ਇੰਦੌਰ ਪੱਧਤੀ ਦੀ ਜੈਵਿਕ ਖਾਦ
ਜੈਵਿਕ ਖਾਦ ਬਣਾਉਣ ਦਾ ਇਹ ਤਰੀਕਾ 1931 ਵਿੱਚ ਅਲਬਰਟ ਹਾਵਰਡ ਨੇ ਇੰਦੌਰ ਵਿੱਚ ਵਿਕਸਤ ਕੀਤਾ ਸੀ। ਇਸ ਲਈ ਇਹਨੂੰ ਇੰਦੌਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪੱਧਤੀ ਤਹਿਤ ਘਾਹ, ਰਾਖ, ਫਸਲੀ ਰਹਿੰਦ-ਖੂੰਹਦ, ਪੌਦਿਆਂ ਦੇ ਤਣੇ, ਟਹਿਣੀਆਂ, ਖਰਪਤਵਾਰ ਆਦਿ ਦੇ ਬਰੀਕ ਟੁਕੜੇ ਕਰਕੇ ਖਾਦ ਬਣਾਉਣ ਲਈ ਵਰਤੇ ਜਾਂਦੇ ਹਨ। ਇਹਦੇ ਨਾਲ ਹੀ ਜਾਨਵਰਾਂ ਦਾ ਗੋਹਾ-ਪਿਸ਼ਾਬ ਵੀ ਵਰਤਿਆ ਜਾਂਦਾ ਹੈ ।
ਇਸ ਪੱਧਤੀ ਤਹਿਤ ਸਭ ਤੋਂ ਪਹਿਲਾਂ 9 ਫੁੱਟ ਲੰਮਾ 5 ਫੁੱਟ ਚੌੜਾ ਅਤੇ 3 ਫੁੱਟ ਡੂੰਘਾ ਚੌਰਸ ਟੋਇਆ ਪੁੱਟਿਆ ਜਾਂਦਾ ਹੈ। ਇਸ ਟੋਏ ਨੂੰ 3-3 ਫੁੱਟ ਦੇ ਤਿੰਨ ਭਾਗਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਦੋ ਭਾਗਾਂ ਨੂੰ ਅਲਗ-ਅਲਗ ਭਰ ਦਿਉ ਅਤੇ ਤੀਜੇ ਭਾਗ ਨੂੰ ਖਾਲੀ ਰੱਖੋ । ਤੀਜਾ ਭਾਗ ਖਾਦ ਨੂੰ ਪਲਟਣ ਦੇ ਕੰਮ ਆਵੇਗਾ।
ਹੇਠ ਲਿਖੇ ਅਨੁਸਾਰ ਭਰਾਈ ਕਰੋ:
ਪਹਿਲੀ ਪਰਤ: ਕ੍ਰਮਵਾਰ ਤਿੰਨ ਇੰਚ ਮੋਟਾ ਕਚਰਾ, 4 ਇੰਚ ਸੁੱਕਾ ਕਚਰਾ, 3 ਇੰਚ ਹਰਾ ਕਚਰਾ
ਦੂਜੀ ਪਰਤ: ਗੋਬਰ 2 ਇੰਚ
ਤੀਜੀ ਪਰਤ: ਰਾਖ, ਪੁਰਾਣੀ ਖਾਦ ਅਤੇ ਮਿੱਟੀ ਦਾ ਮਿਸ਼ਰਣ 2 ਇੰਚ
ਇਸ ਪ੍ਰਕਾਰ ਇੱਕ ਥਰ ਬਣਦਾ ਹੈ। ਹਰੇਕ ਭਾਗ 'ਚ ਅਜਿਹੇ 4-5 ਥਰ ਬਣਦੇ ਹਨ। 2 ਥਰ ਬਣਨ ਉਪਰੰਤ ਟੋਏ ਵਿੱਚ ਦੋ-ਤਿੰਨ ਬਾਂਸ ਲਗਾ ਦਿੱਤੇ ਜਾਂਦੇ ਹਨ। ਤਾਂ ਕਿ ਟੋਏ ਵਿੱਚ ਹਵਾ ਕਾਫੀ ਮਾਤਰਾ ਵਿੱਚ ਪ੍ਰਵੇਸ਼ ਕਰ ਸਕੇ। ਜਦੋਂ ਟੋਇਆ ਜ਼ਮੀਨ ਤੋਂ 1 ਫੁੱਟ ਉੱਪਰ ਤੱਕ ਭਰ ਜਾਵੇ ਤਾਂ ਇਸਨੂੰ ਮਿੱਟੀ ਨਾਲ ਢਕ ਕੇ ਗੋਹੇ, ਰਾਖ ਅਤੇ ਗਿੱਲੀ ਮਿੱਟੀ ਨਾਲ ਲਿੱਪ ਦਿੱਤਾ ਜਾਂਦਾ ਹੈ। ਇਸ ਉੱਤੇ ਸੁਬਾ ਸ਼ਾਮ ਪਾਣੀ ਛਿੜਕਦੇ ਰਹੋ।
ਹੌਲੀ-ਹੌਲੀ ਇਹ ਢੇਰ ਦਬ ਕੇ ਜ਼ਮੀਨ ਦੀ ਸਤ੍ਹਾ ਦੇ ਬਰਾਬਰ ਆ ਜਾਵੇਗਾ। 15 ਦਿਨਾਂ ਬਾਅਦ ਟੋਏ ਦੇ ਖਾਲੀ ਛੱਡੇ ਹੋਏ ਤੀਜੇ ਭਾਗ ਵਿੱਚ ਦੂਜੇ ਭਾਗ ਦਾ ਕਚਰਾ ਇਸ ਤਰ੍ਹਾਂ ਪਲਟ ਦਿਉ ਕਿ ਹੇਠਲਾ ਉੱਤੇ ਅਤੇ ਉਤਲਾ ਕਚਰਾ ਹੇਠਾਂ ਚਲਾ ਜਾਏ। ਇਸੇ ਤਰ੍ਹਾਂ ਟੋਏ ਦੇ ਪਹਿਲੇ ਭਾਗ ਦਾ ਕਚਰਾ ਖਾਲੀ ਹੋਏ ਦੂਜੇ ਭਾਗ ਵਿੱਚ ਪਲਟ ਦਿਉ। ਫਿਰ ਦੋਹਾਂ ਭਾਗਾਂ ਦੇ ਕਚਰੇ 'ਤੇ ਚੰਗੀ ਤਰ੍ਹਾਂ ਪਾਣੀ ਮਿਲਾ ਕੇ ਗੋਹੇ, ਰਾਖ ਅਤੇ ਗਿੱਲੀ ਮਿੱਟੀ ਨਾਲ ਲਿਪ ਕੇ ਸੀਲ ਕਰ ਦਿਉ। ਹਰੇਕ ਦਸ ਦਿਨਾਂ ਬਾਅਦ ਦੋ ਜਾਂ ਤਿੰਨ ਵਾਰ ਇਹ ਕਿਰਿਆ ਦੁਹਰਾਉਣ ਨਾਲ' 60 ਤੋਂ 120 ਦਿਨਾਂ ਵਿੱਚ ਉਮਦਾ ਕਿਸਮ ਦੀ ਜੈਵਿਕ ਖਾਦ ਬਣ ਜਾਂਦੀ ਹੈ ।
ਨਾਡੇਪ ਕੰਪੋਸਟ
ਨਾਡੇਪ ਕੰਪੋਸਟ ਕਿਸਾਨਾਂ ਲਈ ਮਹਾਨ ਵਰਦਾਨ ਹੈ। ਇਸ ਵਿਧੀ ਨਾਲ ਬਹੁਤ ਘੱਟ ਗੋਹਾ ਵਰਤ ਕੇ ਬਹੁਤ ਹੀ ਵਧੀਆ ਕਿਸਮ ਦੀ ਜੈਵਿਕ ਖਾਦ ਬਣਾਈ ਜਾ ਸਕਦੀ ਹੈ। ਇਸ ਵਿਧੀ ਤਹਿਤ ਇੱਕ ਗਾਂ ਦੇ ਗੋਬਰ ਤੋਂ 80-100 ਟਨ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ। ਇਸ ਵਿਧੀ ਨਾਲ ਤਿਆਰ ਖਾਦ ਤੋਂ ਫਸਲ ਨੂੰ ਨਾਈਟਰੋਜ਼ਨ, ਸਲਫਰ ਅਤੇ ਪੋਟਾਸ਼ ਕਾਫੀ ਮਾਤਰਾ ਵਿਚ ਉਪਲਭਧ ਹੋ ਜਾਂਦੀ ਹੈ । ਨਾਡੇਪ ਕੰਪੋਸਟ ਦੀ ਖੋਜ ਮਹਾਂਰਾਸ਼ਟਰ ਦੇ ਯਵਤਮਾਲ ਦੇ ਕਿਸਾਨ ਸ੍ਰੀ ਨਾਰਾਇਣ ਪਾਂਡਰੀ ਪਾਂਡੇ ਦੁਆਰਾ ਕੀਤੀ ਗਈ ਹੈ। ਇਸੇ ਲਈ ਇਸ ਵਿਧੀ ਦਾ ਨਾਂ ਉਹਨਾਂ ਦੇ ਨਾਮ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਨਾਡੇਪ ਰੱਖਿਆ ਗਿਆ ਹੈ।