

ਚੰਦ ਭਰਿਆ ਪ੍ਯਾਰ ਨਾਲ
ਤੱਕੇ ਵੱਲ ਚਾਂਦਨੀ ਦੇ
ਤੱਕਦਾ ਏ ਸਾਰਾ, ਸਹੀਓ!
ਅੱਖ ਹੀ ਜੇ ਹੋ ਰਿਹਾ।
ਚਾਨਣ ਚੰਦ ਦੇਂਵਦਾ ਜੇ
ਚਾਨਣ ਏ ਆਪ ਸਾਰਾ
ਚਾਨਣੀ ਦੇ ਚਾਨਣੇ ਨੂੰ
ਵੇਖ ਰੀਝ ਜੇ ਰਿਹਾ।
ਚਾਨਣੇ ਦੇ ਰੂਪ ਪ੍ਯਾਰ
ਭੇਜਦਾ ਏ ਚਾਂਦਨੀ ਨੂੰ
ਲਗਾਤਾਰ ਪ੍ਯਾਰ-ਮੀਂਹ
ਚੰਦ ਹੇਠ ਦੇ ਰਿਹਾ।
ਚਾਂਦਨੀ ਨ ਲੋਭਦੀ ਹੈ
ਹੇਠਾਂ ਕਿਸੇ ਪ੍ਯਾਰ ਹੋਰ
ਧ੍ਯਾਨ ਚੰਦ ਵਿਚ ਖਿੱਚ
ਉਤਾਹਾਂ ਮਨ ਲੈ ਰਿਹਾ।
ਖੱਡਾਂ ਨਦੀ ਨਾਲਿਆਂ ਤੇ
ਖੇਤਾਂ ਬਨਾਂ ਜੰਗਲਾਂ ਤੇ
ਸ਼ਹਿਰਾਂ ਪਿੰਡਾਂ ਸਭਨਾਂ ਤੇ
ਚਾਂਦਨੀ ਹੈ ਪੈ ਰਹੀ।