Back ArrowLogo
Info
Profile

ਕੁਦਰਤ ਦੀ ਸੇਵਾ ਦਾ ਸੰਕਲਪ ਵਾਤਾਵਰਣ ਪੰਚਾਇਤ ਖੇਤੀ ਵਿਰਾਸਤ ਮਿਸ਼ਨ

ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਵਿੱਚ ਅਖੌਤੀ ਆਧੁਨਿਕ ਤੇ ਅਗਾਂਹਵਧੂ ਖੇਤੀ ਦੇ ਨਾਂ 'ਤੇ ਰਸਾਇਣਾਂ 'ਤੇ ਅਧਾਰਿਤ ਮਸ਼ੀਨੀ ਅਤੇ ਸੋਮਿਆਂ ਦੀ ਭੁੱਖੜ ਖੇਤੀ ਕੀਤੀ ਜਾ ਰਹੀ ਹੈ। ਇਸ ਖੇਤੀ ਦੇ ਮਾੜੇ ਨਤੀਜੇ ਅੱਜ ਦੀਵਾਰ 'ਤੇ ਲਿਖੀ ਇਬਾਰਤ ਵਾਂਗ ਸਾਫ ਹਨ ਕਿ ਪੰਜਾਬ ਦੇ ਵਿਕਾਸ ਤੇ ਖੇਤੀ ਦਾ ਰਸਤਾ ਉਸ ਨੂੰ ਖ਼ੁਸ਼ਹਾਲੀ ਅਤੇ ਸਮਰਿਧੀ ਦੀ ਥਾਂ 'ਤੇ ਉਜਾੜੇ ਅਤੇ ਬੀਆਬਾਨ ਵੱਲ ਲਿਜਾ ਰਿਹਾ ਹੈ। ਅਸੀਂ ਵੇਖਦੇ ਹਾਂ ਕਿ ਅੱਜ ਪੰਜਾਬ ਦੀ ਕਿਸਾਨੀ ਕਰਜ਼ੇ ਹੇਠ ਦੱਬੀ ਹੋਈ ਅਤੇ ਨਿਰਾਸ਼ਾਜਨਕ ਦ੍ਰਿਸ਼ ਪ੍ਰਸਤੁਤ ਕਰਦੀ ਹੈ। ਕੁਦਰਤੀ ਸੋਮਿਆਂ ਦਾ ਉਜਾੜਾ, ਸਿਹਤਾਂ ਦਾ ਵਿਨਾਸ਼, ਵਾਤਾਵਰਣ ਤੇ ਚੌਗਿਰਦੇ ਵਿਚ ਘੁੱਲਦੇ ਜਾ ਰਹੇ ਖ਼ਤਰਨਾਕ ਜ਼ਹਿਰ ਤੇ ਖੇਤੀ ਰਸਾਇਣ, ਕੁਦਰਤੀ ਜੀਵ-ਜੰਤੂਆਂ ਦਾ ਗਾਇਬ ਹੋਣਾ ਅਤੇ ਭੋਜਨ ਤੇ ਪਾਣੀ ਦੇ ਸਾਰੇ ਚੱਕਰ ਵਿਚ ਜ਼ਹਿਰਾਂ ਦਾ ਆਉਣਾ ਪੰਜਾਬ ਦੇ ਖ਼ਤਰਨਾਕ ਭਵਿੱਖ ਵੱਲ ਇਸ਼ਾਰਾ ਕਰ ਰਹੇ ਹਨ।

ਪੰਜਾਬ ਦੀ ਖੇਤੀ ਕਰਜ਼ੇ 'ਤੇ ਟਿਕੀ ਹੋਈ ਖੇਤੀ ਹੈ। ਕਿਸਾਨਾਂ ਸਿਰ ਦਿਨੋ-ਦਿਨ ਚੜ੍ਹਦਾ ਜਾ ਰਿਹਾ ਕਰਜ਼ਾ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। ਕਿਸਾਨਾਂ ਦੀਆਂ ਖੁਦਕੁਸ਼ੀਆਂ, ਉਹਨਾਂ ਦਾ ਬੇ-ਜ਼ਮੀਨੇ ਹੋਣਾ, ਕਰਜ਼ਾ ਉਤਾਰਨ ਲਈ ਜ਼ਮੀਨ ਵੇਚਣ ਲਈ ਮਜ਼ਬੂਰ ਹੋਣਾ ਅਤੇ ਖੁਦਮੁਖਤਾਰ ਕਿਸਾਨ ਦਾ ਬੇਜ਼ਮੀਨਾਂ ਮਜ਼ਦੂਰ ਬਣ ਜਾਣਾ ਹਰੀ-ਕ੍ਰਾਂਤੀ ਵੱਲੋਂ ਲਿਆਂਦੀ ਗਈ ਖ਼ੁਸ਼ਹਾਲੀ ਦੇ ਖੋਖਲੇਪਨ ਨੂੰ ਦਰਸਾਉਂਦਾ ਹੈ। ਪੰਜਾਬ ਦੀ ਕਿਸਾਨੀ ਤੇ ਉਸਦੀਆਂ ਆਉਣ ਵਾਲੀਆਂ ਨਸਲਾਂ ਨੂੰ ਉਜਾੜੇ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਖੇਤੀ ਅਤੇ ਵਿਕਾਸ ਦਾ ਸਮਕਾਲੀ ਢਾਂਚਾ ਤੇ ਰਸਤਾ ਬਦਲਿਆ ਜਾਵੇ।

133 / 134
Previous
Next