ਮੈਜਿਕ ਕੰਪੋਸਟ
ਇਹ ਮਿਸ਼ਰਣ ਵੀ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ ਕਰਨ ਵਿੱਚ ਸਹਾਈ ਹੈ।
ਸਮੱਗਰੀ
ਗੋਬਰ 1 ਕਿੱਲੋ
ਗੋਮੂਤਰ 1 ਲਿਟਰ
ਨਿੰਮ੍ਹ, ਸੁਖਚੈਨ ਅਤੇ ਪਹਾੜੀ ਅੱਕ ਦੇ ਪੱਤੇ 1 ਕਿੱਲੋ
ਗੁੜ ½ ਕਿੱਲੋ
ਵਿਧੀ: ਨਿੰਮ੍ਹ, ਸੁਖਚੈਨ ਅਤੇ ਅੱਕ ਦੇ ਪੱਤਿਆਂ ਨੂੰ ਬਰੀਕ ਕੱਟ ਲਵੋ। ਉਪਰੰਤ ਸਾਰੀ ਸਮੱਗਰੀ ਨੂੰ ਇੱਕ ਬਰਤਨ ਵਿੱਚ ਚੰਗੀ ਤਰ੍ਹਾਂ ਘੋਲ ਕੇ ਮਿਸ਼ਰਣ ਨੂੰ ਕੱਪੜੇ ਨਾਲ ਢਕ ਕੇ ਇੱਕ ਹਫ਼ਤੇ ਲਈ ਛਾਂਵੇਂ ਰੱਖ ਦਿਉ। ਹਫਤੇ ਬਾਅਦ ਇਸ ਮਿਸ਼ਰਣ ਨੂੰ ਕੱਪੜੇ ਨਾਲ ਪੁਣ ਕੇ 100 ਲਿਟਰ ਪਾਣੀ ਵਿੱਚ ਮਿਲਾ ਕੇ ਫਸਲ 'ਤੇ ਛਿੜਕ ਦਿਉ। ਇਸ ਮਿਸ਼ਰਣ ਦੀ ਵਰਤੋਂ ਬੀਜ ਉਪਚਾਰ ਲਈ ਵੀ ਕੀਤੀ ਜਾ ਸਕਦੀ ਹੈ। ਸਿਉਂਕ ਤੋਂ ਛੁਟਕਾਰਾ ਪਾਉਣ ਲਈ ਮਿਸ਼ਰਣ ਵਿੱਚ ਅਰਿੰਡ ਜਾਂ ਸੀਤਾਫਲ ਦੇ ਪੱਤੇ ਮਿਲਾਉ।
ਕੇਲੇ ਦੇ ਬੰਚੀ ਟਾਪ ਵਾਇਰਸ ਦਾ ਇਲਾਜ: ਇੱਕ ਖਾਸ ਤਰ੍ਹਾਂ ਦੇ ਵਾਇਰਸ ਕਾਰਨ ਕੇਲੇ ਦੇ ਬੂਟਿਆਂ ਦੇ ਪੱਤਿਆਂ ਉੱਤੇ ਪੀਲੇ ਰੰਗ ਦੀਆਂ ਗੁੱਛੇਦਾਰ ਧਾਰੀਆਂ ਪੈ ਜਾਂਦੀਆਂ ਹਨ ਸਿੱਟੇ ਵਜੋਂ ਪੱਤੇ ਸਖਤ ਹੋ ਕੇ ਸਿੱਧੇ ਖੜੇ ਹੋ ਜਾਂਦੇ ਹਨ। ਕੇਲੇ ਵਿੱਚ ਇਸ ਰੋਗ ਨੂੰ ਬੰਚੀ ਟਾਪ ਰੋਗ ਕਿਹਾ ਜਾਂਦਾ ਹੈ । ਬੰਚੀ ਟਾਪ ਵਾਇਰਸ ਦੇ ਸ਼ਿਕਾਰ ਕੇਲੇ ਦੇ ਬੂਟਿਆਂ ਦੇ ਤਣੇ ਦੁਆਲੇ ਜ਼ਮੀਨ ਵਿੱਚ ਗੋਲ ਘੇਰਾ ਬਣਾ ਕੇ ਭੁੰਨੀ ਹੋਈ ਮੇਥੀ ਦੱਬ ਦਿਉ। ਬਹੁਤ ਲਾਭ ਹੋਵੇਗਾ।
ਪਾਥੀਆਂ ਦਾ ਪਾਣੀ (ਜਿਬਰੈਲਿਕ ਘੋਲ)
ਪਾਥੀਆਂ ਦਾ ਪਾਣੀ ਬਹੁਤ ਅਸਰਦਾਰ ਗ੍ਰੋਥ ਪ੍ਰੋਮੋਟਰ ਹੈ । ਪਾਥੀਆਂ ਦਾ ਪਾਣੀ ਛਿੜਕਣ ਉਪਰੰਤ ਫਸਲ ਬਹੁਤ ਤੇਜੀ ਨਾਲ ਵਿਕਾਸ ਕਰਦੀ ਹੈ। ਸਿੱਟੇ ਵਜੋਂ ਕਿਸਾਨਾਂ ਨੂੰ ਹਰੇਕ ਫਸਲ ਦਾ ਮਨਚਾਹਿਆ ਝਾੜ ਮਿਲਦਾ ਹੈ।
ਸਮਾਨ
ਇੱਕ ਸਾਲ ਪੁਰਾਣੀਆਂ ਪਾਥੀਆਂ 15 ਕਿੱਲੋ
ਸਾਦਾ ਪਾਣੀ 50 ਲਿਟਰ
ਵਿਧੀ: 15 ਕਿੱਲੋ ਪਾਥੀਆਂ ਨੂੰ 50 ਲਿਟਰ ਪਾਣੀ ਵਿੱਚ ਪਾ ਕੇ ਚਾਰ ਦਿਨਾਂ ਤੱਕ ਛਾਂ ਵਿੱਚ ਰੱਖੋ । ਪਾਥੀਆਂ ਦਾ ਪਾਣੀ ਵਰਤੋਂ ਲਈ ਤਿਆਰ ਹੈ। ਪ੍ਰਤੀ ਪੰਪ 2 ਲਿਟਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ। ਫਸਲ ਤੇਜੀ ਨਾਲ ਵਿਕਾਸ ਕਰੇਗੀ ਅਤੇ ਝਾੜ ਵਿੱਚ 10-20 ਫੀਸਦੀ ਦਾ ਵਾਧਾ ਹੋਵੇਗਾ।