Back ArrowLogo
Info
Profile

ਬਿਨਫ਼ਸ਼ਾ ਦਾ ਫੁੱਲ*

ਬਿਨਫਸ਼ਾ ਦੇ ਡਾਢੇ ਖੁਸਬੂਦਾਰ ਫੁੱਲ ਪਹਾੜਾਂ ਵਿਚ ਐਸੇ (ਖ਼ੁਦ-ਰ) ਤੇ ਮੈਦਾਨੀ ਪੰਜਾਬ ਵਿਖੇ ਬਾਗਾਂ ਵਿਚ ਲਗਾਏ ਹੋਏ ਸਿਆਲੇ ਵਿਚ ਖਿੜਦੇ ਹਨ। ਪਹਾੜਾਂ ਵਿਚ ਏਹ ਨਜਰ ਨਾਂ ਖਿੱਚਣ ਵਾਲੇ ਢੰਗ ਉੱਗਦੇ ਵਧਦੇ ਹਨ, ਫਿਰ ਬੀ ਲੋਕੀ ਜਾ ਤੋੜਦੇ ਨੂੰ ਹਨ, ਇਸ ਦੇ ਟੁੱਟਣ ਸਮੇਂ ਦੇ ਦਿਲ-ਤਰੰਗ ਇਨ੍ਹਾਂ ਸਤਰਾਂ ਵਿਚ ਹਨ :-

ਮਿਰੀ ਛਿਪੀ ਰਹੇ ਗੁਲਜ਼ਾਰ, ਮੈਂ ਨੀਵਾਂ ਉੱਗਿਆ;

ਕੁਈ ਲਗੇ ਨ ਨਜ਼ਰ ਟਪਾਰ, ਮੈਂ ਪਰਬਤ ਲੁੱਕਿਆ।

ਮੈਂ ਲਿਆ ਅਕਾਸ਼ੋਂ ਰੰਗ, ਜੁ ਸ਼ੋਖ ਨ ਵੰਨ ਦਾ;

ਹਾਂ, ਧੁਰੋਂ ਗਰੀਬੀ ਮੰਗ, ਮੈਂ ਆਯਾ ਜਗਤ ਤੇ।

ਮੈਂ ਪੀਆਂ ਅਰਸ਼ ਦੀ ਤ੍ਰੇਲ, ਪਲਾਂ ਮੈਂ ਕਿਰਨ ਖਾ;

ਮੇਰੀ ਨਾਲ ਚਾਂਦਨੀ ਖੇਲ, ਰਾਤਿ ਰਲ ਖੇਲੀਏ।

ਮੈਂ ਮਸਤ ਆਪਣੇ ਹਾਲ, ਮਗਨ ਗੰਧਿ ਆਪਣੀ;

ਹਾਂ, ਦਿਨ ਨੂੰ ਭੋਰੇ ਨਾਲ ਭਿ ਮਿਲਣੈ ਸੰਗਦਾ।

ਆ ਸ਼ੇਖੀ ਕਰਕੇ ਪਉਣ, ਜਦੋਂ ਗਲ ਲੱਗਦੀ

ਮੈਂ ਨਾਂਹਿ ਹਿਲਾਵਾਂ ਧਉਣ, 'ਵਾਜ ਨਾ ਕੱਢਦਾ।

ਹੋ, ਫਿਰ ਬੀ ਟੁੱਟਾਂ, ਹਾਇ! ਵਿਛੋੜਨ ਵਾਲਿਓ!

ਮਿਰੀ ਭਿੰਨੀ ਇਹ ਖੁਸ਼ਬੋਇ ਕਿਵੇਂ ਨਾਂ ਛਿੱਪਦੀ।

ਮਿਟੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ:

ਹਾ, ਪੂਰੀ ਹੁੰਦੀ ਨਾਂਹ, ਮੈਂ ਤਰਲੇ ਲੈ ਰਿਹਾ।     ੩੦.

–––––––––––––––

• Volet.

24 / 137
Previous
Next