Back ArrowLogo
Info
Profile

ਗੀਤ ਕੁਦਰਤ ਦੇ

ਪੰਜ ਨਦੀਆਂ ਦੀ ਧਰਤੀ ਇਕ ਦਿਨ ਤਰਸੂ ਪਾਣੀ ਨੂੰ,

ਪੀ ਬਿਸਲੇਰੀ ਪਾਣੀ ਨਾ ਹਾਕਾਂ ਮਾਰ ਗੁਲਾਮੀ ਨੂੰ ।

ਨਦੀਆਂ ਨਾਲੇ ਦੇਸ਼ ਮੇਰੇ ਦੇ ਸੁਕਦੇ ਜਾਂਦੇ ਨੇ,

ਅੱਖੀਆਂ ਖੋਲ੍ਹ ਕੇ ਦੇਖ ਤੂੰ ਪਾਣੀ ਮੁਕਦੇ ਜਾਂਦੇ ਨੇ,

ਜ਼ਹਿਰ ਦੋਸਤੋ ਪੀਂਦੇ ਪਾਣੀ ਦੀ ਜ਼ਿੰਦਗਾਨੀ ਨੂੰ,

ਪੀ ਬਿਸਲੇਰੀ ਪਾਣੀ.........

ਦੇਸ਼ ਮੇਰੇ ਦੇ ਲੋਕ ਪੈਪਸੀ ਪੀਣੀ ਛੱਡ ਦੇਵੋ,

ਕੋਕਾ ਕੋਲਾ, ਐਕਿਉਫਿਨਾਂ ਨੂੰ ਘਰ 'ਚੋਂ ਕੱਢ ਦੇਵੋ,

ਦੁਨੀਆਂ ਕਰੁ ਸਲਾਮ ਸਾਡੇ ਇਸ ਕੰਮ ਲਾਸਾਨੀ ਨੂੰ,

ਪੀ ਬਿਸਲੇਰੀ ਪਾਣੀ.........

 

ਵਰਲਡ ਬੈਂਕ ਤੇ ਅਮਰੀਕਾ ਨੇ ਸਾਜਿਸ਼ ਕੀਤੀ ਏ,

ਖੋਹ ਲਉ ਹਿੰਦ ਦੇ ਪਾਣੀ ਉਹਨਾਂ ਦੀ ਰਣਨੀਤੀ ਏ,

ਦੇਖਿਉ ਫ਼ਲ ਨਾ ਪੈਜੇ ਉਹਨਾਂ ਦੀ ਨੀਤ ਹਰਾਮੀ ਨੂੰ

ਪੀ ਬਿਸਲੇਰੀ ਪਾਣੀ.........

 

ਬੁੱਢਾ ਦਰਿਆ ਬੁੱਢੇ ਨਾਲੇ ਦੇ ਵਿੱਚ ਬਦਲ ਗਿਆ,

ਨਾਨਕ ਦੀ ਬੇਈ ਨੂੰ ਗੰਦਾ ਪਾਣੀ ਨਿਗਲ ਗਿਆ,

ਕਾਹਤੋਂ ਭੁੱਲ ਗਏ ਪਾਣੀ ਪਿਤਾ ਦੇ ਵਾਕ ਰੂਹਾਨੀ ਨੂੰ,

 ਪੀ ਬਿਸਲੇਰੀ ਪਾਣੀ.........

 

ਪਾਣੀ ਬਿਨਾਂ ਪੰਜਾਬੀ ਦੀ ਕੋਈ ਹਸਤੀ ਨਹੀਂ ਰਹਿਣੀ,

ਉਜੜ ਜਾਏਂਗਾ ਭਲਿਆ ਲੋਕਾ ਮਸਤੀ ਨਹੀਂ ਰਹਿਣੀ,

ਹੁਣੇ ਤੋਂ ਠੱਲਣਾ ਪਊਗਾ ਰੱਤੂਆ ਸਮੇਂ ਤੁਫ਼ਾਨੀ ਨੂੰ,

ਪੀ ਬਿਸਲੇਰੀ ਪਾਣੀ.........

 

ਗੁਰਪ੍ਰੀਤ ਸਿੰਘ ਰੱਤੂ

127 / 134
Previous
Next