ਝੋਨੇ ਵਿੱਚ ਤਣਾ ਛੇਦਕ ਦੀ ਰੋਕਥਾਮ
ਝੋਨੇ ਦੀ ਫਸਲ ਵਿੱਚ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ 10 ਲਿਟਰ ਪਾਣੀ ਵਿੱਚ ਹਰੀ ਮਿਰਚ, ਤੰਬਾਕੂ, ਪਿਆਜ ਅਤੇ ਹਿੰਗ ਦਾ ਮਿਸ਼ਰਣ ਤਿਆਰ ਕਰੋ। ਇਸ ਵਿੱਚ 50 ਮਿਲੀਲਿਟਰ ਖੱਟੀ ਲੱਸੀ ਮਿਲਾ ਕੇ ਪ੍ਰਤੀ ਪੰਪ ਡੇਢ ਲਿਟਰ ਇਸ ਘੋਲ ਦਾ ਛਿੜਕਾਅ ਕਰੋ। ਲਾਭ ਹੋਵੇਗਾ। ਖੇਤ ਵਿੱਚ ਦੇਸੀ ਅੱਕ ਦੇ ਪੱਤਿਆਂ ਦਾ ਕੁਤਰਾ ਪਾਉਣ ਨਾਲ ਵੀ ਤਣਾਛੇਦਕ ਦੀ ਰੋਕਥਾਮ ਹੁੰਦੀ ਹੈ।
ਸੀਤਾਫਲ ਦੇ ਪੱਤਿਆਂ ਦਾ ਘੋਲ
ਸੀਤਾਫਲ ਦੇ ਦੋ ਕਿੱਲੋ ਪੱਤਿਆਂ ਨੂੰ 10 ਲਿਟਰ ਪਾਣੀ ਵਿੱਚ ਅੱਧੇ ਘੰਟੇ ਤੱਕ ਉਬਾਲੋ। ਉਬਾਲਦੇ ਸਮੇਂ ਘੋਲ ਨੂੰ ਲਗਾਤਾਰ ਹਿਲਾਉਂਦੇ ਰਹੋ। ਠੰਡਾ ਹੋਣ 'ਤੇ ਘੋਲ ਨੂੰ ਕੱਪੜੇ ਨਾਲ ਪੁਣ ਕੇ ਇਸ ਵਿੱਚ 200 ਗ੍ਰਾਮ ਰੀਠਾ ਪਾਊਡਰ ਮਿਲਾ ਦਿਉ। ਹੁਣ ਇਸ ਘੋਲ ਨੂੰ 100 ਲਿਟਰ ਪਾਣੀ 'ਚ ਮਿਕਸ ਕਰਕੇ ਇੱਕ ਏਕੜ ਫਸਲ 'ਤੇ ਆਥਣ ਵੇਲੇ ਛਿੜਕ ਦਿਉ।
ਇਹ ਹਰੇਕ ਫਸਲ ਵਿੱਚ ਰਸ ਚੂਸਕ ਕੀਟਾਂ ਅਤੇ ਛੋਟੀਆਂ ਸੁੰਡੀਆਂ ਦੀ ਰੋਕਥਾਮ ਕਰਦਾ ਹੈ। ਫਸਲ 'ਤੇ ਕੀਟਾਂ ਦੇ ਹਮਲੇ ਅਨੁਸਾਰ 2-3 ਵਾਰ ਛਿੜਕਾਅ ਕਰੋ।
ਸਾਵਧਾਨੀ: ਘੋਲ ਬਣਾਉਂਦੇ ਸਮੇਂ ਮੂੰਹ 'ਤੇ ਕੱਪੜਾ ਬੰਨ੍ਹ ਲਉ ਘੋਲ ਨੂੰ ਸਟੋਰ ਨਾ ਕਰੋ ।
ਹਲਦੀ ਦਾ ਘੋਲ
ਇੱਕ ਕਿੱਲੋ ਹਲਦੀ ਨੂੰ ਪੀਹ ਕੇ ਇਸ ਨੂੰ ਚਾਰ ਲਿਟਰ ਗੋਮੂਤਰ ਵਿੱਚ ਘੋਲ ਦਿਉ। ਇਸ ਮਿਸ਼ਰਣ ਨੂੰ ਕੱਪੜੇ ਨਾਲ ਪੁਣ ਕੇ ਇਸ ਵਿੱਚ 200 ਗ੍ਰਾਮ ਰੀਠਾ ਪਾਊਡਰ ਮਿਲਾ ਕੇ 100 ਲਿਟਰ ਪਾਣੀ ਵਿੱਚ ਮਿਕਸ ਕਰਕੇ ਆਥਣ ਵੇਲੇ ਫਸਲ 'ਤੇ ਛਿੜਕ ਦਿਉ।
ਇਹ ਮਿਸ਼ਰਣ ਚੇਪੇ, ਤੰਬਾਕੂ ਦੀ ਸੁੰਡੀ, ਡਾਇਮੰਡ ਬੈਕ ਮਾਊਥ, ਝੋਨੇ ਦੇ ਤਣਾ ਛੇਦਕ ਕੀੜੇ ਸਮੇਤ ਕਈ ਪ੍ਰਕਾਰ ਦੇ ਕੀਟਾਂ ਦੀ ਰੋਕਥਾਮ ਲਈ ਪ੍ਰਭਾਵੀ ਹੈ। ਲੋੜ ਮੁਤਾਬਿਕ ਹਰੇਕ ਫਸਲ 'ਤੇ ਇਸਦੇ 2- 3 ਛਿੜਕਾਅ ਕੀਤੇ ਜਾ ਸਕਦੇ ਹਨ।