ਪੱਤੇ ਖਾਣ ਵਾਲੇ ਕੀੜਿਆਂ ਦੀ ਰੋਕਥਾਮ
ਗੁਜਰਾਤ ਦੇ ਅਮਰੇਲੀ ਦੇ ਕਿਸਾਨ ਕਪਾਹ ਦੀ ਫਸਲ ਦੇ ਪੱਤੇ ਖਾਣ ਵਾਲੇ ਕੀਟਾਂ ਦੀ ਰੋਕਥਾਮ ਲਈ ਇਹ ਤਰੀਕਾ ਅਪਣਾਉਂਦੇ ਹਨ। ਧਤੂਰੇ ਦੇ ਟਹਿਣੀਆਂ ਸਮੇਤ 2 ਕਿੱਲੋ ਪੱਤਿਆਂ ਅਤੇ ਫਲਾਂ ਨੂੰ ਬਰੀਕ ਕੱਟ ਕੇ 6 ਲਿਟਰ ਗਰਮ ਪਾਣੀ ਵਿਚ ਪਾ ਦਿਉ। ਠੰਡਾ ਹੋਣ ਉਪਰੰਤ ਮਿਸ਼ਰਣ ਨੂੰ 100 ਲਿਟਰ ਪਾਣੀ ਮਿਲਾ ਕੇ ਇੱਕ ਏਕੜ ਫਸਲ 'ਤੇ ਛਿੜਕ ਦਿਉ। 6-7 ਘੰਟਿਆਂ ਵਿਚ ਪੱਤੇ ਖਾਣ ਵਾਲੇ ਕੀਟਾਂ ਦਾ ਸਫਾਇਆ ਹੋ ਜਾਵੇਗਾ।
ਪੱਤਿਆਂ ਉੱਤੇ ਧੱਬਿਆਂ ਦੀ ਰੋਕਥਾਮ
ਨਰਮੇ ਦੀ ਫਸਲ ਵਿੱਚ ਪੱਤਿਆਂ 'ਤੇ ਪੈਣ ਵਾਲੇ ਧੱਬਿਆਂ ਦੀ ਬਿਮਾਰੀ ਦੀ ਰੋਕਥਾਮ ਲਈ ਫਸਲ ਉੱਤੇ ਪ੍ਰਤੀ ਪੰਪ 15 ਦਿਨ ਪੁਰਾਣੀ ਡੇਢ ਲਿਟਰ ਖੱਟੀ ਲੱਸੀ ਦਾ ਛਿੜਕਾਅ ਕਰੋ। ਰੋਗ ਦੇ ਆਰੰਭ ਵਿੱਚ ਹੀ ਛਿੜਕਾਅ ਕਰਨ ਨਾਲ ਵਧੀਆ ਨਤੀਜੇ ਮਿਲਦੇ ਹਨ।
ਰਸ ਚੂਸਕ ਕੀੜਿਆਂ ਦੀ ਰੋਕਥਾਮ ਲਈ ਖੱਟੀ ਲੱਸੀ ਦਾ ਘੋਲ
10 ਲਿਟਰ ਲੱਸੀ ਨੂੰ ਇੱਕ ਬਰਤਨ ਵਿੱਚ ਚੰਗੀ ਤਰ੍ਹਾਂ ਬੰਦ ਕਰਕੇ 15 ਦਿਨਾਂ ਲਈ ਜ਼ਮੀਨ ਵਿੱਚ ਦੱਬ ਦਿਉ। ਉਪਰੰਤ ਇਸ ਘੋਲ ਨੂੰ 100 ਲਿਟਰ ਪਾਣੀ 'ਚ ਮਿਲਾ ਕੇ ਫਸਲ 'ਤੇ ਛਿੜਕਣ ਨਾਲ ਰਸ ਚੂਸਕ ਕੀਟਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਘੋਲ ਦੀ ਵਰਤੋਂ ਸਬਜ਼ੀਆਂ ਸਮੇਤ ਹਰੇਕ ਫਸਲ 'ਤੇ ਕੀਤੀ ਜਾ ਸਕਦੀ ਹੈ।
ਫ਼ਲਦਾਰ ਰੁੱਖਾਂ ਦੇ ਤਣਾਂ ਛੇਦਕ ਕੀਟਾਂ ਦੀ ਰੋਕਥਾਮ
ਤਣਾ ਛੇਦਕ ਕੀਟ ਫਲਦਾਰ ਰੁੱਖਾਂ ਦੇ ਤਣਿਆਂ ਵਿੱਚ ਖੁੱਡਾਂ ਕਰ ਦਿੰਦੇ ਹਨ। ਸਿੱਟੇ ਵਜੋਂ ਰੁੱਖ ਸੁੱਕਣਾ ਸ਼ੁਰੂ ਹੋ ਜਾਂਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਖੁੱਡਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਉਹਨਾਂ ਵਿੱਚ ਨਿੰਮ ਦੇ ਤੇਲ ਵਿੱਚ ਭਿਉਂਤਾ ਹੋਇਆ ਕੱਪੜਾ ਜਾਂ ਰੂੰ ਭਰ ਕੇ ਉੱਪਰ ਗੋਬਰ ਜਾਂ ਮਿੱਟੀ ਦਾ ਲੇਪ ਕਰ ਦਿਉ।
ਫਲਦਾਰ ਰੁੱਖਾਂ ਨੂੰ ਉੱਲੀ ਰੋਗ ਤੋਂ ਬਚਾਉਣਾ
ਫਲਦਾਰ ਰੁੱਖਾਂ 'ਤੇ ਉੱਲੀ ਰੋਗ ਦੇ ਹਮਲੇ ਕਾਰਨ ਉਹਨਾਂ ਵਿੱਚੋਂ ਚਿਪਚਿਪਾ ਪਦਾਰਥ ਰਿਸਣ ਲੱਗਦਾ ਹੈ। ਸਿੱਟੇ ਵਜੋਂ ਕੁਝ ਸਮੇਂ ਬਾਅਦ ਰੁੱਖ ਸੁੱਕ ਜਾਂਦਾ ਹੈ। ਰੁੱਖ ਨੂੰ ਬਚਾਉਣ ਲਈ ਚਿਪਚਿਪੇ ਪਦਾਰਥ ਨੂੰ ਉਤਾਰ ਕੇ ਉਸ ਥਾਂ 'ਤੇ ਬੁਰਸ਼ ਨਾਲ ਨਿੰਮ ਦਾ ਤੇਲ ਮਲ ਦਿਉ। ਬੂਟੇ ਦੀ ਜੜ੍ਹ ਦੇ ਕੋਲ ਤੰਬਾਕੂ ਦਾ ਪਾਊਡਰ ਰੱਖ ਦਿਉ। ਇਹ ਪਾਊਡਰ ਪੌਦਿਆਂ ਦੀਆਂ ਜੜ੍ਹਾਂ 'ਚ ਪਹੁੰਚ ਕੇ ਪੌਦਿਆਂ ਚੋਂ ਰਿਸਣ ਵਾਲੇ ਚਿਪਚਿਪੇ ਪਦਾਰਥ ਨੂੰ ਰੋਕ ਦਿੰਦਾ ਹੈ।