ਇੱਛਾਬਲ ਦਾ ਨਾਦ
ਇਛਾਬਲ ਜਦ ਨਾਦ ਤਿਰਾ ਆ
ਪਹਿਲਾ ਕੰਨੀਂ ਪੈਂਦਾ,
ਭਰ ਸਰੂਰ ਸਿਰ ਵਿਚ ਇਕ ਜਾਂਦਾ
ਝੂਮ ਇਲਾਹੀ ਲੈਂਦਾ,-
ਹੀਰੇ ਵਰਗੀ ਚਮਕ ਨੀਰ ਦੀ
ਅੱਖਾਂ ਨੂੰ ਮਸਤਾਂਦੀ;
ਬੇਖ਼ੁਦੀਆਂ ਦਾ ਝੂਟਾ ਆਵੇ
ਚੜਿਆ ਹੁਲਾਰਾ ਰਹਿੰਦਾ। ੨੪.
ਚਸ਼ਮਾ ਇੱਛਾਬਲ ਤੇ ਡੂੰਘੀਆਂ ਸ਼ਾਮਾਂ
ਪ੍ਰਸ਼ਨ- ਸੰਤ ਹੋਈ ਪਰਛਾਵੇਂ ਛੁਪ ਗਏ
ਕਿਉਂ ਇੱਛਾਬਲ ਤੂੰ ਜਾਰੀ ?
ਨੈਂ ਸਰੋਦ ਕਰ ਰਹੀ ਹੀ
ਉਵੇਂ ਤੇ ਟੁਰਨੇਂ ਵੀ ਨਹਿ ਹਾਰੀ
ਸੈਲਾਨੀ ਤੇ ਪੰਛੀ ਮਾਲੀ
ਹਨ ਸਭ ਅਰਾਮ ਵਿਚ ਆਏ,
ਸਹਿਮ ਸ੍ਵਾਦਲਾ ਛਾ ਰਿਹਾ ਸਾਰੇ
ਤੇ ਕੁਦਰਤ ਟਿਕ ਗਈ ਸਾਰੀ।