ਬਨਸਪਤੀ ਤੇਲਾਂ ਦਾ ਛਿੜਕਾਅ
ਨਿੰਮ੍ਹ ਅਤੇ ਰਤਨਜੋਤ ਦਾ ਤੇਲ ਫਸਲਾਂ ਨੂੰ ਕਈ ਪ੍ਰਕਾਰ ਦੇ ਕੀਟਾਂ ਅਤੇ ਉੱਲੀ ਰੋਗਾਂ ਤੋਂ ਬਚਾਉਂਦਾ ਹੈ। ਇਹ ਤੇਲ ਪੌਦਿਆਂ ਦੇ ਪੱਤਿਆਂ 'ਤੇ ਫੈਲ ਕੇ ਇੱਕ ਪਰਤ ਬਣਾ ਦਿੰਦਾ ਹੈ। ਸਿੱਟੇ ਵਜੋਂ ਪੱਤਿਆਂ 'ਤੇ ਪੈਦਾ ਹੋਣ ਵਾਲੀਆਂ ਉੱਲੀਆਂ ਖਾਸਕਰ ਹਾਈਪਾ ਦਾ ਖਾਤਮਾ ਹੋ ਜਾਂਦਾ ਹੈ। ਤੇਲ ਦੀ ਇਹ ਪਰਤ ਪੱਤੀਆਂ ਵਿੱਚ ਨਮੀ ਦੀ ਮਾਤਰਾ ਨੂੰ ਘੱਟ ਕਰਕੇ ਰੋਗਾਣੂਆਂ ਦੀ ਵੀ ਰੋਕਥਾਮ ਕਰਦੀ ਹੈ।
ਵਾਇਰਸ ਤੋਂ ਫੈਲਣ ਵਾਲੇ ਰੋਗਾਂ ਦੀ ਰੋਕਥਾਮ
ਫਸਲਾਂ ਨੂੰ ਵਾਇਰਸ ਤੋਂ ਕਈ ਪ੍ਰਕਾਰ ਦੇ ਰੋਗ ਲੱਗਦੇ ਹਨ। ਜਿਆਦਾਤਰ ਵਾਇਰਸ ਰਸ ਚੂਸਕ ਕੀਟਾਂ ਦੇ ਨਾਲ ਹੀ ਖੇਤ ਵਿੱਚ ਪ੍ਰਵੇਸ਼ ਕਰਕੇ ਫਸਲ ਨੂੰ ਰੋਗੀ ਬਣਾਉਂਦੇ ਹਨ। ਇਸ ਲਈ ਚੰਗਾ ਇਹੀ ਹੁੰਦਾ ਹੈ ਕਿ ਰਸ ਚੂਸਕ ਕੀਟਾਂ ਨੂੰ ਹਰ ਹੀਲੇ ਕਾਬੂ ਕੀਤਾ ਜਾਵੇ। ਫਿਰ ਵੀ ਵਾਇਰਸ ਕਾਰਨ ਹੋਣ ਵਾਲੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਹੇਠ ਲਿਖੇ ਨੁਕਤੇ ਵਰਤਣੇ ਚਾਹੀਦੇ ਹਨ:
ਨਿੰਮ੍ਹ ਦਾ ਪੰਜ ਪ੍ਰਤੀਸ਼ਤ ਘੋਲ
ਫਸਲ 'ਤੇ ਵਾਇਰਸ ਦਾ ਛੂਤ ਨਜ਼ਰ ਆਉਂਦੇ ਸਾਰ ਹੀ ਨਿੰਮ੍ਹ ਦਾ 5 ਪ੍ਰਤੀਸ਼ਤ ਘੋਲ ਫਸਲ 'ਤੇ ਛਿੜਕ ਦਿਉ। ਅਰਥਾਤ 100 ਲਿਟਰ ਪਾਣੀ ਵਿੱਚ 5 ਲਿਟਰ ਨਿੰਮ੍ਹ ਅਸਤਰ ਮਿਲਾ ਕੇ ਛਿੜਕਾਅ ਕਰੋ। ਇਸਦੇ ਨਾਲ ਹੀ ਰੋਗੀ ਪੌਦਿਆਂ ਨੂੰ ਪੁੱਟ ਕੇ ਦੱਬ ਦਿਉ।
ਗੋਮੂਤਰ ਤੇ ਹਿੰਗ ਦਾ ਘੋਲ
ਰਸ ਚੂਸਣ ਵਾਲੇ ਕੀਟਾਂ ਅਤੇ ਵਾਇਰਲ ਰੋਗਾਂ ਦੀ ਰੋਕਥਾਮ ਲਈ 4 ਲਿਟਰ ਗੋਮੂਤਰ ਵਿੱਚ 100 ਗ੍ਰਾਮ ਹਿੰਗ ਅਤੇ 100 ਗ੍ਰਾਮ ਚੂਨਾ ਮਿਲਾ ਕੇ ਰਾਤ ਭਰ ਰੱਖੋ ।ਹੁਣ ਇਸ ਘੋਲ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਫਸਲ 'ਤੇ ਛਿੜਕ ਦਿਉ। ਵਾਇਰਸ ਕਾਰਨ ਹੋਣ ਵਾਲੇ ਰੋਗ ਅਤੇ ਰਸ ਚੂਸਕ ਕੀਟਾਂ ਤੋਂ ਛੁਟਕਾਰਾ ਮਿਲ ਜਾਵੇਗਾ।
ਦੁੱਧ ਦੇ ਅਮਲ ਦਾ ਘੋਲ
ਇਸ ਘੋਲ ਵਿਚਲੇ ਸੂਖਮਜੀਵ ਵਾਇਰਲ ਅਤੇ ਉੱਲੀ ਰੋਗ ਦੋਹਾਂ ਦਾ ਖਾਤਮਾ ਕਰਦੇ ਹਨ।
ਸਮੱਗਰੀ
ਦੇਸੀ ਗਊ ਦਾ ਦੁੱਧ 01 ਲਿਟਰ
ਚੌਲਾਂ ਦਾ ਪਾਣੀ 05 ਲਿਟਰ
ਗੁੜ 01 ਕਿੱਲੋ
ਵਿਧੀ: ਚੌਲਾਂ ਦੇ ਪਾਣੀ ਨੂੰ ਇੱਕ ਬਰਤਨ ਵਿੱਚ ਪਾ ਕੇ 7 ਦਿਨਾਂ ਲਈ ਛਾਂ ਵਿੱਚ ਰੱਖ ਦਿਉ। ਹੁਣ ਇਸ ਵਿੱਚ 1 ਲਿਟਰ ਦੁੱਧ ਮਿਲਾ ਕੇ ਇਸ ਘੋਲ ਨੂੰ ਹੋਰ ਸੱਤ ਦਿਨਾਂ ਲਈ ਛਾਂ ਵਿੱਚ ਰੱਖੋ ।ਸੱਤ ਦਿਨਾਂ ਬਾਅਦ ਮਿਸ਼ਰਣ ਨੂੰ ਕੱਪੜੇ ਨਾਲ ਪੁਣ ਕੇ ਉਸ ਵਿੱਚ ਇੱਕ ਕਿੱਲੋ ਗੁੜ ਮਿਲਾ ਦਿਉ। ਹੁਣ ਇਸ ਮਿਸ਼ਰਣ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਵਾਇਰਸ ਜਾਂ ਉਲੀਰੋਗ ਨਾਲ ਪ੍ਰਭਾਵਿਤ ਫਸਲ 'ਤੇ ਛਿੜਕ ਦਿਉ। ਇੱਕ ਏਕੜ ਲਈ ਕਾਫੀ ਹੈ। ਇਸ ਘੋਲ ਦੀ ਵਰਤੋਂ ਹਰੇਕ ਫਸਲ ਅਤੇ ਬਾਗਾਂ ਨੂੰ ਰੋਗ ਮੁਕਤ ਰੱਖਣ ਲਈ ਕੀਤੀ ਜਾ ਸਕਦੀ ਹੈ। ਚੰਗੇ ਨਤੀਜੇ ਲੈਣ ਲਈ ਇਹ ਛਿੜਕਾਅ ਪੂਰੇ ਫਸਲ ਸੀਜਨ ਵਿੱਚ 2 ਵਾਰ ਕਰੋ।
ਸਾਵਧਾਨੀ: ਘੋਲ ਨੂੰ ਸਟੋਰ ਨਾ ਕਰੋ। ਘੋਲ ਬਣਾਉਂਦੇ ਸਮੇਂ ਮੂੰਹ ਨੂੰ ਕੱਪੜੇ ਨਾਲ ਢਕ ਕੇ ਰੱਖੋ।