

ਹਰੀ-ਕ੍ਰਾਂਤੀ ਲੈ ਕੇ ਆਈ
ਧਰਤੀ ਮਾਤਾ ਤੇ ਜਲਵਾਯੂ ਤਾਈਂ ਪੈਂਦੀਆਂ ਗ਼ਸ਼ੀਆਂ।
ਹਰੀ-ਕ੍ਰਾਂਤੀ ਲੈ ਕੇ ਆਈ ਕੈਂਸਰ ਤੇ ਖੁਦਕੁਸ਼ੀਆਂ।
ਸਰਮਾਏ ਦੀ ਅੰਨ੍ਹੀ ਹਵਸ ਨੇ ਕੀ ਭਾਣਾ ਵਰਤਾਇਆ।
ਹੱਸਦਾ ਵਸਦਾ ਰੰਗਲਾ ਸੂਬਾ ਕੰਗਲਾਂ ਜਮਾਂ ਬਣਾਇਆ।
ਭੁੱਖਮਰੀ ਨਾਲ ਅੰਨਦਾਤੇ ਦੀਆਂ ਗੱਲ੍ਹਾਂ ਅੰਦਰ ਧੱਸੀਆਂ।
ਹਰੀ-ਕ੍ਰਾਂਤੀ ਲੈ ਕੇ ਆਈ...
ਰੇਹਾਂ ਤੇ ਸਪਰੇਹਆਂ ਸਾਡਾ ਲਹੂ ਇਸ ਤਰ੍ਹਾਂ ਪੀਤਾ।
ਧਰਤੀ ਮਾਤਾ ਦੇ ਰੋਮਾਂ ਨੂੰ ਸਾਹ ਆਉਣਾ ਬੰਦ ਕੀਤਾ।
ਮਾਂ ਦੇ ਦੁੱਧ ਵਿੱਚ ਜ਼ਹਿਰ ਆ ਗਿਆ ਕੌੜੀਆਂ ਹੋਈਆਂ ਲੱਸੀਆਂ।
ਹਰੀ-ਕ੍ਰਾਂਤੀ ਲੈ ਕੇ ਆਈ...
ਨਾ ਕੋਈ ਮੋਰ ਪਪੀਹਾ ਬੋਲੇ, ਨਾ ਕੋਈ ਕੋਇਲ ਗਾਵੇ।
ਪੰਜ ਦਰਿਆਵਾਂ ਦੀ ਧਰਤੀ ਅੱਜ ਬੰਜਰ ਹੁੰਦੀ ਜਾਵੇ।
ਅੰਤਾਂ ਦੇ ਕਰਜ਼ਿਆਂ ਜੱਟਾਂ ਦੀਆਂ ਲਗਾਮਾਂ ਕੱਸੀਆਂ।
ਚਾਰ ਚੁਫੇਰੇ ਅੱਗਾਂ ਧੂੰਆਂ ਝੁਲਸੇ ਰੁੱਖ ਹਰਿਆਲੇ
ਗੈਸ ਚੈਂਬਰ ਪੰਜਾਬ ਹੈ ਬਣਿਆ ਨੀਲੇ ਅੰਬਰ ਕਾਲੇ।
ਹਰੀ-ਕ੍ਰਾਂਤੀ ਲੈ ਕੇ ਆਈ...
ਧਰਤੀ ਵਿੱਚ ਗੰਡੋਏ ਸਹਿਕਣ, ਸੁੱਕੇ ਸੂਏ ਕੱਸੀਆਂ।
ਡੁੱਲ੍ਹੇ ਬੇਰ ਅਜੇ ਵੀ ਚੁੱਕ ਕੇ ਝੋਲੀ ਦੇ ਵਿੱਚ ਪਾਈਏ।
ਛੱਡ ਜ਼ਹਿਰਾਂ ਦਾ ਖਹਿੜਾ ਕੁਦਰਤੀ ਖੇਤੀ ਹੀ ਅਪਣਾਈਏ।
ਲੁੱਟੇ ਜਾਣ ਸ਼ਹਿਰ ਜੇ ਸੁੱਤੀਆਂ ਰਹੀਆਂ ਸੱਸੀਆਂ।
ਕੁਝ ਵੀ ਪਾਉਣ ਦੀ ਲੋੜ ਨਾ ਇਸ ਵਿੱਚ ਧਰਤੀ ਪਾਲਣਹਾਰੀ,
ਗਊ ਗੋਬਰ ਦਾ ਜੀਵਨ ਅੰਮ੍ਰਿਤ ਲੋੜ ਪੂਰਦਾ ਸਾਰੀ।
ਢਿੱਲੋਂ ਜ਼ੀਰੋ ਬੱਜਟ ਖੇਤੀ ਨੇ ਇਹ ਗੱਲਾਂ ਦੱਸੀਆਂ।
ਹਰੀ-ਕ੍ਰਾਂਤੀ ਲੈ ਕੇ ਆਈ ਕੈਂਸਰ ਤੇ ਖੁਦਕੁਸ਼ੀਆਂ।
ਅਮਰਜੀਤ ਸਿੰਘ ਢਿੱਲੋਂ