ਛੁਹਾਰਾ
ਮੂੰਹ ਅੱਡੀ ਅਰਸ਼ਾਂ ਵਲ ਤਕੀਏ
(ਇਕ) ਬੂੰਦ ਨ ਕੋਈ ਪਾਵੇ,
ਜਦੋਂ ਅਸਾਂ ਵਿਚ ਆ ਗਿਆ ਕੋਈ
ਆ ਉਹ ਛਹਿਬਰ ਲਾਵੇ,-
ਤਦੋਂ ਅਸੀਂ ਹੋ ਦਾਤੇ ਵਸੀਏ
ਠੰਢ ਸੁਹਾਵਾਂ ਵਾਲੇ, -
ਕਿਧਰੋਂ, ਕੌਣ, ਕਦੋਂ, ਦਸ ਸਖੀਏ!
ਕਿਤ ਗੁਣ ਉਹ ਕੋਈ ਆਵੇ? ੩੮.
ਆਪੇ ਵਿਚ ਆਪਾ
ਅੰਮੀਂ ਨੀ ਕਲਵਲ ਹੋ ਉਠੀਆਂ
ਮੈਂ ਡਿੱਠਾ ਇਕ ਸੁਪਨਾ ਸੀ,-
ਮੇਰੀ ਮੈਂ ਵਿਚ ਹੋਰ ਕੋਈ ਨੀ
ਦਿਸਨਾ ਸੀ ਪਰ ਛੁਪਨਾ ਸੀ।
ਮੈਂਹਦਾ ਤੇ ਝਰਨਾਟ ਛੇੜਦਾ
ਚਸਕ ਮਾਰ ਠੰਢ ਪਾਵੇ ਓ,-
ਦੱਸ ਕੌਣ ਉਹ, ਕਦੋਂ ਵੜ ਗਿਆ,
ਕਿਉਂ ਦਿਸਨਾ, ਕਿਉਂ ਲੁਕਨਾ ਸੀ? ੩੯.