ਨਾਡੇਪ ਕੰਪੋਸਟ ਖਾਦ ਬਣਾਉਣ ਦੀ ਵਿਧੀ: ਨਾਡੇਪ ਕੰਪੋਸਟ ਬਣਾਉਣ ਲਈ ਹੇਠ ਲਿਖੇ ਅਨੁਸਾਰ ਅਭਿਆਸ ਕਰੋ:
ਨਾਡੇਪ ਕੰਪੋਸਟ ਹੌਦੀ: ਸਭ ਤੋਂ ਪਹਿਲਾਂ ਜ਼ਮੀਨ ਉੱਤੇ ਇੱਟਾਂ ਦੀ ਇੱਕ ਚੌਰਸ ਹੌਦੀ ਬਣਾਉ। ਹੌਦੀ ਦੀਆਂ ਕੰਧਾਂ ਦੀ ਚੌੜਾਈ 9 ਇੰਚ ਰੱਖੋ। ਹੌਦੀ ਦਾ ਅੰਦਰੂਨੀ ਨਾਪ ਇਸ ਤਰ੍ਹਾਂ ਰਹੇਗਾ:
ਲੰਬਾਈ 12 ਫੁੱਟ, ਚੌੜਾਈ 5 ਫੁੱਟ, ਉਚਾਈ 3 ਫੁੱਟ, (180 ਘਣ ਫੁੱਟ) ਸਾਰੀ ਹੌਦੀ ਗਾਰੇ ਨਾਲ ਬਣਾਉ ਸਿਰਫ ਆਖਰੀ ਰਦਾ ਹੀ ਸੀਮੇਂਟ ਨਾਲ ਲਾਉ। ਹੌਦੀ ਬਣਾਉਣ ਲਈ 420 ਇੱਟਾਂ ਲੱਗਦੀਆਂ ਹਨ। ਹੌਦੀ ਵਿੱਚ ਇੱਟਾਂ ਦੀ ਬਜਰੀ ਪਾ ਕੇ ਫਰਸ਼ ਲਾ ਦਿਉ ਹੌਦੀ ਦੀਆਂ ਚਾਰੇ ਕੰਧਾਂ ਵਿੱਚ 6-6 ਇੰਚ ਦੇ ਕੁੱਲ੍ਹ 84 ਸੁਰਾਖ ਰੱਖੋ ਤਾਂ ਕਿ ਹੌਦੀ ਵਿੱਚ ਲੋੜੀਂਦੀ ਹਵਾ ਜਾ ਸਕੇ। ਸੁਰਾਖ ਇਸ ਤਰ੍ਹਾਂ ਬਣਾਉ ਕਿ ਪਹਿਲੀ ਲਾਈਨ ਦੇ ਦੋ ਸੁਰਾਖਾਂ ਦੇ ਵਿਚਾਲੇ ਦੂਸਰੀ ਲਾਈਨ ਦੇ ਸੁਰਾਖ ਆਉਣ। ਸੁੱਕਣ ਉਪਰੰਤ ਹੌਦੀ ਦੀਆਂ ਕੰਧਾਂ ਨੂੰ ਅੰਦਰਲੇ ਪਾਸਿਓਂ ਗੋਬਰ ਅਤੇ ਮਿੱਟੀ ਦੇ ਘੋਲ ਨਾਲ ਲਿਪ ਦਿਉ। ਬਰਸਾਤ ਅਤੇ ਗਰਮੀ ਤੋਂ ਬਚਾਉਣ ਲਈ ਹੌਦੀ ਉੱਤੇ ਛੱਪਰ ਪਾ ਦਿਉ। ਇੱਕ ਵਾਰੀ ਨਾਡੇਪ ਭਰਨ ਲਈ 5 ਡਰੰਮ ਪਾਣੀ, ਇੱਕ ਟੋਕਰਾ ਗੋਬਰ, ਇੱਕ ਟੋਕਰਾ ਰਾਖ ਅਤੇ ਦਸ ਟੋਕਰੇ ਫਸਲੀ ਰਹਿੰਦ-ਖੂੰਹਦ ਅਤੇ ਲਗਪਗ ਇੰਨੀ ਹੀ ਮਿੱਟੀ ਦੀ ਲੋੜ ਪੈਂਦੀ ਹੈ। ਨਾਡੇਪ ਭਰਨ ਦੀ ਕ੍ਰਮਵਾਰ ਪ੍ਰਕਿਰਿਆ ਹੇਠ ਲਿਖੇ ਅਨੁਸਾਰ ਹੈ:
ਲੋੜੀਂਦੀ ਸਮੱਗਰੀ ਇਕੱਠੀ ਕਰਨ ਉਪਰੰਤ ਹੇਠਾਂ ਦੱਸੇ ਅਨੁਸਾਰ ਹੌਦੀ ਭਰੋ। ਧਿਆਨ ਰਹੇ ਹੌਦੀ ਇੱਕ ਹੀ ਦਿਨ ਵਿੱਚ ਭਰਨੀ ਹੈ। ਨਹੀਂ ਤਾਂ ਖਾਦ ਬਣਨ ਦੀ ਪ੍ਰਕਿਰਿਆ ਵਿੱਚ ਰੁਕਾਵਟ ਆਵੇਗੀ।
ਪਹਿਲੀ ਭਰਾਈ
ਸਭ ਤੋਂ ਪਹਿਲਾਂ ਹੌਦੀ ਦੇ ਫਰਸ਼ ਅਤੇ ਕੰਧਾਂ ਉੱਤੇ ਗੋਬਰ ਦਾ ਘੋਲ ਛਿੜਕ ਕੇ ਹੌਦੀ ਨੂੰ ਚੰਗੀ ਤਰ੍ਹਾਂ ਗਿੱਲੀ ਕਰ ਲਉ।
ਪਹਿਲੀ ਤਹਿ: ਹੌਦੀ ਦੇ ਤਲੇ 'ਤੇ ਵਨਸਪਤਿਕ ਪਦਾਰਥ ਦੀ ਤਿੰਨ ਇੰਚ ਮੋਟੀ ਤਹਿ ਵਿਛਾ ਦਿਉ। ਇਸ ਵਿੱਚ ਲਗਪਗ 1 ਕਵਿੰਟਲ ਫਸਲੀ ਰਹਿੰਦ-ਖੂੰਹਦ, ਫਲਾਂ ਅਤੇ ਸਬਜ਼ੀਆਂ ਦੇ ਛਿਲਕੇ ਖਪ ਜਾਣਗੇ। 1 ਕਵਿੰਟਲ ਵਨਸਪਤਿਕ ਪਦਾਰਥ ਵਿੱਚ ਨਿੰਮ ਜਾਂ ਪਲਾਸ਼ ਦੇ 4 ਕਿੱਲੋ ਪੱਤੇ ਮਿਲਾ ਕੇ ਪਹਿਲੀ ਤਹਿ ਵਿਛਾਉ।