ਭੂਮੀ ਵਿੱਚ ਜੀਵਾਣੂਆਂ ਰਾਹੀਂ ਹਵਾ ਚੋਂ ਨਾਈਟਰੋਜਨ ਜਮ੍ਹਾਂ ਕਰਨ ਦੀ ਕਿਰਿਆ ਵਿੱਚ ਤੇਜੀ ਲਿਆਉਣਾ: ਜਿਆਦਾਤਰ ਦੋ ਦਲੀਆਂ ਫਸਲਾਂ ਆਪਣੀ ਲੋੜ ਦੀ 80 ਫੀਸਦੀ ਨਾਈਟਰੋਜਨ ਵਾਯੂਮੰਡਲ ਵਿੱਚੋਂ ਖੁਦ-ਬ-ਖੁਦ ਪੂਰੀ ਕਰ ਲੈਂਦੀਆਂ ਹਨ । ਪਰੰਤੂ ਇੱਕ ਦਲੀਆਂ ਫਸਲਾਂ ਅਜਿਹਾ ਨਹੀਂ ਕਰ ਸਕਦੀਆਂ। ਇਸ ਸਥਿਤੀ ਵਿੱਚ ਅਸੀਂ ਰਾਈਜੋਬੀਅਮ ਅਤੇ ਅਜੈਟੋਬੈਕਟਰ ਕਲਚਰ ਨਾਲ ਬੀਜ ਉਪਚਾਰ ਕਰਕੇ ਭੂਮੀ ਵਿੱਚ ਨਾਈਟਰੋਜਨ ਜਮ੍ਹਾਂ ਕਰਨ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰ ਸਕਦੇ ਹਾਂ। ਨਿਮਨ ਸਾਰਣੀ ਵਿੱਚ ਕੁੱਝ ਜੈਵਿਕ ਕਲਚਰਾਂ ਦੇ ਨਾਮ ਅਤੇ ਵੱਖ ਵੱਖ ਫਸਲਾਂ ਦੇ ਬੀਜ ਉਪਚਾਰ ਲਈ ਉਹਨਾਂ ਦੀ ਪ੍ਰਯੋਗ ਵਿਧੀ ਅਤੇ ਮਾਤਰਾ ਦੱਸੀ ਗਈ ਹੈ।
ਬੀਜ ਉਪਚਾਰ ਦੀ ਵਿਧੀ
ਅੱਧਾ ਲਿਟਰ ਪਾਣੀ ਵਿੱਚ 200 ਗ੍ਰਾਮ ਜੀਵਾਣੂ ਕਲਚਰ ਦਾ ਘੋਲ ਬਣਾ ਕੇ 10-15 ਕਿੱਲੋ ਬੀਜਾਂ ਉੱਤੇ ਹੌਲੀ-ਹੌਲੀ ਛਿੜਕਦੇ ਹੋਏ ਬੀਜਾਂ ਨੂੰ ਉਦੋਂ ਤੱਕ ਪੋਲਾ-ਪੋਲਾ ਮਲਦੇ ਜਾਉ ਜਦੋਂ ਤੱਕ ਇੱਕ-ਇੱਕ ਦਾਣਾ ਗਿੱਲਾ ਨਾ ਹੋ ਜਾਵੇ। ਘੋਲ ਵਿੱਖ ਚੌਲਾਂ ਦੀ ਪਿੱਛ ਜ਼ਰੂਰ ਮਿਲਾਉ ਤਾਂ ਕਿ ਜੀਵਾਣੂ ਕਲਚਰ ਬੀਜਾਂ ਉੱਤੇ ਚੰਗੀ ਤਰ੍ਹਾਂ ਚਿਪਕ ਜਾਵੇ। ਉਪਚਾਰ ਕੀਤੇ ਹੋਏ ਬੀਜਾਂ ਨੂੰ ਸਾਫ ਫਰਸ਼ ਜਾਂ ਤ੍ਰਿਪਾਲ ਤੇ ਵਿਛਾ ਕੇ ਛਾਵੇਂ ਸੁਕਾਉਣ ਉਪਰੰਤ ਬਿਜਾਈ ਕਰ ਦਿਉ।
ਜੜ ਉਪਚਾਰ ਵਿਧੀ
20-25 ਲਿਟਰ ਪਾਣੀ ਵਿੱਚ 4 ਕਿੱਲੋ ਜੀਵਾਣੂ ਕਲਚਰ ਦੇ ਘੋਲ ਵਿੱਚ ਪਨੀਰੀ ਤੋਂ ਖੇਤ ਵਿੱਚ ਲਾਉਣ ਵਾਲੀਆਂ ਫਸਲਾਂ ਦੀਆਂ ਜੜ੍ਹਾਂ ਨੂੰ ਅੱਧੇ ਘੰਟੇ ਤੱਕ ਡੁਬੋ ਕੇ ਰੱਖਣ ਉਪਰੰਤ ਤੁਰੰਤ ਬਿਜਾਈ ਕਰ ਦਿਉ।
ਭੂਮੀ ਉਪਚਾਰ ਵਿਧੀ
5 ਕਿੱਲੋ ਜੀਵਾਣੂ ਕਲਚਰ ਨੂੰ 50 ਕਿੱਲੋ ਮਿੱਟੀ ਅਤੇ 50 ਕਿੱਲੋ ਕੰਪੋਸਟ ਖਾਦ ਦੇ ਮਿਸ਼ਰਣ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਬਿਜਾਈ ਦੇ ਸਮੇਂ ਇੱਕ ਹੈਕਟੇਅਰ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਛਿੱਟਾ ਦਿਉ।
ਰਾਈਜੋਬੀਅਮ ਕਲਚਰ ਦੇ ਲਾਭ:
- ਰਾਈਜੋਬੀਅਮ ਦਾ ਟੀਕਾ ਲੱਗੀ ਫਸਲ ਆਮ ਫਸਲ ਦੇ ਮੁਕਾਬਲੇ 25-30 ਫੀਸਦੀ ਜਿਆਦਾ ਝਾੜ ਦਿੰਦੀ ਹੈ ।
- ਇਹਦੇ ਪ੍ਰਯੋਗ ਨਾਲ ਭੂਮੀ ਵਿੱਚ ਔਸਤਨ 40 ਤੋਂ 80 ਕਿੱਲੋ ਤੱਕ ਨਾਈਟਰੋਜਨ ਭੂਮੀ ਵਿੱਚ ਜਮ੍ਹਾਂ ਹੋ ਜਾਂਦੀ ਹੈ।
- ਨਾਈਟਰੋਜਨ ਦੇ ਨਾਲ-ਨਾਲ ਪੌਦਿਆਂ ਨੂੰ ਵਿਸ਼ੇਸ਼ ਹਾਰਮੋਨ ਇੰਡੋਲ ਐਸੀਟਿਕ ਐਸਿਡ ਅਤੇ ਵਿਟਾਮਿਨ ਵੀ ਮਿਲਦੇ ਹਨ।
ਅਜੈਟੋਬੈਕਟਰ ਦੇ ਲਾਭ:
- ਅਜੈਟੋਬੈਕਟਰ ਦਾ ਟੀਕਾ ਲੱਗੀਆਂ ਫਸਲਾਂ ਵਿੱਚ 10 ਤੋਂ 20 ਫੀਸਦੀ ਤੱਕ ਝਾੜ ਵਧ ਜਾਂਦਾ ਹੈ ।
- ਅਜੈਟੋਬੈਕਟਰ ਸਦਕੇ ਫਸਲ ਨੂੰ ਵਾਯੂਮੰਡਲ ਵਿੱਚ 10-15 ਕਿੱਲੋ ਤੱਕ ਨਾਈਟਰੋਜਨ ਮਿਲਦੀ ਹੈ।
- ਇਹਦੇ ਨਾਲ ਹੀ ਇਹ ਫਸਲ ਨੂੰ ਕੁੱਝ ਵਿਸ਼ੇਸ਼ ਹਾਰਮੋਨ ਅਤੇ ਵਿਟਾਮਿਨ ਵੀ ਪ੍ਰਦਾਨ ਕਰਦਾ ਹੈ।
ਇਹ ਸਾਰੇ ਜੀਵਾਣੂ ਕਲਚਰ ਬਜ਼ਾਰ ਵਿੱਚ ਮਿਲ ਜਾਂਦੇ ਹਨ। ਕਿਸੇ ਭਰੋਸੇਯੋਗ ਅਦਾਰੇ ਤੋਂ ਖਰੀਦੇ ਹੋਏ ਆਈ.ਏ.ਐਸ. ਮਾਰਕਾ ਜੀਵਾਣੂ ਕਲਚਰ ਹੀ ਇਸਤਮਾਲ ਕਰੋ। ਕਟੇ-ਫਟੇ ਅਤੇ ਮੁਨਿਆਦ ਲੰਘੀ ਵਾਲੇ ਕਲਚਰ ਨਾ ਖਰੀਦੋ। ਜੀਵਾਣੂ ਕਲਚਰਾਂ ਨੂੰ ਧੁੱਪ, ਗਰਮੀ ਅਤੇ ਧੂੜ ਤੋਂ ਬਚਾ ਕੇ ਛਾਂਦਾਰ ਠੰਡੀ ਥਾਂ 'ਤੇ ਹੀ ਰੱਖੋ। ਜੀਵਾਣੂ ਖਾਦ ਨੂੰ ਕਦੇ ਵੀ ਰਸਾਇਣਕ ਖਾਦਾਂ ਜਾਂ ਕੀੜੇਮਾਰ ਜ਼ਹਿਰਾਂ 'ਚ ਮਿਲਾ ਕੇ ਨਾ ਵਰਤੋਂ।