤ ਦਾ ਤਾਂਡਵ ਦਰਸ਼ਾਉਂਦੇ ਹੋਣ। ਅਪਾਹਿਜ ਬੱਚਿਆਂ ਦੇ ਜਨਮ ਤੋਂ ਲੈ ਕੇ ਹੋਰ ਪ੍ਰਜਣਨ ਸਿਹਤਾਂ ਦੇ ਵਿਗਾੜ ਅਤੇ ਕੈਂਸਰ ਦਾ ਦੈਂਤ ਅਜਿਹਾ ਕਾਲਾ ਬੱਦਲ ਬਣ ਕੇ ਆਇਆ ਕਿ ਪੰਜਾਬ ਦਾ ਇੱਕ ਖਿੱਤਾ ਕੈਂਸਰ ਪੱਟੀ ਦੇ ਨਾਮ ਨਾਲ ਹੀ ਜਾਣਿਆ ਜਾਣ ਲੱਗ ਪਿਆ। ਇਹ ਸਭ ਕੁਦਰਤ ਨਾਲੋਂ ਮਾਂ-ਪੁੱਤ ਵਾਲਾ ਰਿਸ਼ਤਾ ਤੋੜਨ ਤੋਂ ਉਪਜਿਆ ਸੰਕਟ ਹੈ। ਪਰ ਇਸ ਘੁੱਪ ਹਨ੍ਹੇਰੀ ਅਤੇ ਅੰਨ੍ਹੀ ਸੁਰੰਗ ਜਾਪਦੀਆਂ ਸਥਿਤੀਆਂ ਵਿੱਚ ਵੀ ਹੋਕਾ ਦੇਣ ਦਾ ਅਤੇ ਹਾਅ ਦਾ ਨਾਅਰਾ ਮਾਰਨ ਦਾ ਕੰਮ ਕੁੱਝ ਲੋਕਾਂ ਅਤੇ ਲਹਿਰਾਂ ਨੇ ਕੀਤਾ ਹੈ। ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮੁੜ ਕੁਦਰਤ ਨਾਲ ਉਸਦੇ ਪੁੱਤ ਬਣ ਕੇ ਜੁੜਿਆ ਜਾਵੇ। ਖੇਤੀ ਦਾ ਇਹ ਦਰਸ਼ਨ ਸਭ ਜੀਵਾਂ ਪ੍ਰਤਿ ਪ੍ਰੇਮ ਅਤੇ ਸਾਰਿਆਂ ਦੇ ਪ੍ਰਤਿ ਨਿਆ ਦੀ ਭਾਵਨਾ 'ਤੇ ਆਧਾਰਿਤ ਹੈ। ਇਸਦੇ ਕੇਂਦਰ ਵਿੱਚ ਪੈਸਾ ਕਮਾਉਣ ਦੀ ਅੰਨ੍ਹੀ ਹਵਸ ਅਤੇ ਪਦਾਰਥਵਾਦੀ ਜੀਵਨ ਦੀ ਸੰਜਮਹੀਨ ਲਾਲਸਾ ਨਾ ਹੋ ਕੇ ਕਿਰਤ ਕਰਨ ਅਤੇ ਵੰਡ ਛਕਣ ਦਾ ਵਿਚਾਰ ਹੈ। ਇਸ ਵਿੱਚ ਕਿਸਾਨ ਸਿਰਫ ਖੇਤੀ ਦੀ ਉਤਪਾਦਨ ਪ੍ਰਣਾਲੀ ਦਾ ਇੱਕ ਪੁਰਜਾ ਮਾਤਰ ਹੀ ਨਹੀਂ ਹੈ ਸਗੋਂ ਉਹ ਇੱਕ ਵਿਵੇਕਸ਼ੀਲ ਅਤੇ ਆਸਥਾਵਾਨ ਮਨੁੱਖ ਦੇ ਰੂਪ ਵਿੱਚ ਵਿਵਹਾਰ ਕਰਦਾ ਹੈ। ਆਰਥਿਕਤਾ ਉਸਦੀਆਂ ਕਦਰਾਂ-ਕੀਮਤਾ 'ਤੇ ਭਾਰੂ ਨਹੀਂ ਹੁੰਦੀਆਂ। ਉਹ ਕਿਸੇ ਦੂਸਰੇ ਦਾ ਹੱਕ ਨਹੀਂ ਖੋਹਦਾਂ ਅਤੇ ਨਾਂ ਹੀ ਕਿਸੇ ਤੇ ਅੱਤਿਆਚਾਰ ਕਰਦਾ ਹੈ।ਉਹ ਖੇਤੀ ਨੂੰ ਸਿਰਫ ਇੱਕ ਧੰਦਾ ਨਹੀਂ, ਸਗੋਂ ਇੱਕ ਧਰਮ ਸਮਝਦਾ ਹੈ। ਉਹ ਧਰਮ ਜੇ ਹੱਕ, ਸੱਚ, ਦਯਾ ਅਤੇ ਸਭਨਾਂ ਵਿੱਚ ਵਾਹਿਗੁਰੂ ਦੇਖਣ ਦੀ ਜੀਵਨ-ਦ੍ਰਿਸ਼ਟੀ ਦਿੰਦਾ ਹੈ।
ਅੰਦਰ ਝਾਤ
ਇਸ ਕਿਤਾਬ ਬਾਰੇ
ਵਾਤਵਰਣ ਅਤੇ ਖੇਤੀ ਨਾਲ ਜੁੜੇ ਪੰਜਾਬ ਦੇ ਅਜੋਕੇ ਖੇਤੀ ਸੰਕਟ ਨੂੰ ਠੱਲ ਪਾਉਣ ਲਈ ਇੱਕ ਲੋਕ ਉਪਰਾਲੇ ਵਜੋਂ ਇੱਕ ਕਾਫਲੇ ਦੇ ਤੌਰ 'ਤੇ ਖੇਤੀ ਵਿਰਾਸਤ ਮਿਸ਼ਨ ਦਾ ਸਫਰ ਸ਼ੁਰੂ ਹੋਇਆ। ਇਸ ਸਵਰ ਦੀ ਸ਼ੁਰੂਆਤ ਸਰਬਤ ਦੇ ਭਲੇ ਦੇ ਵਿਚਾਰ ਤੋਂ ਪ੍ਰੇਰਤ ਸੀ । ਖੇਤੀ ਵਿਰਾਸਤ ਮਿਸ਼ਨ ਦਾ ਬੀਜ ਕਰੁਣਾ ਦੇ ਉਸ ਭਾਵ ਵਿੱਚ ਹੈ ਜਿਹੜਾ ਕਿ ਮਨੁੱਖ ਨੂੰ ਸਾਰੀ ਕਾਇਨਾਤ ਅਤੇ ਉਸਦੇ ਭਾਂਤ-ਸੁਭਾਂਤੇ ਰੂਪਾਂ ਨਾਲ ਇੱਕਮਿੱਕ ਕਰ ਦਿੰਦਾ ਹੈ। ਇਹ ਕਰਣਾ ਭਾਵ ਆਪਾ ਵਾਰ ਕੇ ਆਪਣਿਆਂ ਲਈ, ਆਪਣੀ ਧਰਤੀ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਆਪਣੀ ਜਿੰਮੇਦਾਰੀ ਦਾ ਨਿਰਵਾਹ ਕਰਨ ਲਈ ਵੰਗਾਰਦਾ ਹੈ। ਜਿਸ ਵਿਚਾਰ ਨੇ ਬੀਜ ਬਣ ਕੇ ਅੱਜ ਖੇਤੀ ਵਿਰਾਸਤ ਮਿਸ਼ਨ ਦਾ ਸਰੂਪ ਗ੍ਰਹਿਣ ਕੀਤਾ ਹੈ. ਬੀਜ ਰੂਪੀ ਉਸ ਵਿਚਾਰ ਦਾ ਜਨਮ ਅਚਾਨਕ ਹੀ ਨਹੀਂ ਹੋ ਗਿਆ ਸੀ । ਸਗੋਂ ਇਸਦੇ ਪਿੱਛੇ ਇੱਕ ਲੰਮੀ ਚਿੰਤਨ ਪ੍ਰਕਿਰਿਆ, ਵਿਚਾਰ, ਸੰਵਾਦ ਅਤੇ ਤੜਫ ਦਾ ਵਜੂਦ ਸੀ।
ਪੰਜਾਬ ਦੇ ਸਮੁੱਚੇ ਚੌਗਿਰਦੇ ਵਿੱਚ ਜਿਹੜੀ ਪੀੜ ਵਿਆਪਤ ਸੀ, ਉਸਦਾ ਰਿਸ਼ਤਾ ਪੰਜਾਬ ਦੇ ਵਾਤਾਵਰਣ ਅਤੇ ਖੁਰਾਕ ਲੜੀ ਵਿੱਚ ਪਿਛਲੇ 4 ਦਹਾਕਿਆਂ ਤੋਂ ਨਿਰੰਤਰ ਘੁਲਦੇ ਜਾ ਰਹੇ ਜ਼ਹਿਰਾਂ, ਮੁੱਕ ਚੱਲੋ ਪਾਣੀਆ, ਜ਼ਹਿਰੀਲੇ ਰਸਾਇਣਾ ਦੇ ਲਗਾਤਾਰ ਇਸਤੇਮਾਲ ਕਾਰਨ ਖਤਮ ਹੁੰਦੇ ਜਾ ਰਹੇ ਅਨੇਕਾ ਪ੍ਰਕਾਰ ਦੇ ਜੀਵ-ਜੰਤੂਆਂ, ਪੰਛੀਆਂ, ਸੂਖਮ ਜੀਵਾ, ਮਿੱਟੀ, ਰੁੱਖਾ, ਬਨਸਪਤੀਆਂ ਦੀ ਚੀਤਕਾਰ ਨਾਲ ਸੀ। ਵਿਕਾਸ ਅਤੇ ਆਧੁਨਿਕ ਖੇਤੀ ਦੇ ਨਾਂਅ 'ਤੇ ਕੁਦਰਤੀ ਸੋਮਿਆਂ ਅਤੇ ਕੁਦਰਤ ਦੇ ਵੱਖ-ਵੱਖ ਸਰੂਪਾਂ ਦਾ ਜਿਹੜਾ ਵਿਨਾਸ਼ ਪੰਜਾਬ ਵਿੱਚ ਹੋਇਆ, ਉਹ ਬੇਸ਼ੱਕ ਇੱਕ ਕਰੂਰਤਾ ਭਰਪੂਰ ਅਤੇ ਅਤਿਅੰਤ ਰਾਖਸ਼ਸ਼ੀ ਕ੍ਰਿਤ ਹੈ। ਇਹ ਅਧਰਮ ਹੈ ਤੇ ਪ੍ਰਮਾਤਮਾ ਦੇ ਵਿਰੁੱਧ ਅਪਰਾਧ ਵੀ । ਸਮੁੱਚੀ ਲੋਕਾਈ ਨੂੰ ਇਸ ਅਪਰਾਧ ਅਤੇ ਇਸਦੇ ਭਿਆਨਕ ਨਤੀਜਿਆ ਤੋਂ ਬਚਾਉਣ ਲਈ ਹਾਅ ਦਾ ਨਾਅਰਾ ਹੈ ਖੇਤੀ ਵਿਰਾਸਤ ਮਿਸ਼ਨ । ਜਿਸਨੇ 1995 ਵਿੱਚ ਇੱਕ ਵਿਚਾਰ ਦੇ ਰੂਪ ਵਿੱਚ ਪੁੰਗਰਣ ਤੋਂ ਲੈ ਕੇ 2005 ਵਿੱਚ ਹੋਏ ਆਪਣੇ ਜਨਮ ਤੋਂ ਹੁਣ ਤੱਕ ਅਨੇਕਾਂ ਹੀ ਪੜਾਅ ਤੈਅ ਕੀਤੇ ਹਨ।
ਇਸ ਸਫਰ ਦੌਰਾਨ ਖੇਤੀ ਵਿਰਾਸਤ ਮਿਸ਼ਨ ਨੂੰ ਅਨੇਕਾਂ ਵਿਚਾਰਕਾ, ਵਿਦਵਾਨਾਂ, ਸਮਾਜਿਕ ਕਾਰਕੁੰਨਾ ਅਤੇ ਦਿਆਲੂ ਲੋਕਾਂ ਦਾ ਸਹਿਯੋਗ ਮਿਲਿਆ। ਕਿਸੇ ਨੇ ਵਿਚਾਰ ਦਿੱਤਾ, ਕਿਸੇ ਨੇ ਚਿੰਤਨ ਨੂੰ ਹੋਰ ਵੀ ਗਹਿਰਾਈ ਬਖ਼ਸ਼ੀ, ਕਿਸੇ ਨੇ ਕੋਈ ਇੱਕ ਤਕਨੀਕ ਸਿਖਾਈ ਤੇ ਕਿਸੇ ਨੇ ਦੂਜੀ, ਕਿਸੇ ਨੇ ਕੁੱਝ ਸਾਧਨ ਦਿੱਤੇ ਤੇ ਕਿਸੇ ਨੇ ਸਾਨੂੰ ਥਾਪੜਾ ਦੇ ਕੇ ਲਗਾਤਾਰ ਅੱਗੇ ਵਧਦੇ ਰਹਿਣ ਲਈ ਪ੍ਰੇਰਤ ਕੀਤਾ। ਉਹਨਾਂ ਵਿੱਚ ਵਾਤਾਵਰਣ ਦੇ ਉੱਘੇ ਚਿੰਤਕ, ਲੇਖਕ ਅਤੇ ਕਾਰਕੁੰਨ ਸ਼੍ਰੀ ਅਨੁਪਮ ਮਿਸ਼ਰ, ਉਹ ਪਹਿਲੇ ਇਨਸਾਨ ਸਨ ਜਿਹਨਾਂ ਦੀ ਸਦ-ਪ੍ਰੇਰਨਾ ਨੇ ਹੀ ਪੰਜਾਬ ਦੀ ਧਰਤੀ ਦੀ ਸੇਵਾ ਹਿੱਤ ਸਾਨੂੰ ਆਪਣੇ ਕਰਤਵ ਨਿਭਾਉਣ ਲਈ ਪ੍ਰੇਰਨਾ ਰੂਪੀ ਬੀਜ ਦਾ ਕੰਮ ਕੀਤਾ। ਇਸ ਬੀਜ ਨੂੰ ਪੁੰਗਰਣ ਲਈ ਲੋੜੀਂਦਾ ਖਾਦ-ਪਾਣੀ ਦੇਣ ਦਾ ਕੰਮ ਪ੍ਰਸਿੱਧ ਖੇਤੀ ਵਿਗਿਆਨੀ ਡਾ. ਦਵਿੰਦਰ ਸ਼ਰਮਾ, ਪਾਣੀ ਦੇ ਯੋਧੇ ਵਜੋਂ ਜਾਣੇ ਜਾਦੇ ਰਾਜਿੰਦਰ ਸਿੰਘ, ਪਹਾੜਾਂ 'ਤੇ ਪਾਣੀ ਅਤੇ ਜੰਗਲ ਦਾ ਮਹਾਨ ਕੰਮ ਕਰਨ ਵਾਲੇ ਸਚਿਦਾਨੰਦ ਭਾਰਤੀ, ਵਾਤਾਵਰਣ ਕਾਰਕੁੰਨ ਤੇ ਖੇਤੀ ਵਿਗਿਆਨੀ ਸੁਧਿਰੇਂਦਰ ਸ਼ਰਮਾ ਅਤੇ ਟਾਕਸਿਕ ਲਿੰਕ ਦੇ ਸ੍ਰੀ ਰਵੀ ਅੱਗਰਵਾਲ ਨੇ ਕੀਤਾ।
ਵਿਚਾਰ ਨੂੰ ਹੋਰ ਪ੍ਰਪੱਕਤਾ ਅਤੇ ਡੂੰਘਾਈ ਜੈਪੁਰ ਦੇ ਡਾ. ਸ੍ਰੀ ਗੋਪਾਲ ਕਾਬਰਾ ਦੇ ਖੋਜਪਰਥ ਲੱਖਾਂ, ਕੇਰਲਾ ਵਿੱਚ ਇੰਟਸਲਵਾਨ ਦੇ ਖਿਲਾਫ਼ ਸੰਘਰਸ਼ ਕਰ ਰਹੇ ਸਮਾਜਿਕ ਕਾਰਕੁੰਨਾਂ, ਆਪਣੀ ਅੰਤਰ-ਪ੍ਰੇਰਨਾ ਸਦਕੇ ਆਪਣੀ ਹੀ ਮਿਹਨਤ ਅਤੇ ਸਾਧਨਾਂ ਨਾਲ ਰਾਮਦੇਵਰਾ, ਜਿਲ੍ਹਾ ਜੈਸਲਮੇਰ ਰਾਜਸਥਾਨ ਵਿਖੇ ਰੇਲਵੇ
ਗੇਟਮੈਨ ਵਜੋਂ ਕੰਮ ਕਰਨ ਵਾਲੇ ਸ੍ਰੀ ਲਾਹੇ ਰਾਮ ਦੀ ਕਹਾਣੀ, ਅਤੇ ਦੁਨੀਆਂ ਵਿੱਚ ਸਭ ਤੋਂ ਉਚਾਈ 'ਤੇ ਭੇਜ ਪੱਤਰ ਦੇ ਜੰਗਲ ਨੂੰ ਪੁਨਰ-ਸੁਰਜੀਤ ਕਰਨ ਵਾਲੀ ਬੀਬੀ ਹਰਸਵੰਤੀ ਬਿਸ਼ਨ ਤੋਂ ਮਿਲੀ । ਇਸਤੋਂ ਇਲਾਵਾ ਅਨੇਕਾਂ ਹੀ ਹੋਰ ਸਮਾਜਿਕ ਕਾਰਕੁੰਨਾ ਤੇ ਵਾਤਾਵਰਣੀ ਕਾਰਕੁੰਨਾਂ ਦੀਆਂ ਕਹਾਣੀਆਂ ਅਤੇ ਉਹਨਾਂ ਦੇ ਪੁਰਸਾਰਥ ਨੇ ਖੇਤੀ ਵਿਰਾਸਤ ਮਿਸ਼ਨ ਦੀ ਨੀਂਹ ਰੱਖਣ ਲਈ ਮਜ਼ਬੂਤ ਸੰਕਲਪ ਸ਼ਕਤੀ ਪ੍ਰਦਾਨ ਕੀਤੀ। ਇਸ ਵਿਚਾਰ ਨਾਲ ਸੇਵਾ ਭਾਵ ਨੂੰ ਜੋੜਿਆ ਭਗਤ ਪੂਰਨ ਸਿੰਘ ਜੀ ਦੇ ਜੀਵਨ ਦਰਸ਼ਨ ਅਤੇ ਉਹਨਾਂ ਦੇ ਕੁਦਰਤ ਪੱਖੀ ਦਿਆਲੂ ਚਿੰਤਨ ਨੇ ।
ਮਿਸ਼ਨ ਨੇ ਪੰਜਾਬ ਵਿੱਚ ਕਿਸਾਨ ਕੇਂਦਰਤ ਲੋਕ ਲਹਿਰ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ । ਮਿਸ਼ਨ ਦਾ ਸ਼ੁਰੂ ਤੋਂ ਹੀ ਇਹ ਸਪਸ਼ਟ ਮਤ ਰਿਹਾ ਹੈ ਕਿ ਹਰੇ ਇਨਕਲਾਬ ਦੇ ਮਾਰੂ ਸਿੱਟਿਆਂ ਨੂੰ ਦੇਖਦੇ ਹੋਏ ਇਸਦੇ ਬਦਲ ਵਿੱਚ ਖੇਤੀ ਦੇ ਜਿਸ ਬਦਲਵੇਂ ਪ੍ਰਬੰਧ ਜਾਂ ਢਾਂਚੇ ਦੀ ਗੱਲ ਕੀਤੀ ਜਾਵੇ, ਉਹ ਕਿਸੇ ਵੱਲੋਂ ਕਿਸਾਨਾਂ 'ਤੇ ਥੋਪੇ ਜਾਣ ਦੀ ਬਜਾਏ ਕਿਸਾਨਾਂ ਦੇ ਮਨਾਂ ਵਿੱਚੋਂ ਨਿਕਲਣਾ ਚਾਹੀਦਾ ਹੈ। ਸਾਡੇ ਵਾਤਾਵਰਣ ਅਤੇ ਖੇਤੀ ਲਈ ਓਪਰੇ ਮਾਹਿਰਾਂ ਦੇ ਕਹਿਣ 'ਤੇ ਰਸਾਇਣ, ਮਸ਼ੀਨ ਅਤੇ ਪੂੰਜੀ 'ਤੇ ਆਧਾਰਤ ਇੱਕ ਢਾਂਚੇ ਨੂੰ 40 ਸਾਲ ਪਹਿਲਾਂ ਬਿਨਾਂ ਗਹਿਨ-ਗੰਭੀਰ ਵਿਚਾਰ ਕੀਤਿਆਂ ਸਵੀਕਾਰ ਕੀਤਾ ਗਿਆ ਸੀ ਅਤੇ ਹੁਣ ਓਸੇ ਤਰ੍ਹਾਂ ਬਿਨਾਂ ਵਿਚਾਰ ਕੋਈ ਦੂਜਾ ਬਦਲ ਪੇਸ਼ ਕਰਨਾ ਵੀ ਵੇਸੀ ਹੀ ਬੱਜਰ ਗਲਤੀ ਹੋਵੇਗੀ। ਖੇਤੀ ਵਿਗਿਆਨ ਖੇਤਾਂ ਵਿੱਚ ਹੀ ਉਪਜਦਾ ਹੈ ਤੇ ਕਿਸਾਨਾਂ ਨੂੰ ਉਸਦੀ ਡੂੰਘੀ ਸਮਝ ਹੋਣੀ ਚਾਹੀਦੀ ਹੈ। ਕਿਸਾਨ ਨੂੰ ਤਕਨੀਕ ਨਾਲ ਲੈਸ ਕਰਨ ਦੀ ਬਜਾਏ ਉਸਦਾ ਵਿਵੇਕ ਜਗਾਉਣ, ਸੋਝੀ ਵਿਕਸਤ ਕਰਨ ਅਤੇ ਕੁਦਰਤ ਨਾਲ ਉਸਦਾ ਰਿਸ਼ਤਾ ਜੋੜ ਕੇ ਖੇਤੀ ਪ੍ਰਤੀ ਉਸਨੂੰ ਸਪਸ਼ਟ ਨਜ਼ਰੀਏ ਦਾ ਧਾਰਨੀ ਬਣਾਉਣ ਲਈ ਅਣਥੱਕ ਯਤਨ ਕਰਨ ਦੀ ਲੋੜ ਹੈ। ਪੰਜਾਬ ਦੇ ਪੌਣ-ਪਾਣੀ ਮੁਤਾਬਿਕ ਢੁਕਵੀਆਂ ਖੇਤੀ ਤਕਨੀਕਾ ਉਹ ਆਪ ਹੀ ਵਿਕਸਤ ਕਰ ਲਵੇਗਾ:ਹਰੀ ਕ੍ਰਾਂਤੀ ਦੇ ਪੈਕੇਜ਼ ਆਫ ਪ੍ਰੈਕਟਿਸਸ ਨੇ ਪੰਜਾਬ ਦੇ ਕਿਸਾਨ ਨੂੰ ਨਕਾਰਾ ਹੀ ਨਹੀਂ ਬਣਾਇਆ ਸਗੋਂ ਉਸਨੂੰ ਆਪਣੀ ਬੁੱਧੀ ਅਤੇ ਵਿਵਕ ਦੀ ਵਰਤੋਂ ਕਰਨ ਤੋਂ ਵੀ ਰੋਕ ਦਿੱਤਾ । ਉਹ ਚਿੰਤਨਸ਼ੀਲ ਅਤੇ ਪ੍ਰੇਯਗਸ਼ੀਲ ਨਹੀਂ ਰਿਹਾ। ਮਿਸ਼ਨ, ਕਿਸਾਨਾਂ ਨੂੰ ਮੁੜ ਤੋਂ ਖੇਤੀ ਵਿਚਾਰਕ ਅਤੇ ਪ੍ਰੋਯਗਸ਼ੀਲ ਬਣਾਉਣ ਲਈ ਸ਼ੁਰੂ ਤੋਂ ਹੀ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ।
ਇਸ ਮੰਤਵ ਦੀ ਪੂਰਤੀ ਲਈ ਮਿਸ਼ਨ ਨੇ ਖੇਤੀ ਵਿਗਿਆਨੀ ਡਾ. ਟੀ.ਪੀ. ਰਾਜੇਂਦਰਨ, ਨਾਗਪੁਰ ਮਹਾਰਾਸ਼ਟਰ ਤੋਂ ਕੁਦਰਤੀ ਖੇਤੀ ਲਹਿਰ ਦੇ ਆਗੂ ਤੇ ਬਜ਼ੁਰਗ ਕਿਸਾਨ ਮਨੋਹਰ ਭਾਊ ਪਰਚੁਰੇ, ਸੀ. ਐਸ.ਏ. ਹੈਦਰਾਬਾਦ ਦੇ ਮੁਖੀ ਡਾ. ਰਾਮਾਂਜਨਿਯਲੂ ਤੇ ਕਵਿਤਾ ਕਰੂਗੁੱਟੀ ਨਾਗਪੁਰ ਤੋਂ ਡਾ. ਪ੍ਰੀਤੀ ਜੇਬੀ, ਗੋਆ ਤੋਂ ਉੱਘੇ ਕੁਦਰਤੀ ਖੇਤੀ ਕਾਰਕੁੰਨ ਡਾ. ਕਲਾਡ ਅਲਵਾਰਿਸ, ਕੌਮਾਂਤਰੀ ਖੇਤੀ ਵਿਗਿਆਨੀ ਡਾ. ਓਮ ਪ੍ਰਕਾਸ਼ ਰੁਪੇਲਾ, ਅਮਰਾਵਤੀ ਮਹਾਰਾਸ਼ਟਰ ਤੋਂ ਕੁਦਰਤੀ ਖੇਤੀ ਮਾਹਿਰ ਸੁਭਾਸ਼ ਪਾਲੇਕਰ, ਦੇਵਾਸ ਮੱਧ ਪ੍ਰਦੇਸ਼ ਤੋਂ ਦੀਪਕ ਸੱਚਦੇ ਯਵਤਮਾਲ ਮਹਾਰਾਸ਼ਟਰ ਤੇ ਪ੍ਰੇਮ ਦੀ ਖੇਤੀ ਕਰਨ ਵਾਲੇ ਕਿਸਾਨ ਸੁਭਾਸ਼ ਸ਼ਰਮਾ, ਬੀਜ ਬਚਾਓ ਅੰਦੋਲਨ ਦੇ ਵਿਜੇ ਜੜਹਾਰੀ, ਬੇਲਗਾਓ ਕਰਨਾਟਕਾ ਤੋਂ ਵਾਤਾਵਰਣ ਦੇ ਉੱਘੇ ਚਿੰਤਕ, ਲੇਖਕ ਅਤੇ ਕਾਰਕੁੰਨ ਸੁਰੇਸ਼ ਦੇਸਾਈ ਸਮੇਤ ਹੋਰ ਅਨੇਕਾ ਹੀ ਮਾਹਿਰਾਂ ਨੂੰ ਸਮੇਂ-ਸਮੇਂ ਪੰਜਾਬ ਸੱਦਿਆ।
ਖੇਤੀ ਤੋਂ ਇਲਾਵਾ ਪਾਣੀ, ਸਿਹਤ, ਜੋਵਿਕ ਭਿੰਨਤਾ ਅਤੇ ਜੀ. ਐਮ. ਫਸਲਾਂ ਪ੍ਰਤੀ ਚੇਤਨਾ ਲਈ ਮੈਗਸੇਸੇ ਪੁਰਸਕਾਰ ਵਿਜੇਤਾ ਰਜਿੰਦਰ ਸਿੰਘ, ਡਾ. ਸੁਧਿਰੇਂਦਰ ਸ਼ਰਮਾ, ਸੀ. ਐਸ. ਈ. ਨਵੀਂ ਦਿੱਲੀ ਤੋਂ ਸੁਨੀਤਾ ਨਾਰਾਇਣ ਅਤੇ ਡਾ. ਚੰਦਰ ਪ੍ਰਕਾਸ਼, ਫੈਕਨ ਡਿਵੈਲਪਮੈਂਟ ਸੋਸਾਇਟੀ-ਹੈਦਾਰਾਬਾਦ ਤੋਂ ਪੀ.ਵੀ. ਸਤੀਸ਼, ਜੀਨ ਕੰਪੇਨ ਦੇ ਮੁਖੀ ਡਾ. ਸੁਮਨ ਸਹਾਏ ਡਾ. ਦਵਿੰਦਰ ਸ਼ਰਮਾ, ਨਰਮਦਾ ਬਚਾਓ ਅੰਦੋਲਨ ਤੋਂ ਸ੍ਰੀਪਾਦ ਧਰਮਾਧਿਕਾਰੀ ਤੇ ਰਹਿਮਤ ਭਾਈ, ਡਾ. ਐਸ. ਜੀ. ਕਾਬਰਾ, ਨਵੀਂ ਦਿੱਲੀ ਤੋਂ ਵਾਤਾਵਰਣੀ
ਸਿਹਤਾ ਦੇ ਮਾਹਿਰ ਡਾ. ਟੀ.ਕੇ. ਜੋਸ਼ੀ ਸਮੇਤ ਅਨੇਕਾਂ ਵਿਦਵਾਨਾਂ ਨੇ ਪੰਜਾਬ ਵਿੱਚ ਵਾਤਾਵਰਣ ਪੱਖੀ ਲੋਕ ਲਹਿਰ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਇਆ ਅਤੇ ਅਸੀਂ ਇਹਨਾਂ ਸਾਰੇ ਵਿਦਵਾਨਾ ਤੋਂ ਕੁੱਝ ਨਾ ਕੁਝ ਸਿੱਖਿਆ ਹੈ। ਇਸ ਕੰਮ ਲਈ ਪਿੰਗਲਵਾੜਾ ਅੰਮ੍ਰਿਤਸਰ ਨੇ ਡਾ. ਬੀਬੀ ਇੰਦਰਜੀਤ ਕੌਰ ਦੇ ਅਗਵਾਈ ਵਿੱਚ ਸਾਨੂੰ ਛਾਂ ਅਤੇ ਛੱਤ ਪ੍ਰਦਾਨ ਕੀਤੀ, ਉਹ ਸਾਧਨ ਮੁਹਈਆ ਰਕਵਾਏ ਜਿਹਨਾਂ ਸਦਕੇ ਅਸੀਂ ਪੰਜਾਬ ਨੂੰ ਵਾਤਾਵਰਣ ਅਤੇ ਸਿਹਤਾਂ ਦੇ ਇਸ ਭਿਆਨਕ ਸੰਕਟ ਵਿੱਚੋਂ ਕੱਢਣ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਕਰ ਸਕ।
ਸਾਡਾ ਇਹ ਸਪਸ਼ਟ ਦ੍ਰਿਸ਼ਟੀਕੋਣ ਹੈ ਕਿ ਬਾਬੇ ਨਾਨਕ ਦੇ ਸਰਬਤ ਦੇ ਭਲੇ ਦੇ ਵਿਚਾਰ ਨੂੰ ਸਾਕਾਰ ਰੂਪ ਦੇਣ ਲਈ ਸਾਨੂੰ ਅਨੇਕਾਂ ਹੀ ਲੋਕਾਂ ਦੇ ਸਹਿਯੋਗ ਅਤੇ ਅਸ਼ੀਰਵਾਦ ਦੀ ਲੋੜ ਰਹੇਗੀ । ਸਰਬਤ ਦੇ ਭਲੇ ਲਈ ਕੁਦਰਤੀ ਖੇਤੀ ਦੀ ਲੋਕ ਲਹਿਰ ਦੇ ਇਸ ਸਫਰ ਨੇ ਹਾਲੇ ਅਨੇਕਾਂ ਹੀ ਪੜਾਅ ਤੈਅ ਕਰਨੇ ਹਨ। ਰਸਤੇ ਵਿੱਚ ਅਨੇਕਾਂ ਮੁਸ਼ਕਿਲਾਂ ਵੀ ਆਉਣਗੀਆ ਤੇ ਨਾਕਾਮਯਾਬੀਆਂ ਵੀ ਪਰ ਇਹ ਸਫਰ ਨਿਰੰਤਰ ਚੱਲਦਾ ਰਹੇਗਾ। ਇਸ ਵਿੱਚ ਆਪਣੇ ਵਾਸਤੇ ਕੁੱਝ ਨਹੀਂ ਵੀ ਨਹੀਂ ਹੈ। ਏਥੇ ਤਾਂ ਆਪਾ ਵਾਰਨ ਦੀ ਗੱਲ ਹੈ । ਸਾਡੀ ਮਾਤ ਭੂਮੀ ਪੰਜਾਬ ਦਾ ਜਿਹੜਾ ਰਿਣ ਸਾਡੇ ਸਿਰਾਂ 'ਤੇ ਹੈ ਅਸੀਂ ਉਹਨੂੰ ਉਤਾਰਨ ਦਾ ਉਪਰਾਲਾ ਕਰਦੇ ਹੀ ਰਹਿਣਾ ਹੈ। ਇਹ ਹੀ ਸੇਵਾ ਹੈ, ਇਹ ਹੀ ਧਰਮ ਹੈ, ਇਹ ਹੀ ਸਿਮਰਨ ਅਤੇ ਤੀਰਥ ਵੀ ਹੈ। ਵਾਹਿਗੁਰੂ ਨੇ ਸਾਨੂੰ ਇਹ ਸੇਵਾ ਨਿਭਾਉਣ ਲਈ ਚੁਣਿਆ ਹੈ। ਇਹ ਭਾਵਨਾ ਇਸ ਲਹਿਰ ਨਾਲ ਜੁੜੇ ਸਭ ਕਿਸਾਨਾਂ ਅਤੇ ਹੋਰਨਾਂ ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਸਚੇਤ ਰੂਪ ਵਿੱਚ ਬਣੀ ਰਹਿਣੀ ਚਾਹੀਦੀ ਹੈ। ਸਾਨੂੰ ਸਭਨੂੰ ਚਾਹੀਦਾ ਹੈ ਕਿ ਅਸੀਂ ਜਿੰਨੇ ਜੋਗੇ ਵੀ ਹਾਂ ਤੇ ਜਿਹੜਾ ਵੀ ਉਪਰਾਲਾ ਕਰ ਰਹੇ ਹਾਂ, ਉਸਨੂੰ ਨਾਨਕ ਦੇ ਚਰਣੀ ਅਰਪਿਤ ਕਰ ਦੇਈਏ ਤਾਂ ਕਿ ਚੰਗੇ ਕੰਮ ਦਾ ਹਾਉਮੈ ਵੀ ਸਾਡੇ ਮਨਾਂ ਵਿੱਚ ਨਾ ਆਵੇ। "ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ" ਦੇ ਵਾਕ ਨੂੰ ਹਰੇਕ ਪੰਜਾਬੀ ਆਪਣੇ ਰੋਜ਼ਾਨਾ ਜੀਵਨ ਵਿੱਚ ਧਾਰਨ ਕਰ ਲਵੇ, ਵਾਹਿਗੁਰੂ ਅੱਗੇ ਸਾਡੀ ਇਹ ਹੀ ਅਰਦਾਸ ਹੈ।
ਇਸ ਪਵਿੱਤਰ ਕਾਰਜ ਵਿੱਚ ਸਮੇਂ-ਸਮੇਂ ਦੇਸ ਭਰ ਤੋਂ ਅਨੇਕਾਂ ਵਿਦਵਾਨ ਆਪਣੇ-ਆਪਣੇ ਹਿੱਸੇ ਦੀ ਸੇਵਾ ਨਿਭਾਉਂਦੇ ਰਹਿਣਗੇ । ਏਸੇ ਕੜੀ ਤਹਿਤ ਸ੍ਰੀ ਸੁਰੇਸ਼ ਦੇਸਾਈ ਮਾਰਚ 2010 ਵਿੱਚ ਪੰਜਾਬ ਦੇ ਕਿਸਾਨਾਂ ਨਾਲ ਆਪਣੇ ਖੇਤੀ ਵਿਗਿਆਨ ਨੂੰ ਸਾਂਝਾ ਕਰਨ ਹਿੱਤ ਪੰਜਾਬ ਆਏ। ਉਹਨਾਂ ਮੁਤਾਬਿਕ, "ਮੈਂ ਏਥੇ ਕਿਸੇ ਨੂੰ ਕੁੱਝ ਸਿਖਾਉਣ ਜਾਂ ਕਿਸੇ ਦਾ ਗੁਰੂ ਬਣਨ ਦੀ ਮਨਸਾ ਲੈ ਕੇ ਨਹੀਂ ਸਗੋਂ ਤੁਹਾਡੇ ਤੋਂ ਕੁੱਝ ਸਿੱਖਣ ਅਤੇ ਤੁਹਾਡੇ ਨਾਲ ਖੇਤੀ ਸਬੰਧੀ ਆਪਣੇ ਤਜਰਬੇ ਸਾਂਝੇ ਕਰਨ ਆਇਆ ਹਾਂ।" ਸਾਦਗੀ ਤੇ ਵਿਨਮਰਤਾ ਭਰਪੂਰ ਸਖਸ਼ੀਅਤ ਦੇ ਮਾਲਿਕ ਸ੍ਰੀ ਦੇਸਾਈ ਜਦੋਂ ਇਹ ਕਹਿੰਦੇ ਹਨ ਤਾਂ ਗੱਲ ਮਨ ਨੂੰ ਛੂਹ ਜਾਂਦੀ ਹੈ। ਖੇਤੀ ਵਿਰਾਸਤ ਮਿਸ਼ਨ ਦੁਆਰਾ ਪ੍ਰਕਾਸ਼ਿਤ ਹਥਲੀ ਕਿਤਾਬ ਸਰਬਤ ਦੇ ਭਲੇ ਨੂੰ ਪ੍ਰਣਾਈ ਸੋਚ ਦੇ ਕਾਫਿਲੇ ਨੂੰ ਹੋਰ ਵਡੇਰਿਆਂ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਇਸ ਆਸ ਨਾਲ ਕਿ "ਕੁਦਰਤੀ ਖੇਤੀ ਇਕ ਸਫਲ ਵਿਗਿਆਨ" ਪਾਠਕਾਂ ਦੀ ਕਸੌਟੀ 'ਤੇ ਖ਼ਰੀ ਉੱਤਰੇਗ। ਤੁਹਾਡੀ ਸੇਵਾ ਵਿੱਚ ਅਰਪਣ ਹੈ।
ਕੁਦਰਤ ਦੀ ਸੇਵਾ ਨੂੰ ਸਮਰਪਿਤ
ਆਪ ਸਭ ਦਾ ਆਪਣਾ
ਉਮੇਂਦਰ ਦੱਤ
98726-82161