ਖੇਤੀ ਵਿੱਚ ਰੁੱਖਾਂ ਦੀ ਭੂਮਿਕਾ ਅਤੇ ਲੋੜ : ਖੇਤੀ ਵਿੱਚ ਰੁੱਖਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ। ਰੁੱਖਾਂ ਦੇ ਮਾਧਿਅਮ ਨਾਲ ਧਰਤੀ ਵਿੱਚ ਬਹੁਤ ਡੂੰਘਾਈ ਤੋਂ ਅਨੇਕਾਂ ਪ੍ਰਕਾਰ ਦੇ ਵੱਡੇ-ਛੋਟੇ ਸੂਖਕ ਪੰਜਕ ਤੱਤ ਫਸਲਾਂ ਨੂੰ ਉਪਲਭਧ ਹੁੰਦੇ ਹਨ। ਏਨਾ ਹੀ ਨਹੀਂ ਰੁੱਖਾਂ ਦੇ ਪੱਤੇ ਹਵਾ ਅਤੇ ਪਾਣੀ ਦੀ ਮਦਦ ਨਾਲ ਪੂਰੇ ਖੇਤ ਵਿੱਚ ਫੈਲ ਕੇ ਜ਼ਮੀਨ ਨੂੰ ਅਤਿਅੰਤ ਉਪਯੋਗੀ ਪਰੰਤੂ ਕੁਦਰਤੀ ਖਾਦ ਦੇ ਰੂਪ ਵਿੱਚ ਉਪਲਭਧ ਹੁੰਦੇ ਰਹਿੰਦੇ ਹਨ। ਏਥੇ ਹੀ ਬਸ ਨਹੀਂ ਸਗੋਂ ਰੁੱਖ ਇੱਕ ਤਰ੍ਹਾਂ ਨਾਲ ਬੀਟ ਕੰਟਰੋਲ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਰੁੱਖਾਂ ਉੱਪਰ ਅਨੇਕਾਂ ਹੀ ਪ੍ਰਕਾਰ ਦੇ ਸੈਂਕੜੇ ਪੰਛੀ ਨਿਵਾਸ ਕਰਦੇ ਹਨ ਤੇ ਬਹੁਗਿਣਤੀ ਪੰਛੀ ਮਾਸਾਹਾਰੀ ਹੁੰਦੇ ਹਨ। ਜਿਹਨਾਂ ਦਾ ਮੁੱਖ ਭੋਜਨ ਹੁੰਦੀਆ ਹਨ ਸੁੰਡੀਆ ਅਤੇ ਫਸਲਾਂ 'ਤੇ ਪਾਏ ਜਾਣ ਵਾਲੇ ਅਨੇਕਾਂ ਪ੍ਰਕਾਰ ਦੇ ਕੀਟ ਪਤੰਗੇ। ਜਿਆਦਾਤਰ ਪੰਛੀ ਹਰੇਕ 5 ਮਿਨਟ ਵਿੱਚ 4 ਸੁੰਡੀਆਂ ਖਾ ਜਾਂਦੇ ਹਨ ਅਤੇ ਚੌਥੀ ਸੁੰਡੀ ਖਾਣ ਉਪਰੰਤ ਤੁਰੰਤ ਵਿੱਠ ਕਰ ਦਿੰਦੇ ਹਨ। ਇਸ ਤਰ੍ਹਾਂ ਪੰਛੀ ਜਿੱਥੇ ਕੀਟ ਕੰਟਰੋਲ ਕਰਦੇ ਹਨ ਓਥੇ ਹੀ ਵਿੱਠਾਂ ਦੇ ਰੂਪ ਵਿੱਚ ਜ਼ਮੀਨ ਨੂੰ ਖਾਦ ਵੀ ਉਪਲਭਧ ਕਰਵਾਉਂਦੇ ਹਨ। ਹੁਣ ਤੁਸੀਂ ਆਪ ਹੀ ਸੋਚੋ ਕਿ ਰੁੱਖ ਖੇਤੀ ਲਈ ਕਿੰਨੇ ਵਾਇਦੇਮੰਦ ਹਨ। ਪਰੰਤੂ ਅਸੀਂ ਖੇਤੀ ਵਿਗਿਆਨੀਆਂ ਦੇ ਇਹ ਕਹਿਣ 'ਤੇ ਖੇਤਾਂ ਵਿੱਚੋਂ ਰੁੱਖ ਵੱਢ ਸੁੱਟੇ ਕਿ ਰੁੱਖਾਂ ਦੀ ਛਾਂ ਹੇਠ ਫਸਲ ਮਾੜੀ ਰਹਿ ਜਾਂਦੀ ਹੈ। ਕਿਸਾਨ ਵੀਰ ਖੇਤੀ ਵਿਗਿਆਨੀਆਂ ਨੇ ਸਾਨੂੰ ਹਨੇਰੇ 'ਚ ਰੱਖਿਆ, ਉਹਨਾਂ ਨੇ ਸਾਨੂੰ ਨਾਲ ਹੀ ਇਹ ਦੱਸਣਾ ਜ਼ਰੂਰੀ ਨਹੀਂ ਸਮਝਿਆ ਕਿ ਰੁੱਖਾਂ ਦੀ ਛਾਂ ਤੋਂ ਬਾਹਰ ਜਿੱਥੋਂ ਤੱਕ ਰੁੱਖਾਂ ਦੇ ਪੱਤੇ ਖੇਤ ਵਿੱਚ ਡਿਗਦੇ ਹਨ ਓਥੇ ਫਸਲ ਦਾ ਝਾੜ ਏਨਾਂ ਵਧ ਜਾਂਦਾ ਹੈ ਕਿ ਰੁੱਖਾਂ ਦੀ ਛਾਂ ਥੱਲੇ ਦੀ ਫਸਲ ਦੇ ਘਟ ਬਾਡ ਦੀ ਪੂਰਤੀ ਆਸਾਨੀ ਨਾਲ ਹੋ ਜਾਂਦੀ ਹੈ । ਪਰ ਉਹਨਾਂ ਦਾ ਮਕਸਦ ਤਾਂ ਖੇਤਾਂ ਵਿੱਚ ਮਸ਼ੀਨਾ ਦੀ ਘੁਸਪੈਠ ਲਈ ਰਾਹ ਪੱਧਰਾ ਕਰਨਾ ਸੀ । ਇਸ ਲਈ ਉਹਨਾਂ ਨੇ ਉਹ ਹੀ ਕੀਤਾ ਜਿਹੜਾ ਕਿ ਕੰਪਨੀਆਂ ਚੰਹੁੰਦੀਆਂ ਸਨ। ਕਿਉਂ ਕੀਤਾ ? ਇਸ ਗੱਲ 'ਤੇ ਤੁਸੀਂ ਆਪੇ ਵਿਚਾਰ ਕਰ ਲੈਣਾ।
ਸਿਹਤਮੰਦ ਅਤੇ ਉਪਜਾਊ ਭੂਮੀ ਬਣਤਰ: ਦੀ ਸਮਝ ਭੂਮੀ ਦੀ ਬਣਤਰ ਅਤੇ ਇਸ ਵਿਚਲੀ ਜੈਵ ਸੰਪੱਤੀ ਅਤੇ ਉਸਦੇ ਮਹੱਤਵ ਤੋਂ ਜਾਣੂ ਨਾ ਹੋਣਾ ਸਾਡੀ ਇੱਕ ਹੋਰ ਵੱਡੀ ਕਮਜ਼ੋਰੀ ਹੈ। ਇਹ ਪ੍ਰਮਾਣਤ ਤੱਥ ਹੈ ਕਿ ਧਰਤੀ ਸਿਰਫ ਮਿੱਟੀ ਨਹੀਂ ਸਗੋਂ ਸਾਡੇ-ਤੁਹਾਡੇ ਵਾਂਗੂ ਇੱਕ ਸਜੀਵ ਭਾਵ ਕਿ ਜਿਉਂਦੀ- ਜਾਗਦੀ ਸ਼ੈਅ ਹੈ ਅਤੇ ਇਸ ਵਿਚ ਪਾਏ ਜਾਣ ਵਾਲੀ ਜੈਵ ਸੰਪੱਤੀ ਭਾਵ ਕਿ ਕਾਰਬਨਿਕ ਮੈਟਰ ਅਤੇ ਅਨੰਤ ਕੋਟੀ ਪ੍ਰਕਾਰ ਦੇ ਸੂਖਮ ਜੀਵਾਣੂ ਇਸਦੀ ਜਿੰਦਗੀ ਦਾ ਆਧਾਰ ਹਨ।
ਜਿਵੇਂ-ਜਿਵੇਂ ਭੂਮੀ ਵਿਚਲਾ ਜੈਵਿਕ ਮਾਦਾ ਅਤੇ ਸੂਖਮ ਜੀਵਾਂ ਦੀ ਗਿਣਤੀ ਘਟਦੀ ਹੈ ਉਵੇਂ-ਉਵੇਂ ਭੂਮੀ ਕਮਜ਼ੋਰ ਪੈਂਦੀ ਜਾਂਦੀ ਹੈ। ਸਿੱਟੇ ਵਜੋਂ ਧਰਤੀ ਦੀ ਉਪਜਾਊ ਸ਼ਕਤੀ ਉੱਤੇ ਨਕਾਰਾਤਮਕ ਪ੍ਰਭਾਵ ਪੈਂਦੇ ਹਨ ਅਤੇ ਇਹ ਘਟਣੀ ਸ਼ੁਰੂ ਹੋ ਜਾਂਦੀ ਹੈ। ਏਥੇ ਇਹ ਜ਼ਿਕਰਯੋਗ ਹੈ ਕਿ ਭੂਮੀ ਦੀ ਉੱਪਰਲੀ ਇੱਕ ਇੰਚ ਉਪਜਾਊ ਪਰਤ ਬਣਾਉਣ ਲਈ ਕੁਦਰਤ ਨੂੰ ਕਰੀਬ-ਕਰੀਬ 250 ਸਾਲਾਂ ਦਾ ਸਮਾਂ ਲੱਗ ਜਾਂਦਾ ਹੈ। 250 ਸਾਲਾਂ ਦੇ ਲੰਮੇ ਅਰਸੇ ਮਗਰੋਂ ਤਿਆਰ ਹੋਈ ਉਪਜਾਉ ਭੂਮੀ ਨੂੰ ਹਮੇਸ਼ਾ ਲਈ ਉਪਜਾਊ ਬਣਾਏ ਰੱਖਣ ਲਈ ਕਿਸਾਨ ਵੀਰਾਂ ਨੂੰ ਆਪਣੀ ਜਿੰਮਵਾਰੀ ਸਮਝਣ ਅਤੇ ਸਬੰਧਤ ਲਾਹੇਵੰਦ ਕੁਦਰਤੀ ਉਪਰਾਲੇ ਕਰਨ ਦੀ ਲੋੜ ਹੈ। ਜਿਹਨਾਂ ਵਿੱਚ ਇੱਕ ਹੈ, ਭੂਮੀ ਵਿੱਚ ਜੈਵਿਕ ਮਾਦੇ ਦਾ ਨਿਰੰਤਰ ਨਿਰਮਾਣ ਕਰਨਾ ਜਾਂ ਇਸ ਕਿਰਿਆ ਦੇ ਵਾਪਰਨ ਲਈ ਅਨੁਕੂਲ ਹਾਲਤਾਂ ਮੁਹਈਆ ਕਰਵਾਉਣਾ। ਇਸ ਮੰਤਵ ਲਈ ਸਭ ਤੋਂ ਪਹਿਲਾਂ ਫਸਲਾਂ ਦਾ ਨਾੜ ਸਾੜਨਾ ਬੰਦ ਕਰਨਾ ਲਾਜ਼ਮੀ ਹੈ ਫਸਲ ਲੈਣ ਉਪਰੰਤ ਬੂਟਿਆਂ ਦੇ ਬਚਦੇ ਭਾਗ ਨੂੰ ਵਾਪਸ ਭੂਮੀ ਵਿੱਚ ਮਿਲਾ ਕੇ ਅਤੇ ਸਮੇਂ-ਸਮੇਂ ਖੇਤ ਵਿੱਚ ਹਰੀ ਖਾਦ ਵਾਹ ਕੇ ਧਰਤੀ ਵਿੱਚ ਜੈਵਿਕ ਮਾਦੇ ਦਾ ਲਗਾਤਾਰ ਨਿਰਮਾਣ ਸੰਭਵ ਹੈ।